April 14, 2024 6:17 pm

ਕਾਂਗਰਸ ਦੀ ਹੂੰਝਾਫੇਰ ਜਿੱਤ ਨੇ ਸਾਬਤ ਕਰ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਅਸਲ ‘ਕਪਤਾਨ’-ਸੁਖਜਿੰਦਰ ਸਿੰਘ ਰੰਧਾਵਾ

ਸਾਲ 2022 ਵਿੱਚ ਵੀ ਮੁੱਖ ਮੰਤਰੀ ਦੀ ਅਗਵਾਈ ‘ਚ ਹੀ ਚੋਣ ਮੈਦਾਨ ਵਿੱਚ ਉਤਰੇਗੀ ਕਾਂਗਰਸ

ਚੰਡੀਗੜ੍ਹ, 18 ਫਰਵਰੀ – ਪੰਜਾਬ ਦੇ ਮਿਊਂਸਪਲ ਚੋਣ ਨਤੀਜਿਆਂ ਵਿੱਚ ਕਾਂਗਰਸ ਦੀ ਹੂੰਝਾਫੇਰ ਜਿੱਤ ਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਬੰਨ੍ਹਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਵਿੱਚ ਲੋਕਾਂ ਨੇ ਸਪੱਸ਼ਟ ਫ਼ਤਵਾ ਦੇ ਦਿੱਤਾ ਹੈ ਕਿ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਅਸਲ ‘ਕਪਤਾਨ’ ਕੌਣ ਹੈ।ਇਨ੍ਹਾਂ ਚੋਣ ਨਤੀਜਿਆਂ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ-ਫਾਈਨਲ ਦੱਸਦਿਆਂ ਕਾਂਗਰਸੀ ਨੇਤਾ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ‘ਤੇ ਮੋਹਰ ਲਾਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਕੱਦਾਵਾਰ ਨੇਤਾ ਬਣ ਕੇ ਉਭਰੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਚੋਣ ਮੈਦਾਨ ਵਿੱਚ ਨਿੱਤਰੇਗੀ ਅਤੇ ਮਿਊਂਸਪਲ ਚੋਣਾਂ ਵਾਂਗ ਸ਼ਾਨਦਾਰ ਜਿੱਤ ਹਾਸਲ ਕਰੇਗੀ।ਮੁਲਕ ਦੀ ਕੌਮੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਮਿਊਂਸਪਲ ਚੋਣਾਂ ਵਿੱਚ ਕੁੱਲ 2165 ਸੀਟਾਂ ਵਿੱਚੋਂ ਸਿਰਫ 47 ਸੀਟਾਂ ਮਿਲਣ ‘ਤੇ ਤਨਜ਼ ਕੱਸਦਿਆਂ ਸ. ਰੰਧਾਵਾ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਦੀ ਹੋਂਦ ਮਿਟਾਉਣ ਕਰਨ ਦਾ ਏਜੰਡਾ ਲੈ ਕੇ ਤੁਰੀ ਭਾਜਪਾ ਖੁਦ ਹੀ ਸੂਬੇ ਦੇ ਸਿਆਸੀ ਨਕਸ਼ੇ ਤੋਂ ਮਿਟ ਗਈ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਫਿਲਮੀ ਅਦਾਕਾਰ ਦੇ ਸੰਸਦ ਹਲਕੇ ਵਿੱਚ ਭਾਜਪਾ ਦਾ ਕਮਲ ਦਾ ਫੁੱਲ ਪੂਰੀ ਤਰ੍ਹਾਂ ਮੁਰਝਾ ਗਿਆ ਹੈ ਜਿੱਥੇ ਉਥੋਂ ਦੇ ਸੰਸਦੀ ਮੈਂਬਰ ਦੀ ‘ਸਿਆਸੀ ਐਕਟਿੰਗ’ ਵੀ ਭਾਜਪਾ ਦੀ ਬੇੜੀ ਪਾਰ ਨਾ ਲਾ ਸਕੀ।ਸ. ਰੰਧਾਵਾ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਵਾਂਗ ਉਸ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਹੀ ਵਾਹਦ ਇਕ ਅਜਿਹੇ ਆਗੂ ਬਣ ਕੇ ਉਭਰੇ ਸਨ ਜਿਨ੍ਹਾਂ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕਾਂਗਰਸ ਨੇ ਮਿਊਂਸਪਲ ਕੌਂਸਲਾਂ ਦੇ 1815 ਵਾਰਡਾਂ ਵਿੱਚੋਂ 1199 ਵਾਰਡਾਂ ਅਤੇ 7 ਨਗਰ ਨਿਗਮਾਂ ਦੀਆਂ 350 ਸੀਟਾਂ ਵਿੱਚੋਂ 281 ਸੀਟਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਜਦਕਿ ਅਕਾਲੀ ਦਲ ਨੂੰ ਕ੍ਰਮਵਾਰ 289 ਤੇ 22, ਭਾਜਪਾ ਨੂੰ 38 ਤੇ 20 ਅਤੇ ਆਪ ਨੂੰ 57 ਤੇ 9 ਸੀਟਾਂ ‘ਤੇ ਸਬਰ ਕਰਨਾ ਪਿਆ। ਬਾਕੀ ਬਹੁਤੀਆਂ ਸੀਟਾਂ ਵੀ ਆਜ਼ਾਦ ਉਮੀਦਵਾਰਾਂ ਦੀ ਝੋਲੀ ਪਈਆਂ ਜਦਕਿ ਬੀ.ਐਸ.ਪੀ. ਅਤੇ ਸੀ.ਪੀ.ਆਈ. ਨੂੰ ਕ੍ਰਮਵਾਰ 13 ਅਤੇ 12 ਵਾਰਡਾਂ ਉਪਰ ਹੀ ਜਿੱਤ ਨਸੀਬ ਹੋਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਸੂਬੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਪੰਜ ਜ਼ਿਮਨੀ ਚੋਣਾਂ ਵਿੱਚੋਂ ਚਾਰ ਸੀਟਾਂ ਜਿੱਤੀਆਂ ਅਤੇ ਇਸੇ ਤਰ੍ਹਾਂ ਸਾਲ 2017 ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਵੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਸੀ।ਸ. ਰੰਧਾਵਾ ਨੇ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ, ਹੜ੍ਹਾਂ ਅਤੇ ਹੁਣ ਕਿਸਾਨ ਅੰਦੋਲਨ ਵਰਗੀਆਂ ਹੰਗਾਮੀ ਅਤੇ ਚੁਣੌਤੀਪੂਰਨ ਸਥਿਤੀਆਂ ਵਿੱਚ ਮੁੱਖ ਮੰਤਰੀ ਨੇ ਮਿਸਾਲੀ ਅਗਵਾਈ ਦਿੱਤੀ ਹੈ ਅਤੇ ਅਜਿਹੇ ਸੰਜੀਦਾ ਮੁੱਦਿਆਂ ਪ੍ਰਤੀ ਦੂਰਅੰਦੇਸ਼ੀ ਪਹੁੰਚ ਦਾ ਪ੍ਰਗਟਾਵਾ ਕੀਤਾ ਹੈ ਜਿਸ ਕਰਕੇ ਉਨ੍ਹਾਂ ਨੇ ਸੂਬੇ ਦੇ ਸਾਰੇ ਵਰਗਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਵਿਵਸਥਾ, ਕਰਜ਼ਾ ਮੁਆਫੀ, ਰੋਜ਼ਗਾਰ ਉਤਪਤੀ ਅਤੇ ਖਾਸ ਕਰਕੇ ਸੂਬੇ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਦੀ ਗੱਲ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਸਾਰੇ ਫਰੰਟਾਂ ‘ਤੇ ਪੰਜਾਬ ਅਤੇ ਇੱਥੋਂ ਲੋਕਾਂ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ ਜਿਸ ਕਰਕੇ ਲੋਕਾਂ ਨੇ ਕੂੜ ਪ੍ਰਚਾਰ ਕਰਨ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਉਨ੍ਹਾਂ ਦੀ ਅਸਲ ਥਾਂ ਦਿਖਾਉਂਦੇ ਹੋਏ ਕਾਂਗਰਸ ਪਾਰਟੀ ਦੀਆਂ ਨੀਤੀਆਂ ਉਪਰ ਭਰੋਸਾ ਜ਼ਾਹਰ ਕੀਤਾ ਹੈ।

Send this to a friend