June 19, 2026 9:41 pm

ਨਿਊਜ਼ੀਲੈਂਡ ਚ ਪੜ੍ਹਨ ਗਏ ਪਿੰਡ ਕਪੂਰੇ ਪੱਟੀ ਦਿਆਲਾ ਦੇ 25 ਸਾਲਾ ਅੰਮ੍ਰਿਤਧਾਰੀ ਨੌਜਵਾਨ ਦੀ ਅਚਨਚੇਤ ਮੌਤ

Page-1_16 ਔਕਲੈਂਡ-6 ਜੁਲਾਈ (ਪੀ.ਟੀ.)- ਬੜੀ ਖੁਸ਼ੀ-ਖੁਸ਼ੀ ਪੰਜਾਬ ਦੀ ਧਰਤੀ ਤੋਂ ਆਪਣੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਨਮ ਅੱਖਾਂ ਨਾਲ ਛੱਡ ਆਉਣ ਵਾਲੇ ਪ੍ਰਦੇਸੀਆਂ ਨੂੰ ਕਦੀ ਵੀ ਇਹ ਨਹੀਂ ਪਤਾ ਹੁੰਦਾ ਕਿ ਇਹ ਉਨ੍ਹਾਂ ਦੀ ਆਖਰੀ ਮਿਲਣੀ ਸਾਬਿਤ ਹੋ ਸਕਦੀ ਹੈ। ਅੱਜ ਵੀ ਨਿਊਜ਼ੀਲੈਂਡ ਦੇ ਸ਼ਹਿਰ ਟੀ ਪੁੱਕੀ ਵਿਖੇ ਇਕ ਅਜਿਹੀ ਹੀ ਘਟਨਾ ਘਟੀ, ਜਦੋਂ ਇਕ 25 ਸਾਲਾ ਅੰਮ੍ਰਿਤਧਾਰੀ ਨੌਜਵਾਨ ਨਰਿੰਦਰ ਸਿੰਘ ਨਿੱਜਰ ਪਿੰਡ ਕਪੂਰੇ ਪੱਟੀ ਦਿਆਲਾ (ਮੋਗਾ) ਸਵੇਰੇ ਉਠ ਬ੍ਰਸ਼ ਕਰਦਿਆਂ ਇਸ ਦੁਨੀਆ ਤੋਂ ਸਦਾ ਲਈ ਤੁਰ ਗਿਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਨੂੰ ਜਬਰਦਸਤ ਦਿਲ ਦਾ ਦੌਰਾ ਪਿਆ ਹੋਵੇਗਾ ਜਿਹੜਾ ਕਿ ਉਸਦੀ ਮੌਤ ਦਾ ਕਾਰਨ ਬਣ ਗਿਆ। ਇਹ ਲੜਕਾ ਇਸੇ ਸਾਲ 20 ਜਨਵਰੀ ਨੂੰ ਇਥੇ ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ ਔਕਲੈਂਡ ਸ਼ਹਿਰ ਦੇ ਵਿਚ ਲੈਵਲ 7 ਦੀ ਪੜ੍ਹਾਈ ਕਰਨ ਆਇਆ ਹੋਇਆ ਸੀ ਅਤੇ ‘ਹੈਲਥ ਸਰਵਿਸਜ਼

ਮੈਨੇਜਮੈਂਟ‘ ਦਾ ਕੋਰਸ ਕਰ ਰਿਹਾ ਸੀ। ਛੁੱਟੀਆਂ ਹੋਣ ਕਰਕੇ ਇਹ ਮੁੰਡਾ ਔਕਲੈਂਡ ਤੋਂ 230 ਕਿਲੋਮੀਟਰ ਦੂਰ ਕੰਮ ਦੇ ਸਬੰਧ ਵਿਚ ਗਿਆ ਹੋਇਆ ਸੀ। ਪਹਿਲਾਂ ਜਦੋਂ ਇਹ ਇਥੇ ਆਇਆ ਸੀ ਤਾਂ ਇਹ ਸਿਰ ਤੋਂ ਮੋਨਾ ਹੁੰਦਾ ਸੀ, ਪਰ ਇਥੇ ਆ ਕੇ ਮਿਲੀ ਚੰਗੀ ਸਿੱਖ ਸੰਗਤ ਸਦਕਾ ਉਹ ਹੁਣ ਅੰਮ੍ਰਿਤਧਾਰੀ ਸਿੰਘ ਸਜ ਗਿਆ ਸੀ ਅਤੇ ਹਮੇਸ਼ਾਂ ਅਖੰਠ ਕੀਰਤਨੀ ਪ੍ਰੋਗਰਾਮ ਵਿਚ ਭਾਗ ਲੈਂਦਾ ਸੀ। ਇਸ ਨੌਜਵਾਨ ਦੇ ਮਿੱਤਰਾਂ-ਦੋਸਤਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

Send this to a friend