Skip to content
Independent perspectives. Global stories.
BREAKING

ਕੋਰ ਕਮੇਟੀ ਦੀ ਮੀਟਿੰਗ ਵਿੱਚ 27 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਵਿਸ਼ਵ ਸਿੱਖ ਕਾਨਫਰੰਸ ਸੱਦਣ ਦਾ ਫੈਸਲਾ

Share this story

ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਲਾਉਣ ਦੀ ਤਿਆਰੀ
Page-3_03  ਪਰਨੀਤ ਬਰਾੜ ਕਾਰਜਕਾਰੀ ਸੰਪਾਦਕ  ਜਲੰਧਰ/ਚੰਡੀਗੜ੍ਹ, 19 ਜੁਲਾਈ  ਸ਼੍ਰੋਮਣੀ ਅਕਾਲੀ ਦਲ ਦੀ ਅੱਜ ਕੋਰ ਕਮੇਟੀ ਦੀ ਮੀਟਿੰਗ ਵਿੱਚ 27 ਜੁਲਾਈ ਨੂੰ ਸਵੇਰੇ 10 ਵਜੇ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿੱਚ ਮੰਜੀ ਹਾਲ ਵਿਖੇ ਵਿਸ਼ਾਲ ਪੰਥਕ ਇਕੱਤਰਤਾ ਸੱਦਣ ਦਾ ਫੈਸਲਾ ਲਿਆ ਗਿਆ। ਇਸ ਇਕੱਤਰਤਾ ਵਿੱਚ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਇਸ਼ਾਰੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ 1925, ਸਿੱਖਾਂ ਦੇ ਧਾਰਮਿਕ ਅਸਥਾਨਾਂ ਅਤੇ ਸਿੱਖ ਕੌਮ ਉਪਰ ਕੀਤੇ ਹਮਲੇ ਦਾ ਟਾਕਰਾ ਕਰਨ ਲਈ ਪ੍ਰੋਗਰਾਮ ਐਲਾਨਿਆ ਜਾਵੇਗਾ।ਇਸ ਬਾਰੇ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਸਵੇਰੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ

ਪਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ’ਤੇ ਕੋਰ ਕਮੇਟੀ ਦੀ ਲੰਮਾ ਸਮਾਂ ਚੱਲੀ ਮੀਟਿੰਗ ਦੌਰਾਨ ਲਿਆ ਗਿਆ। ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਈ ਅਤੇ ਲਗਪਗ ਪੰਜ ਘੰਟੇ ਚੱਲੀ।
ਮੀਟਿੰਗ ਬਾਰੇ ਵਿਸਥਾਰ ਵਿੱਚ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਹਰਚਰਨ ਸਿੰਘ ਬੈਂਸ ਨੇ ਆਖਿਆ ਕਿ ਸਿੱਖ ਕੌਮ ਅਤੇ ਇਸ ਦੀਆਂ ਪਵਿੱਤਰ ਸੰਸਥਾਵਾਂ ’ਤੇ ਕੀਤੇ ਜਾ ਰਹੇ ਹਮਲੇ ਨੂੰ ਹਰਗਿਜ਼ ਸਹਿਣ ਨਹੀਂ ਕੀਤਾ ਜਾਵੇਗਾ। ਪਾਰਟੀ ਨੇ ਭਾਰਤ ਸਰਕਾਰ ਵੱਲੋਂ ਹੁਣ ਤੱਕ ਇਸ ਸਬੰਧ ਵਿੱਚ ਚੁੱਕੇ ਕਦਮਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਕੋਰ ਕਮੇਟੀ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਹਰਿਆਣਾ ਸਰਕਾਰ ਦੇ ਇਸ ਐਕਟ ਨੂੰ ਗੈਰ-ਸੰਵਿਧਾਨਕ ਐਲਾਨਣ ਬਾਰੇ ਚੁੱਕੇ ਕਦਮਾਂ ’ਤੇ ਅੱਗੇ ਬਣਦੀ ਕਾਰਵਾਈ ਕੀਤੀ ਜਾਵੇ ਕਿਉਂ ਜੋ ਹਰਿਆਣਾ ਸਰਕਾਰ ਦਾ ਇਹ ਕਦਮ ਭਾਰਤੀ ਸੰਵਿਧਾਨ ਦੀ ਸਰਾਸਰ ਉਲੰਘਣਾ ਹੈ।
ਸ. ਬੈਂਸ ਨੇ ਦੱਸਿਆ ਕਿ ਪਾਰਟੀ ਦੇ ਅਹੁਦੇਦਾਰਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਦੇਸ਼ ਭਰ ਤੋਂ ਨੁਮਾਇੰਦਿਆਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਪਾਰਟੀ ਦੇ ਹੈੱਡਕੁਆਰਟਰ ’ਤੇ 22 ਜੁਲਾਈ ਨੂੰ ਸ਼ਾਮ ਚਾਰ ਵਜੇ ਹੋਵੇਗੀ।
ਸ. ਬੈਂਸ ਨੇ ਆਖਿਆ ਕਿ ਕੋਰ ਕਮੇਟੀ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਪੰਥ ਵਿੱਚ ਵੰਡੀਆਂ ਪਾਉਣ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨ ਦੀਆਂ ਕੀਤੀਆਂ ਲਈ ਤਾੜਨਾ ਕੀਤੀ ਹੈ। ਹਰਿਆਣਾ ਦੀ ਸਿੱਖ ਵਿਰੋਧੀ ਕਾਂਗਰਸੀ ਸਰਕਾਰ ਵੱਲੋਂ ਪੰਥ ਦੇ ਵਾਲੀ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਦੇ ਸਾਜੇ ਨਿਵਾਜੇ ਪਿਆਰੇ ਤੇ ਨਿਆਰੇ ਪੰਥ ਨੂੰ ਖੇਰੂੰ-ਖੇਰੂੰ ਕਰਨ ਲਈ ਪੰਥਕ ਸਫ਼ਾਂ ਅੰਦਰ ਫੁੱਟ ਪਾਉਣ ਦੀਆਂ ਸ਼ਾਜਸ਼ਾਂ ਦਾ ਵੀ ਗੰਭੀਰ ਨੋਟਿਸ ਲਿਆ ਗਿਆ। ਹਰਿਆਣਾ ਦਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਇਹ ਭੁੱਲ ਬੈਠੇ ਹਨ ਕਿ ਹਰਿਆਣੇ ਦੇ ਹੀ ਨਹੀਂ ਬਲਕਿ ਸਮੁੱਚੇ ਵਿਸ਼ਵ ਭਰ ਦੇ ਸਿੱਖਾਂ ਦੀਆਂ ਰਗਾਂ ਵਿੱਚ ਇੱਕ ਹੀ ਪਿਤਾ ਦਾ ਖੂਨ ਹੈ। ਉਹ ਇਹ ਭੁੱਲ ਬੈਠੇ ਹਨ ਕਿ ਮੌਜੂਦਾ ਹਰਿਆਣਾ ਵਾਲੇ ਖਿੱਤੇ ਵਿੱਚ ਰਹਿੰਦੇ ਸਿੱਖ ਅਤੇ ਉਨ੍ਹਾਂ ਦੇ ਵੱਡੇ ਵਡੇਰਿਆਂ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਇਮ ਕਰਨ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਹਰਿਆਣਾ ਵਿੱਚ ਰਹਿੰਦੇ ਸਿੱਖ ਉਸ ਦੀ ਸਰਕਾਰ ਨੂੰ ਨਹੀਂ ਬਲਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਨੋ ਮਨੋ ਸਮਰਪਤ ਹਨ। 
ਕੋਰ ਕਮੇਟੀ ਨੇ  ਹੈਰਾਨੀ ਜ਼ਾਹਰ ਕੀਤੀ ਕਿ ਹਰਿਆਣਾ ਸਰਕਾਰ ਨੇ ਇੱਕ ਗੈਰ ਸੰਵਿਧਾਨਕ ਕਾਨੂੰਨ ਬਣਾ ਕੇ ਸਿੱਖ ਗੁਰਧਾਮਾਂ ਨੂੰ ਆਪਣੀ ਸਰਕਾਰੀ ਸੰਪਤੀ ਕਰਾਰ ਦੇ ਦਿੱਤਾ ਹੈ ਅਤੇ ਸ਼ਰਧਾਲੂਆਂ ਵਲੋਂ ਗੁਰੂ ਘਰ ਚੜ੍ਹਾਈ ਜਾਂਦੀ ਮਾਇਆ ਨੂੰ ਵੀ ਸਰਕਾਰੀ ਖਜ਼ਾਨਾ ਬਣਾ ਲਿਆ ਹੈ। ਹਰਿਆਣਾ ਸਰਕਾਰ ਵੱਲੋਂ ਪਵਿੱਤਰ ਸਿੱਖ ਅਸਥਾਨਾਂ ਦੀ ਸੇਵਾ-ਸੰਭਾਲ ਲਈ ਜਿਨ੍ਹਾਂ ਨੂੰ ਪ੍ਰਬੰਧ ਸੌਂਪਣ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ, ਅਸਲ ਵਿੱਚ ਉਹ ਹਰਿਆਣਾ ਸਰਕਾਰ ਦੇ ਮਸੰਦ ਹਨ। ਇਹ ਮਸੰਦ ਹੁਣ ਸਰਕਾਰ ਦੇ ਮੁਲਾਜ਼ਮ ਬਣ ਜਾਣਗੇ ਜੋ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਲਿਆ ਕਰਨਗੇ। ਕੋਰ ਕਮੇਟੀ ਨੇ ਆਖਿਆ ਕਿ ਇਹ ਮਸਲਾ ਹਰਿਆਣਾ ਸਰਕਾਰ ਨਾਲ ਸਬੰਧਤ ਨਹੀਂ  ਸਗੋਂ ਖਾਲਸਾ ਪੰਥ ਨਾਲ ਜੁੜਿਆ ਹੋਇਆ  ਹੈ।  ਸੰਵਿਧਾਨਕ ਤੌਰ ’ਤੇ ਵੀ ਇਹ ਹਰਿਆਣਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।

WRITTEN BY