ਮੁੰਬਈ, 20 ਜੁਲਾਈ (ਵਿਸ਼ਵ ਵਾਰਤਾ)-ਦੇਸ਼ ਦੀ ਵਪਾਰਿਕ ਰਾਜਧਾਨੀ ਮੁੰਬਈ ਵਿਖੇ ਇਕ ਫਲੈਟ ਦੀ ਵਿਕਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਾਲਾਂਕਿ ਪ੍ਰਾਪਰਟੀ ਮਾਰਕੀਟ ਵਿਚ ਫਿਲਹਾਲ ਮੰਦਾ ਚੱਲ ਰਿਹਾ ਹੈ, ਪਰ ਇਸ ਦੇ ਬਾਵਜੂਦ ਮੁੰਬਈ ਦੇ ਵਰਲੀ ਖੇਤਰ ਵਿਚ ਸਮੁੰਦਰ ਮਹਿਲ ਬਿਲਡਿੰਗ ਵਿਚ ਦਸਵੀਂ ਮੰਜ਼ਿਲ ‘ਤੇ ਸਥਿਤ ਇਕ ਫਲੈਟ 21 ਕਰੋੜ ਦਾ ਵਿਕਿਆ। ਇਸ ਫਲੈਟ ਦੀ ਖਾਸੀਅਤ ਇਹ ਹੈ ਕਿ ਇਹ ਸਮੁੰਦਰ ਦੇ ਸਾਹਮਣੇ ਬਣਿਆ ਹੋਇਆ ਹੈ ਦੇਸ਼ ਵਿਚ ਕਿਸੇ ਵੀ ਫਲੈਟ ਲਈ ਅਦਾ ਕੀਤੀ ਗਈ ਇਹ ਰਕਮ ਸਭ ਤੋਂ ਜ਼ਿਆਦਾ ਹੈ। ਕੱਚ ਦੇ ਭਾਂਡੇ ਬਣਾਉਣ ਵਾਲੇ ਮਸ਼ਹੂਰ ਬੋਰੋਸਿਲ ਕੰਪਨੀ ਨੇ 1706 ਸਕੁਐਰ ਫੁੱਟ ਦਾ ਤਿੰਨ ਕਮਰਿਆਂ ਵਾਲਾ ਇਹ ਫਲੈਟ ਦੁਨੀਆ ਬਹਿਰੋਜ਼ ਜਾਵਾਰੇ ਪੂਨਾਵਾਲਾ ਤੋਂ 21 ਕਰੋੜ ਰੁਪਏ ਵਿਚ ਖਰੀਦਿਆ ਹੈ, ਜੋ ਦੁਨੀਆ ਦੇ ਸਭ ਤੋਂ ਵੱਡੇ ਦਵਾਈ ਨਿਰਮਾਤਾ ਸਾਇਰਸ ਪੂਨਾਵਾਲਾ ਦੀ ਰਿਸ਼ਤੇਦਾਰ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ ਵਿਚ ਜਿੰਦਲ ਡਰੱਗਸ ਨੇ ਮੁੰਬਈ ਦੇ ਨੇਪੀਅਨ ਸੀ ਰੋਡ ‘ਤੇ ਸਥਿਤ ਇਕ ਫਲੈਟ 1.2 ਲੱਖ ਪ੍ਰਤੀ ਸਕੇਅਰ ਫੁੱਟ ਦੀ ਦਰ ਨਾਲ ਖਰੀਦਿਆ ਸੀ। ਹਾਲਾਂਕਿ ਇਹ ਰਿਕਾਰਡ ਹੁਣ ਟੁੱਟ ਗਿਆ ਹੈ। ਫਲੈਟ 310 ਦਾ ਕਾਰਪੇਟ (ਫਰਸ਼ ਖੇਤਰ) 1706 ਸਕੇਅਰ ਫੁੱਟ ਹੈ ਅਤੇ ਇਹ ਕੁਲ ਦੋ ਹਜ਼ਾਰ 625 ਸਕੇਅਰ ਫੁੱਟ ‘ਤੇ ਬਣਿਆ ਹੋਇਆ ਹੈ। ਤਿੰਨ ਕਮਰਿਆਂ ਤੋਂ ਇਲਾਵਾਂ ਇਸ ਵਿਚ ਨੌਕਰਾਂ ਲਈ ਕਮਰੇ ਵੀ ਬਣੇ ਹੋਏ ਹਨ। ਸਮੁੰਦਰ ਮਹਿਲ ਵਿਚ ਉਦਯੋਗ ਜਗਤ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਤੋਂ ਇਲਾਵਾ ਰਾਜ ਪਰਿਵਾਰ ਦੇ ਲੋਕ ਵੀ ਇਥੇ ਰਹਿੰਦੇ ਹਨ।
ਮੰਦੀ ਦੇ ਬਾਵਜੂਦ 21 ਕਰੋੜ ਵਿੱਚ ਵਿਕਿਆ ਫਲੈਟ



