December 10, 2023 3:14 am

ਨਸ਼ੀਲੇ ਪਦਾਰਥ ਬਰਾਮਦ ਹੋਣ ‘ਤੇ ਕੇਂਦਰੀ ਜੇਲ੍ਹ ‘ਚ ਤਾਇਨਾਤ ਪੈਸਕੋ ਕਰਮਚਾਰੀ ਸਮੇਤ ਪੰਜ ਨਾਮਜ਼ਦ

ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚੋ 40 ਗ੍ਰਾਮ ਅਫ਼ੀਮ, 8 ਪੂੜੀਆਂ ਤੰਬਾਕੂ ਤੇ 205 ਪਾਬੰਦੀ ਸ਼ੂਦਾ ਗੋਲੀਆਂ ਬਰਾਮਦ ਹੋਣ ਤੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋ ਇਕ ਪੈਸਕੋ ਕਰਮਚਾਰੀ ਸਮੇਤ ਪੰਜ ਨੂੰ ਨਾਮਜ਼ਦ

ਅਸ਼ਵਨੀ, ਗੁਰਦਾਸਪੁਰ : ਕੇਂਦਰੀ ਜੇਲ੍ਹ ਗੁਰਦਾਸਪੁਰ ਵਿਚੋ 40 ਗ੍ਰਾਮ ਅਫ਼ੀਮ, 8 ਪੂੜੀਆਂ ਤੰਬਾਕੂ ਤੇ 205 ਪਾਬੰਦੀ ਸ਼ੂਦਾ ਗੋਲੀਆਂ ਬਰਾਮਦ ਹੋਣ ਤੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋ ਇਕ ਪੈਸਕੋ ਕਰਮਚਾਰੀ ਸਮੇਤ ਪੰਜ ਨੂੰ ਨਾਮਜ਼ਦ ਕਰਕੇ ਪੈਸਕੋ ਕਰਮਚਾਰੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਤਫਤੀਸ਼ੀ ਅਫਸਰ ਸਹਾਇਕ ਸਬ ਇੰਸਪੈਕਟਰ ਬਨਾਰਸੀ ਦਾਸ ਨੇ ਦੱਸਿਆ ਕਿ ਤੇਜਿੰਦਰ ਸਿੰਘ ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਪੱਤਰ ਰਾਹੀ ਲਿਖਿਆ ਕਿ ਬੀਤੇ ਦਿਨ ਕਰੀਬ 6 ਵਜੇ ਸ਼ਾਮ ਡਿਊਟੀ ਤੋਂ ਜਾਣ ਵਾਲੀ ਗਾਰਦ ਵਿੱਚ ਤਾਇਨਾਤ ਪੈਸਕੋ ਕਰਮਚਾਰੀ ਸੁਖਵਿੰਦਰ ਸਿੰਘ ਵਾਸੀ ਪਿੰਡ ਭੁੰਬਲੀ ਦੀ ਡਿਊਟੀ ਉੱਤੇ ਤਾਇਨਾਤ ਕਰਮਚਾਰੀ ਵਲੋ ਤਲਾਸ਼ੀ ਕੀਤੀ ਗਈ ਤਾਂ 25 ਗ੍ਰਾਮ ਅਫ਼ੀਮ, ਪੰਜ ਪਾਬੰਦੀ ਸ਼ੂਦਾ ਗੋਲੀਆਂ ਬਰਾਮਦ ਹੋਈਆਂ। ਪੁੱਛ-ਗਿੱਛ ਦੌਰਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਮਾਨ ਦੀਪਕ ਸ਼ਰਮਾ ਅਤੇ ਸਾਬੀ ਮਸੀਹ ਨੇ ਮੰਗਵਾਇਆ ਹੈ ਜੋ ਜਤਿੰਦਰ ਸਿੰਘ ਅਤੇ ਬਖ਼ਸ਼ੀਸ਼ ਸਿੰਘ ਨੂੰ ਦੇਣਾ ਸੀ ਜ਼ੈਲ ਸਟਾਫ ਵਲੋ ਸੁਖਵਿੰਦਰ ਸਿੰਘ ਦੀ ਅਲਮਾਰੀ ਵਿੱਚ ਪਈ 15 ਗ੍ਰਾਮ ਅਫ਼ੀਮ, 8 ਪੂੜੀਆਂ ਤੰਬਾਕੂ ਅਤੇ 200 ਪਾਬੰਦੀ ਸ਼ੂਦਾ ਗੋਲੀਆਂ ਬਰਾਮਦ ਹੋਈਆਂ। ਪੁਲਿਸ ਵੱਲੋ ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ ਦੇ ਪੱਤਰ ਦੇ ਹਵਾਲੇ ਵਿੱਚ ਮਾਮਲਾ ਦਰਜ ਕਰਕੇ ਸੁਖਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਨਾਮਜ਼ਦ ਚਾਰ ਵਿਅਕਤੀ ਪਹਿਲਾ ਹੀ ਜੇਲ੍ਹ ਵਿੱਚ ਬੰਦ ਹਨ।

Send this to a friend