Skip to content
Independent perspectives. Global stories.
BREAKING

ਧਰਮ-ਨਿਰਪੱਖਤਾ ਨੂੰ ਨਵੇਂ ਪ੍ਰਸੰਗ ਵਿਚ ਵੇਖਣ ਦੀ ਲੋੜ

Share this story

ਗੁਰਬਚਨ ਸਿੰਘ
ਸੰਪਰਕ : 98156-98451
ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਵੱਲੋਂ ਧਰਮ-ਨਿਰਪੱਖਤਾ ਦੇ ਪ੍ਰਚਾਰੇ ਜਾਂਦੇ ਸੰਕਲਪ ਨੂੰ ਜਾਅਲੀ ਕਰਾਰ ਦਿੰਦਿਆਂ ਇਸ ਨੂੰ ਨਵੇਂ ਸਿਰਿਓਂ ਘੋਖਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਹੁਣ ਪ੍ਰਧਾਨ ਮੰਤਰੀ ਬਣੇ ਸ੍ਰੀ ਨਰਿੰਦਰ ਮੋਦੀ ਨੇ ਚੋਣਾਂ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਆਪਣੇ ਧਰਮ-ਨਿਰਪੱਖਤਾ ਦੇ ਸੰਕਲਪ ਨੂੰ ਸਪੱਸ਼ਟ ਕਰਦਿਆਂ ਕਿਹਾ ਸੀ ਕਿ ਮੈਂ ਆਪਣੇ ਧਰਮ ਨੂੰ ਮੰਨਦਿਆਂ ਹੋਇਆਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ। ਇਸਲਾਮ ਬਾਰੇ ਹੋ ਰਹੀ ਇਕ ਟੀ. ਵੀ. ਬਹਿਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਲਝਣ ਉਦੋਂ ਖੜ੍ਹੀ ਹੁੰਦੀ ਹੈ, ਜਦੋਂ ਇਹ ਮੰਨ ਲਿਆ ਜਾਏ ਕਿ ‘ਮੇਰਾ ਧਰਮ…. ਤੁਹਾਡੇ ਨਾਲੋਂ ਉੱਤਮ ਹੈ ਅਤੇ ਜਿੰਨਾ ਚਿਰ ਤੁਸੀਂ ਇਸ ‘ਮੈਂ‘ ਤੱਕ ਸੀਮਤ ਰਹੋਗੇ, ਤੁਸੀਂ ਇਸ ਉਲਝਣ ਤੋਂ ਮੁਕਤ ਨਹੀਂ ਹੋ ਸਕੋਗੇ।‘
ਪ੍ਰਧਾਨ ਮੰਤਰੀ ਦਾ ਇਹ ਕਥਨ ਸਾਰੇ ਧਰਮਾਂ ਨੂੰ ਨਵੇਂ ਪ੍ਰਸੰਗ ਵਿਚ ਵੇਖਣ ਅਤੇ ਧਰਮ-ਨਿਰਪੱਖਤਾ ਦੇ ਪੱਛਮੀ ਸੰਕਲਪ ਨੂੰ ਮੁੜ ਤੋਂ ਘੋਖਣ ਲਈ ਇਕ ਗੰਭੀਰ ਸੰਵਾਦ ਦਾ ਆਧਾਰ ਬਣਦਾ ਹੈ। ਹੁਣ ਤੱਕ ਅਸੀਂ ਧਰਮ-ਨਿਰਪੱਖਤਾ ਦੇ ਸੰਕਲਪ ਨੂੰ ਪੱਛਮੀ ਗਿਆਨ ਦੀ ਵਿਆਖਿਆ ਦ ਪ੍ਰਸੰਗ ਵਿਚ ਹੀ ਵੇਖਦੇ ਆ ਰਹੇ ਹਾਂ। ਪੂਰਬੀ ਚਿੰਤਨ ਨੇ ਧਰਮ-ਨਿਰਪੱਖਤਾ ਦੇ ਪੱਛਮੀ ਸੰਕਲਪ ਨੂੰ ਨਾਂਹਪੱਖੀ ਕਰਾਰ ਦਿੱਤਾ ਹੈ। ਪੂਰਬੀ ਚਿੰਤਨ ਅਨੁਸਾਰ ਧਰਮ-ਨਿਰਪੱਖਤਾ ਦਾ ਪੱਛਮੀ ਸੰਕਲਪ ਸਾਰੇ ਧਰਮਾਂ ਦੀ ਹੋਂਦ ਨੂੰ ਰੱਦ ਕਰਦਾ ਹੈ, ਜਦੋਂ ਕਿ ਧਰਮ-ਨਿਰਪੱਖਤਾ ਦਾ ਪੂਰਬੀ ਸੰਕਲਪ ਆਪਣੇ ਧਰਮ ਨੂੰ ਮੰਨਦਿਆਂ ਹੋਇਆਂ, ਦੂਜੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਗੱਲ ਕਰਦਾ ਹੈ।

ਪੱਛਮੀ ਧਰਮ-ਨਿਰਪੱਖਤਾ ਦਾ ਸੰਕਲਪ ਉਂਜ ਵੀ ਬੜਾ ਉਲਝਣ ਭਰਿਆ ਹੈ। ਇਸੇ ਕਰਕੇ ਧਰਮ-ਨਿਰਪੱਖਤਾ ਦੇ ਪੱਛਮੀ ਸੰਕਲਪ ਨੂੰ ਕਾਰਲ ਮਾਰਕਸ ਨੇ ਮੁੱਢੋਂ ਹੀ ਰੱਦ ਕੀਤਾ ਹੈ। ਮਾਰਕਸ ਦਾ ਮੰਨਣਾ ਹੈ ਕਿ ਧਰਮ-ਨਿਰਪੱਖਤਾ ਦਾ ਇਹ ਸੰਕਲਪ ਧਰਮਾਂ ਬਾਰੇ ਬਣੀ ਸਮਝ ਨੂੰ ਉਲਝਾਉਂਦਾ ਹੈ। ਆਪਣੇ ਸਮਕਾਲੀ ਫਿਲਾਸਫਰ ਫਿਊਰਬਾਖ ਬਾਰੇ ਮਾਰਕਸ ਦੀ ਟਿੱਪਣੀ ਹੈ, ‘ਫਿਊਰਬਾਖ ਧਾਰਮਿਕ ਸਵੈ-ਪਰਾਏਪਣ ਦੇ ਸੱਚ, ਇਕ ਕਾਲਪਨਿਕ ਧਾਰਮਿਕ ਸੰਸਾਰ ਅਤੇ ਇਕ ਧਰਮ-ਨਿਰਪੱਖ ਸੰਸਾਰ, ਦੀ ਦੋਹਰੀ ਵੰਡ ਤੋਂ ਸ਼ੁਰੂ ਕਰਦਾ ਹੈ। ਉਸ ਦਾ ਕੰਮ ਧਾਰਮਿਕ ਸੰਸਾਰ ਨੂੰ ਧਰਮ-ਨਿਰਪੱਖ ਸੰਸਾਰ ਵਿਚ ਬਦਲਣਾ ਹੈ। ਉਹ ਇਹ ਸੱਚ ਉੱਕਾ ਹੀ ਅਣਗੌਲਿਆ ਕਰ ਜਾਂਦਾ ਹੈ ਕਿ ਇਹ ਕੰਮ ਪੂਰਾ ਕਰਨ ਤੋਂ ਬਾਅਦ ਵੀ (ਕੁਦਰਤ ਤੇ ਮਨੁੱਖ ਦੇ ਸਿੱਧੇ ਅਨੁਭਵੀ ਰਿਸ਼ਤੇ ਨੂੰ ਸਪੱਸ਼ਟ ਕਰਨ ਵਾਲਾ) ਮੁੱਖ ਕੰਮ ਰਹਿ ਜਾਏਗਾ। ਕਿਉਂਕਿ ਧਰਮ-ਨਿਰਪੱਖ ਸੰਸਾਰ ਆਪਣੇ-ਆਪ ਵਿਚ ਹੀ ਸਾਰੇ ਧਰਮਾਂ ਤੋਂ ਉੱਚਾ ਉੱਠ ਕੇ ਆਪਣੇ-ਆਪ ਨੂੰ ਇਕ ਆਜ਼ਾਦ ਹਸਤੀ ਵਜੋਂ ਸਥਾਪਤ ਕਰ ਲਏਗਾ, ਜਿਸ ਦੀ ਸਿਰਫ ਧਰਮ-ਨਿਰਪੱਖ ਸੰਸਾਰ ਦੇ ਅੰਦਰੂਨੀ ਵਿਰੋਧਾਂ ਅਤੇ ਗੁੰਝਲਦਾਰ ਵਿਰੋਧਤਾਈਆਂ ਦੇ ਆਧਾਰ ‘ਤੇ ਹੀ ਵਿਆਖਿਆ ਕੀਤੀ ਜਾ ਸਕੇਗੀ। ਧਰਮ-ਨਿਰਪੱਖਤਾ ਨੂੰ ਨਿਸਚਿਤ ਤੌਰ ‘ਤੇ ਆਪਣੀਆਂ ਵਿਰੋਧਤਾਈਆਂ ਵਿਚੋਂ ਹੀ ਸਮਝਿਆ ਜਾ ਸਕੇਗਾ ਤੇ ਫਿਰ ਇਨ੍ਹਾਂ ਵਿਰੋਧਤਾਈਆਂ ਨੂੰ ਦੂਰ ਕਰਕੇ ਹੀ ਧਰਮ ਦਾ ਇਨਕਲਾਬੀਕਰਨ ਹੋ ਸਕੇਗਾ।
ਇਸੇ ਕਰਕੇ ਮਾਰਕਸ ਨੇ ਕਿਹਾ ਹੈ, ‘ਅਸੀਂ ਇਹ ਜ਼ੋਰ ਨਹੀਂ ਦਿੰਦੇ ਕਿ ਸ਼ਹਿਰੀ ਸੱਭਿਅਕ ਲੋਕ ਆਪਣੀ ਧਰਮ-ਨਿਰਪੱਖਤਾ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਛੁਟਕਾਰਾ ਪਾਉਣ ਵਾਸਤੇ ਆਪਣੀ ਧਾਰਮਿਕ ਤੰਗਨਜ਼ਰੀ ਦੂਰ ਕਰਨ, ਅਸੀਂ ਜ਼ੋਰ ਦਿੰਦੇ ਹਾਂ ਕਿ ਇਕ ਵਾਰ ਜੇ ਉਹ ਆਪਣੀ ਧਰਮ-ਨਿਰਪੱਖਤਾ ਤੋਂ ਛੁਟਕਾਰਾ ਪਾ ਲੈਣਗੇ, ਤਾਂ ਉਹ ਆਪਣੀ ਧਾਰਮਿਕ ਤੰਗਨਜ਼ਰੀ ਦੂਰ ਕਰ ਲੈਣਗੇ।‘
ਪੱਛਮੀ ਧਰਮ-ਨਿਰਪੱਖਤਾ ਦੀ ਇਹੀ ਤੰਗਨਜ਼ਰੀ ਹੈ, ਜਿਹੜੀ ਸਾਰੇ ਧਰਮਾਂ ਨੂੰ ਛੁਟਿਆਉਂਦੀ ਹੈ ਅਤੇ ਉਨ੍ਹਾਂ ਦੀ ਸਮੁੱਚੀ ਹੋਂਦ ਨੂੰ ਨਕਾਰਦੀ ਹੋਈ, ਆਪਣੇ-ਆਪ ਨੂੰ ਸਾਰੇ ਧਰਮਾਂ ਤੋਂ ਉੱਪਰ ਸਥਾਪਿਤ ਕਰ ਲੈਂਦੀ ਹੈ। ਇਹੀ ਵਜ੍ਹਾ ਹੈ ਕਿ ਧਰਮ-ਨਿਰਪੱਖਤਾ ਦਾ ਪੱਛਮੀ ਸੰਕਲਪ ਸਾਰੇ ਧਰਮਾਂ ਦੀ ਹੋਂਦ ਨੂੰ ਨਕਾਰ ਦਿੰਦਾ ਹੈ। ਧਰਮ ਕੋਈ ਅਮੂਰਤ ਸੋਚ ਨਹੀਂ, ਸਗੋਂ ਇਕ ਸਮਾਜੀ ਵਰਤਾਰਾ ਹੈ ਅਤੇ ਸਾਰੇ ਸਮਾਜ ਕਿਸੇ ਨਾ ਕਿਸੇ ਧਰਮ ਦੀ ਹੋਂਦ ਨੂੰ ਮੰਨਦੇ ਹਨ। ਹਰ ਧਰਮ ਦੇ ਤਿੰਨ ਪੱਖ ਹੁੰਦੇ ਹਨ। ਕੁਦਰਤ ਨਾਲ ਮਨੁੱਖ ਦਾ ਰਿਸ਼ਤਾ ਧਰਮ ਦਾ ਇਕ ਪੱਖ ਹੈ, ਧਰਮ ਵਿਚਲਾ ਮਨੁੱਖੀ ਸਦਾਚਾਰ ਇਸ ਦਾ ਦੂਜਾ ਪੱਖ ਹੈ ਅਤੇ ਤੀਜਾ ਪੱਖ ਧਰਮ ਨਾਲ ਸਬੰਧਤ ਕੀਤਾ ਜਾਣ ਵਾਲਾ ਭੇਖ ਤੇ ਕਰਮਕਾਂਡ ਹੈ। ਧਰਮਾਂ ਦੀ ਸਮੁੱਚੀ ਹੋਂਦ ਨੂੰ ਨਕਾਰਨ ਨਾਲ ਧਰਮਾਂ ਵਿਚਲੇ ਕਰਮਕਾਂਡ ਅਤੇ ਭੇਖ ਦੇ ਨਾਲ-ਨਾਲ ਧਰਮਾਂ ਵਿਚਲੀ ਸਾਰੀ ਕੁਦਰਤੀ ਫਿਲਾਸਫੀ ਅਤੇ ਸਦਾਚਾਰ ਵੀ ਨਕਾਰਿਆ ਜਾਂਦਾ ਹੈ।
ਹੁਣ ਤੱਕ ਸਾਰੇ ਹੀ ਸਾਮੀ ਧਰਮ ਅਤੇ ਬ੍ਰਾਹਮਣਵਾਦੀ ਮਤਿ ਇਸ ਧਾਰਨਾ ਦੇ ਪੈਰੋਕਾਰ ਚਲੇ ਆ ਰਹੇ ਹਨ ਕਿ ਇਸ ਸ੍ਰਿਸ਼ਟੀ ਦੀ ਸਿਰਜਣਾ ਕਿਸੇ ਕਲਪਿਤ ਰੱਬ ਨੇ ਕੀਤੀ ਹੈ। ਇਹ ਮੰਨਿਆ ਜਾਂਦਾ ਰਿਹਾ ਹੈ ਅਤੇ ਹੁਣ ਤੱਕ ਵੀ ਮੰਨਿਆ ਜਾ ਰਿਹਾ ਹੈ ਕਿ ਇਸੇ ‘ਰੱਬ‘ ਨੇ ਮਨੁੱਖ ਜਾਤੀ ਬਣਾਈ ਹੈ, ਇਸੇ ‘ਰੱਬ‘ ਨੇ ਨਰਕ-ਸਵਰਗ, ਦੇਵੀ-ਦੇਵਤੇ, ਪਾਪ-ਪੁੰਨ ਅਤੇ ਧਰਮਰਾਜ-ਯਮਦੂਤਾਂ ਆਦਿ ਦੀ ਬਣਤ ਬਣਾਈ ਹੈ। ਪਰ ਗੁਰਮਤਿ ਨੇ ਇਸ ਧਾਰਨਾ ਦਾ ਸਪੱਸ਼ਟ ਖੰਡਨ ਕੀਤਾ ਹੈ ਅਤੇ ਇਹ ਬੁਲੰਦ ਐਲਾਨ ਕੀਤਾ ਹੈ : ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥1॥ ਰਹਾਉ॥ ਭਾਵ ਇਹ ਜੋ ਦੁਨੀਆ, ਸੰਸਾਰ ਜਾਂ ਸ੍ਰਿਸ਼ਟੀ, ਜਿਸ ਵਿਚ ਅਸੀਂ ਰਹਿ ਰਹੇ ਹਾਂ, ਇਕ ਅਚਰਜ ਮੇਲਾ ਜਾਂ ਅਜ਼ਬ ਤਮਾਸ਼ਾ ਹੈ ਪਰ ਇਹ ਕਿਸੇ ਦੇ ਹੱਥਾਂ ਦੀ ਬਣਾਈ ਹੋਈ ਨਹੀਂ। ਭਾਵ ਇਹ ਸ੍ਰਿਸ਼ਟੀ ਕਿਸੇ ਕਲਪਿਤ ‘ਰੱਬ‘ ਦੀ ਰਚਨਾ (3ਗਕ?ਵਜਰਅ) ਨਹੀਂ, ਸਗੋਂ ਅੰਤਹੀਣ ਆਦਿਕਾਲ ਤੋਂ ਇਵੇਂ ਹੀ ਤੁਰੀ ਆ ਰਹੀ ਹੈ। ਇਸ ਲਈ ਸਾਰੇ ਹੀ ਧਰਮਾਂ ਨੂੰ ਇਕੋ ਪੈਮਾਨੇ ਨਾਲ ਰੱਦ ਕਰ ਦੇਣਾ ਠੀਕ ਨਹੀਂ, ਸਗੋਂ ਤਰਕਹੀਣ ਹੈ। ਇਸ ਰੌਸ਼ਨੀ ਵਿਚ ਧਰਮ-ਨਿਰਪੱਖਤਾ ਦੇ ਪੱਛਮੀ ਸੰਕਲਪ ਨੂੰ ਮੁੜ ਤੋਂ ਘੋਖੇ ਜਾਣ ਦਾ ਸੱਦਾ ਦੇਣਾ ਕਿਸੇ ਵੀ ਤਰ੍ਹਾਂ ਗ਼ਲਤ ਨਹੀਂ ਕਿਹਾ ਜਾ ਸਕਦਾ, ਸਗੋਂ ਸਾਰੇ ਧਰਮਾਂ ਬਾਰੇ ਸਹੀ ਸਮਝ ਬਣਾਉਣ ਵਾਸਤੇ ਇਹ ਇਕ ਚੰਗੀ ਸ਼ੁਰੂਆਤ ਹੋ ਸਕਦੀ ਹੈ।

WRITTEN BY