ਨਾਮਜ਼ਦਗੀਆਂ 26 ਜੁਲਾਈ ਤੋਂ, ਵੋਟਾਂ ਦੀ ਗਿਣਤੀ 25 ਅਗਸਤ ਨੂੰ
ਨਵੀਂ ਦਿੱਲੀ, 19 ਜੁਲਾਈ (ਪੀ. ਟੀ. ਲਾਇਵ)- ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਮੇਤ ਬਿਹਾਰ ਕਰਨਾਟਕ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾਵਾਂ ਦੀਆਂ ਖਾਲੀ ਸੀਟਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਜਿਸ ਮੁਤਾਬਿਕ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ 26 ਜੁਲਾਈ ਤੋਂ ਸ਼ੁਰੂ ਹੋਣਗੀਆਂ ਅਤੇ 21 ਅਗਸਤ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 25 ਅਗਸਤ ਨੂੰ ਹੋਵੇਗੀ। ਪੰਜਾਬ ਦੇ 2 ਵਿਧਾਨ ਸਭਾ ਹਲਕਿਆਂ ਪਟਿਆਲਾ ਅਤੇ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਹੋਣੀ ਹੈ। ਚੋਣ ਕਮਿਸ਼ਨ ਦੇ ਇਸ ਅਚਾਨਕ ਐਲਾਨ ਨਾਲ ਵੋਟਾਂ ਦਾ ਬਿਗੁਲ ਬਜ ਗਿਆ ਹੈ। ਪਟਿਆਲਾ ਦੀ ਸੀਟ ਕੈਪਟਨ ਅਮਰਿੰਦਰ ਸਿੰਘ ਦੇ ਮੈਂਬਰ ਪਾਰਲੀਮੈਂਟ ਬਣ ਜਾਣ ਨਾਲ ਖਾਲੀ ਹੋਈ ਸੀ ਜਦੋਂ ਕਿ ਤਲਵੰਡੀ ਸਾਬੋ ਦੇ ਕਾਂਗਰਸੀ ਵਿਧਾਇਕ
ਮਹਿੰਦਰਜੀਤ ਸਿੰਘ ਨੇ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ। ਇਹ ਦੋਵੇਂ ਸੀਟਾਂ ਹੀ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਲਈ ਵਕਾਰ ਦਾ ਸਵਾਲ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਵੀ ਦੋਵੇਂ ਸੀਟਾਂ ਲੜਨ ਦੀ ਤਿਆਰੀ ਕਰ ਰਹੀ ਹੈ।ਚੋਣ ਕਮਿਸ਼ਨ ਦੇ ਐਲਾਨ ਮੁਤਾਬਿਕ ਬਿਹਾਰ ਵਿਧਾਨ ਸਭਾ ਦੇ 10 ਹਲਕਿਆਂ ਨਰਕਟੀਆ ਗੰਜ, ਰਾਜ ਨਗਰ, ਜਾਲੇ, ਛਪਰਾ, ਹਾਜੀਪੁਰ, ਮੋਹੀਉਦੀਨ ਨਗਰ, ਪ੍ਰਬਤਾ, ਭਾਗਲਪੁਰ, ਬੰਕਾ, ਮੁਹੈਨਾ ਸ਼ਾਮਲ ਹਨ। ਕਰਨਾਟਕਾ ਦੇ ਤਿੰਨ ਹਲਕੇ ਚਿਕੋਦੀ ਸਦਾਲਗਾ, ਬਲੇਰੀ ਅਤੇ ਸਿਕੰਦਰਪੁਰਾ, ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਵਿਜ਼ੈ ਰਾਘਵਗੜ੍ਹ, ਬਹੋਰੀਬੰਦ ਅਤੇ ਆਗਰਾ ਦੇਹਲਕੇ ਸ਼ਾਮਲ ਹਨ।ਐਲਾਨੇ ਗਏ ਚੋਣ ਪ੍ਰੋਗਰਾਮ ਮੁਤਾਬਿਕ ਨਾਮਜ਼ਦਗੀਆਂ 26 ਜੁਲਾਈ ਤੋਂ 2 ਅਗਸਤ ਤੱਕ ਹੋਣਗੀਆਂ। 4 ਅਗਸਤ ਨੂੰ ਕਾਗਜ਼ਾਂ ਦੀ ਪੜ੍ਹਤਾਲ ਹੋਵੇਗੀ। 6 ਅਗਸਤ ਤੱਕ ਉਮੀਦਵਾਰ ਕਾਗਜ਼ ਵਾਪਸ ਲੈ ਸਕਣਗੇ। 30 ਅਗਸਤ ਤੱਕ ਸਮੁੱਚਾ ਚੋਣ ਅਮਲ ਮੁਕੰਮਲ ਹੋ ਜਾਵੇਗਾ। ਇਨ੍ਹਾਂ ਵੋਟਾਂ ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਚੋਣ ਜ਼ਿਲ੍ਹਿਆਂ ’ਚ ਫੌਰੀ ਤੌਰ ’ਤੇ ਮੁਕੰਮਲ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ।



