ਅੰਮ੍ਰਿਤਸਰ 27 ਜੂਨ (ਪੀ.ਟੀ.)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲਾਂਘਿਆ ਅਤੇ ਆਲੇ-ਦੁਆਲੇ ਦੇ ਵਿਕਾਸ ਸੰਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਸ਼੍ਰੋਮਣੀ ਕਮੇਟੀ ਦੇ ਮੀਟਿੰਗ ਹਾਲ ’ਚ ਇਕ ਵਿਸ਼ੇਸ਼ ਇਕੱਤਰਤਾ ਹੋਈ। ਜਿਸ ’ਚ ਸ. ਦਲਮੇਘ ਸਿੰਘ ਸਕੱਤਰ ਤੇ ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ਼੍ਰੋਮਣੀ ਕਮੇਟੀ ਉੱਚ ਅਧਿਕਾਰੀਆਂ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਆਪਣੇ ਆਲਾ ਅਧਿਕਾਰੀਆਂ ਨਾਲ ਸ਼ਾਮਲ ਹੋਏ ਅਤੇ ਵਿਚਾਰ=ਵਟਾਂਦਰਾ ਕੀਤਾ। ਸ. ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਾਰਪੋਰੇਸ਼ਨ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪੈਂਦੇ ਲਾਂਘਿਆ ਵਿਸ਼ੇਸ਼ ਕਰਕੇ
ਰਾਮਤਲਾਈ ਐਲੀਵੇਟਿਡ ਰੋਡ ਤੋਂ ਘਿਓ ਮੰਡੀ ਤੱਕ ਸੜਕਾਂ ਟੁੱਟੀਆਂ ਫੁੱਟੀਆਂ ਤੇ ਜਗ੍ਵਾਂ-ਜਗ੍ਹਾਂ ਟੋਏ ਪਏ ਹਨ ਜਿਸ ਨਾਲ ਕਈ ਵਾਰੀ ਯਾਤਰੂਆਂ ਨੂੰ ਸੱਟਾਂ ਲੱਗ ਜਾਂਦੀਆਂ ਹਨ ਤੇ ਛੋਟੇ-ਛੋਟੇ ਬੱਚਿਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਪਹੁੰਚਣ ਲੱਗਿਆ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਦਾ ਫਾਇਦਾ ਦੁਕਾਨਦਾਰ ਤੇ ਟਰਾਂਸਪੋਟਰ ਆਪਣੀਆਂ ਗੱਡੀਆਂ ਖੜੀਆਂ ਕਰਨ ਲਈ ਲੈਂਦੇ ਹਨ। ਉਨ੍ਹਾਂ ਕਿਹਾ ਕਿ ਬਾਰਿਸ਼ ਦੇ ਦਿਨਾਂ ’ਚ ਲੰਗਰ ਹਾਲ ਤੋਂ ਫਾਟਕ ਵਾਲੀ ਗਲੀ ਤੱਕ, ਆਟਾ ਮੰਡੀ ਵਾਲੀ ਡਿਉੜੀ ਅਤੇ ਸ੍ਰੀ ਅਕਾਲ ਤਖਤ ਵੱਲ ਸੀਵਰੇਜ ਪੁਰਾਣੀ ਕਿਸਮ ਦਾ ਤੇ ਛੋਟਾ ਹੋਣ ਕਾਰਨ ਰੁਕਿਆ ਰਹਿੰਦਾ ਹੈ ਜਿਸ ਨੂੰ ਖੁੱਲਾ ਕਰਨ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਸ੍ਰੀ ਸੱਭਰਵਾਲ ਨੂੰ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਸਪੈਸ਼ਲ ਸਟਾਫ ਦੀ ਡਿਊਟੀ ਲਗਾ ਕੇ ਜਾਂ ਪ੍ਰਾਈਵੇਟ ਕੰਪਨੀਆਂ ਨਾਲ ਸੰਪਰਕ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਤੇ ਇਸ ਨੂੰ ਪੈਂਦੇ ਲਾਂਘਿਆ ’ਤੇ ਸਟਰੀਟ ਲਾਇਟਾਂ ਦਾ ਪ੍ਰਬੰਧ ਠੀਕ ਕਰਵਾਇਆ ਜਾਵੇ ਤੇ ਜਗਾਂ-ਜਗਾਂ ਘਰਾਂ ਤੇ ਦੁਕਾਨਦਾਰਾਂ ਵੱਲੋਂ ਲਗਾਏ ਕੂੜੇ ਦੇ ਢੇਰਾਂ ਦੀ ਸਫਾਈ ਕਿਸੇ ਵਿਉਤਬੰਦੀ ਨਾਲ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਰਹਿੰਦੇ ਲੋਕਾਂ ਤੇ ਦੁਕਾਨਦਾਰਾਂ ਨਾਲ ਕਾਰਪੋਰੇਸ਼ਨ ਦੀ ਵਿਸ਼ੇਸ਼ ਟੀਮ ਵੱਲੋਂ ਸੰਪਰਕ ਕਰਕੇ ਕੂੜੇ ਕਰਕਟ ਨੂੰ ਲਿਫਾਫਿਆਂ ’ਚ ਪਾ ਕੇ ਕਿਸੇ ਮਿਥੇ ਸਮੇਂ ’ਤੇ ਬਾਹਰ ਰਖਵਾਇਆ ਜਾਵੇ ਤੇ ਤੜਕਸਾਰ ਕਾਰਪੋਰੇਸ਼ਨ ਦੀਆਂ ਗੱਡੀਆਂ ਰਾਹੀ ਚੁਕਾਇਆ ਜਾਵੇ। ਉਨ੍ਹਾਂ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਵਧਾ ਕੇ ਫਟੇ ਲਗਾਉਣ ਜਾਂ ਤਖਤਪੋਸ਼ਾਂ ’ਤੇ ਸਮਾਨ ਰੱਖ ਕੇ ਵੇਚਣ ਨਾਲ ਟ੍ਰੈਫਿਕ ਨਾਲ ਸੰਬੰਧਿਤ ਪ੍ਰੇਸ਼ਾਨੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਸ੍ਰੀ ਸੱਭਰਵਾਲ ਨੂੰ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤਿਆਂ ’ਤੇ ਜਗਾਂ-ਜਗਾਂ ਬੋਰਡ ਲਗਾ ਕੇ ਸੂਚਿਤ ਕੀਤਾ ਜਾਵੇ ਕੇ ਉਸ ਜਗਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕਿੰਨੀ ਦੂਰੀ ਹੈ ਤਾਂ ਜੋ ਆਟੋ- ਰਿਕਸ਼ਾ ਚਾਲਕਾਂ ਅਤੇ ਰਿਕਸ਼ਾ ਵਾਲਿਆਂ ਵੱਲੋਂ ਯਾਤਰ੍ਯੂਆਂ ਦੀ ਕੀਤੀ ਜਾਂਦੀ ਲੁੱਟ-ਘਸੁੱਟ ਨੂੰ ਠੱਲ੍ਹ ਪਾਈ ਜਾਵੇ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਅਤੇ ਪ੍ਰਾਣੀ ਮਾਤਰ ਦੇ ਭਲੇ ਲਈ ਜਗਾ-ਜਗਾ ਬੂਟੇ ਲਗਾਏ ਜਾਣ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕਾਰਪੋਰੇਸ਼ਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਚਲਾਈ ਗਈ ਸਫਾਈ ਮੁਹਿੰਮ ਵੀ ਬੰਦ ਹੋ ਚੁੱਕੀ ਹੈ ਤੇ ਉਸ ਨੂੰ ਵੀ ਦੁਬਾਰਾ ਸ਼ੁਰੂ ਕਰਵਾਇਆ ਜਾਵੇ।
ਸ੍ਰੀ ਪ੍ਰਦੀਪ ਸੱਭਰਵਾਲ ਕਮਿਸ਼ਨਰ ਕਾਰਪੋਰੇਸ਼ਨ ਨੇ ਸ.ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਯਕੀਨ ਦਵਾਉਂਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਅਤੇ ਇਸ ਨੂੰ ਪੈਂਦੇ ਲਾਂਘਿਆ ਦੀ ਸਾਫ-ਸਫਾਈ ਤੇ ਇਸ ਨੂੰ ਪ੍ਰਦੂਸ਼ਣ ਰਹਿਤ ਰੱਖਣਾ ਅਤੇ ਵਿਕਾਸ ਕਰਨਾ ਮੇਰਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਕੰਮ ਨੂੰ ਗੁਰੂ ਘਰ ਦੀ ਸੇਵਾ ਸਮਝ ਕੇ ਤਨੋਂ-ਮਨੋਂ ਨਿਭਾਵਾਂਗਾ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਸ.ਬਿਜੈ ਸਿੰਘ ਮੀਤ ਸਕੱਤਰ, ਸ. ਜਸਵਿੰਦਰ ਸਿੰਘ ਸੂਚਨਾ ਅਧਿਕਾਰੀ ਅਤੇ ਆਪਣੀ ਵਿਸ਼ੇਸ਼ ਟੀਮ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਅਤੇ ਪਹੁੰਚ ਮਾਰਗਾਂ ਦਾ ਜਾਇਜ਼ਾ ਲਿਆ ਅਤੇ ਬਹੁਤ ਜਲਦ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਦੁਕਾਨਦਾਰਾਂ ਤੇ ਰਾਹਗੀਰਾਂ ਵੱਲੋਂ ਪਾਬੰਦੀ ਵਾਲੀਆਂ ਜਗਾਂ ’ਤੇ ਲਗਾਈਆਂ ਜਾਂਦੀਆਂ ਗੱਡੀਆਂ ਜੋ ਟ੍ਰੈਫਿਕ ਲਈ ਵਿਘਨ ਬਣਦੀਆਂ ਹਨ ਬਾਰੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਸਪੈਸ਼ਲ ਰਿਕਵਰੀ ਵੈਨ ਚਲਾਉਣ ਲਈ ਬੇਨਤੀ ਕਰਾਂਗਾ।
ਸ.ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਸ੍ਰੀ ਪ੍ਰਦੀਪ ਸੱਭਰਵਾਲ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਅਤੇ ਉਨ੍ਹਾਂ ਨਾਲ ਪਹੁੰਚੇ ਆਲ੍ਹਾ ਅਫਸਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚੀ ਸ਼੍ਰੋਮਣੀ ਕਮੇਟੀ ਕਾਰਪੋਰੇਸ਼ਨ ਨਾਲ ਇਸ ਕੰਮ ਲਈ ਹਰ ਸਮੇਂ ਪੂਰਾ-ਪੂਰਾ ਸਹਿਯੋਗ ਦੇਣ ਲਈ ਤਿਆਰ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ.ਬਿਜੈ ਸਿੰਘ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਮੈਨੇਜਰ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਅਤੇ ਸ੍ਰੀ ਪ੍ਰਦੀਪ ਸੱਭਰਵਾਲ ਕਮਿਸ਼ਨਰ ਕਾਰਪੋਰੇਸ਼ਨ ਨਾਲ ਸ. ਜਸਵਿੰਦਰ ਸਿੰਘ ਐਸ ਈ, ਸ੍ਰੀ ਪੀ ਕੇ ਗੋਇਲ ਐਸ ਈ, ਐਕਸੀਅਨ ਸ.ਨਵਤੇਜ ਸਿੰਘ, ਸ੍ਰੀ ਸੁਰਿੰਦਰ ਮਹਿੰਦਰੂ, ਸ੍ਰੀ ਜਗਦੀਸ਼ ਰਾਜ, ਸ੍ਰੀ ਐਮ ਪੀ ਐਸ ਬੇਦੀ, ਐਸ ਸੀ ਸ਼ਰਮਾ ਐਕਸੀਅਨ, ਸ੍ਰੀ ਐੱਸ ਐੱਸ ਮੱਲੀ,ਸ. ਗੁਰਚਰਨ ਸਿੰਘ, ਸ.ਭੁਪਿੰਦਰ ਸਿੰਘ ਐੱਸ ਡੀ ਓ ਦੇ ਇਲਾਵਾ ਕਾਰਪੋਰੇਸ਼ਨ ਦੇ ਜੇ ਈ, ਏ ਜੇ ਈ ਅਤੇ ਸਬ ਇੰਸਪੈਕਟਰ ਮੌਜੂਦ ਸਨ।