June 9, 2026 3:09 am

ਸ਼ੋਸ਼ਲ ਮੀਡੀਆ ਰੁਝਾਨਾਂ ਉੱਪਰ ਸੂਚਨਾਂ ਮੰਤਰਾਲਾ ਦੀ ਤਿੱਖੀ ਨਜ਼ਰ

ਦੇਸ਼ ਦੀ ਨਬਜ਼ ਜਾਨਣ ਲਈ ਮੋਦੀ ਸਰਕਾਰ ਦਾ ਨਵਾਂ ਤਰੀਕਾ
Page-1_03  ਪਰਨੀਤ ਬਰਾੜ-  ਕਾਰਜਕਾਰੀ ਸੰਪਾਦਕ ਜਲੰਧਰ/ਨਵੀਂ ਦਿੱਲੀ, 27 ਜੂਨ-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਸਤਾ ਸੰਭਾਲਣ ਸਮੇਂ ਕਿਹਾ ਕਿ ਸਰਕਾਰ ਇਕ ਗਰੀਬ ਦੇ ਲਈ ਹੋਣੀ ਚਾਹੀਦੀ ਹੈ ਜੋ ਉਸ ਦੇ ਦੁੱਖ ਦਰਦ ਨੂੰ ਸਮਝਦੀ ਹੋਵੇ। ਮੋਦੀ ਸਰਕਾਰ ਦੇਸ਼ ਦੀ ਜਨਤਾ ਦੇ ਹਿੱਤ ਵਿੱਚ ਜੋ ਫੈਸਲੇ ਲੈ ਰਹੀ ਹੈ, ਉਸ ਸਬੰਧੀ ਦੇਸ਼ ਦੇ ਅੰਦਰ ਕੀ ਚੱਲ ਰਿਹਾ ਹੈ ਬਾਰੇ ਜਾਨਣਾ ਚਾਹੁੰਦੀ ਹੈ।  ਸਰਕਾਰ ਵੱਲੋਂ ਇਸ ਗੱਲ ਵੱਲ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਕਿ ਦੇਸ਼ ਦੇ ਨੌਜਵਾਨ, ਔਰਤਾਂ ਅਤੇ ਪੁਰਸ਼ ਕਿਸ ਵਿਸ਼ੇ ਉੱਪਰ ਕੀ ਰਾਏ ਰੱਖ ਰਹੇ ਹਨ, ਕਿੰਨਾਂ ਮੁੱਦਿਆਂ ’ਤੇ ਗੱਲਬਾਤ ਹੋ ਰਹੀ ਹੈ ਅਤੇ ਉਨ੍ਹਾਂ ਵਿਚੋਂ ਕਿਹੜਾ ਮੁੱਦਾ ਅਹਿਮ ਹੈ। ਐੱਨ.ਡੀ.ਏ. ਸਰਕਾਰ ਇਸ ਸਭ ਪਤਾ ਲਗਾਉਣ ਲਈ ਸੋਸ਼ਲ ਨੈਟਵਰਕਿੰਗ ਸਾਇਟਸ ਨੂੰ ਖੰਗਾਲ ਰਹੀ ਹੈ।

ਸੂਚਨਾਂ ਅਤੇ ਪ੍ਰਸਾਰਨ ਮੰਤਰਾਲਾ ਫੈਸਬੁੱਕ, ਟਵਿਟਰ ਤੋਂ ਇਲਾਵਾ ਬਲੋਗਜ਼ ਦੇ ਰੁਝਾਨ ਉੱਪਰ ਤਿੱਖੀ ਨਜ਼ਰ ਰੱਖ ਰਿਹਾ ਹੈ। ਉਹ 25 ਜੂਨ ਤੋਂ ਪੀ.ਐੱਮ.ਓ. ਅਤੇ ਕੈਬਨਿਟ ਸਕੱਤਰੇਤ ਨੂੰ ਇਸ ਸਬੰਧੀ ਲਗਾਤਾਰ ਜਾਣਕਾਰੀ ਦੇ ਰਿਹਾ ਹੈ। ਸੂਚਨਾਂ ਮੰਤਰਾਲਾ ਵਿੱਚ ਬਣਾਈ ਗਈ ਸੋਸ਼ਲ ਮੀਡੀਆ ਹੱਬ ਹਰ 8 ਘੰਟੇ ਬਾਅਦ ਸ਼ੋਸ਼ਲ ਮੀਡੀਆ ਦੇ ਹਰ ਤਰ੍ਹਾਂ ਦੇ ਰੁਝਾਨਾਂ ਬਾਰੇ ਪੀ.ਐੱਮ.ਓ. ਅਤੇ ਕੈਬਨਿਟ ਸਕੱਤਰੇਤ ਨੂੰ ਸੂਚਨਾ ਭੇਜ ਰਹੀ ਹੈ। ਹਰ ਰੋਜ਼ ਪਹਿਲੀ ਰਿਪੋਰਟ ਸਵੇਰੇ 9:30 ਭੇਜ ਦਿੱਤੀ ਜਾਂਦੀ ਹੈ।
ਮੋਦੀ ਸਰਕਾਰ ਇਸ ਤਰੀਕੇ ਨਾਲ ਆਪਣੇ ਫੈਸਲਿਆਂ ਉੱਪਰ ਲੋਕਾਂ ਦੀ ਫੀਡਬੈਕ ਦੇ ਨਾਲ-ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਜਾਨਣਾ ਚਾਹੁੰਦੀ ਹੈ। ਸੂਤਰਾਂ ਮੁਤਾਬਿਕ ਸੂਚਨਾਂ ਮੰਤਰਾਲੇ ਅੰਦਰ 20 ਮੁਲਾਜ਼ਮਾਂ ਦੀ ਇਕ ਟੀਮ ਇਹ ਕੰਮ ਕਰ ਰਹੀ ਹੈ, ਜੋ ਸ਼ੋਸ਼ਲ ਮੀਡੀਆ ਦੇ ਰੁਝਾਨ ਉੱਪਰ ਬਰੀਕ ਨਜ਼ਰ ਰੱਖਦੀ ਹੈ। ਇਹ ਸ਼ੋਸ਼ਲ ਮੀਡੀਆ ਦੀ ਸਮਗਰੀ ਦਾ ਵਿਸ਼ਲੇਸ਼ਣ ਵੀ ਕਰਦੀ ਹੈ ਅਤੇ ਉਸ ਦੀ ਰਿਪੋਰਟ ਵੀ ਭੇਜਦੀ ਹੈ। ਇਸ ਤੋਂ ਇਲਾਵਾ ਜੋ ਲੋਕ ਆਪਣੀ ਪੋਸਟ ਜਾਂ ਟਵੀਟ ’ਚ ਪੀ.ਐੱਮ. ਸ੍ਰੀ ਮੋਦੀ ਨੂੰ ਟੈੱਗ ਕਰਦੇ ਹਨ, ਉਨ੍ਹਾਂ ਨੂੰ ਖਾਸ਼ ਗੌਰ ਨਾਲ ਦੇਖਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਪਹਿਲੇ ਦਿਨ ਹੀ ਦੱਸ ਦਿੱਤਾ ਸੀ ਕਿ ਦੇਸ਼ ਦੇ ਲੋਕ ਵੱਖ-ਵੱਖ ਮੁੱਦਿਆਂ ਬਾਰੇ ਸ਼ੋਸ਼ਲ ਸਾਇਟਸ ਉੱਪਰ ਕੀ ਚਰਚਾ ਕਰ ਰਹੇ ਹਨ। ਉਸ ਦੇ ਬਾਰੇ ਉਨ੍ਹਾਂ ਨੂੰ ਹਮੇਸ਼ਾ ਜਾਣੂ ਕਰਵਾਇਆ ਜਾਵੇ। ਉਹ ਇਹ ਵੀ ਜਾਨਣਾ ਚਾਹੁੰਦੇ ਹਨ, ਕਿ ਕੋਣ ਉਨ੍ਹਾਂ ਨਾਲ ਸਿੱਧੀ ਗੱਲਬਾਤ ਕਰਨ ਦਾ ਯਤਨ ਕਰਦਾ ਹੈ। ਸ਼ੋਸ਼ਲ ਮੀਡੀਆ ਹੱਬ ਹੁਣ ਇਨ੍ਹਾਂ ਰਿਪੋਰਟਾਂ ਨੂੰ ਜਲਦ ਹੀ 4-4 ਘੰਟੇ ਦੇ ਅੰਤਰਕਾਲ ਨਾਲ ਭੇਜਣ ਵਾਲਾ ਹੈ। ਮੰਤਰਾਲਾ ਇਹ ਚਾਹੁੰਦਾ ਹੈ ਕਿ ਸ਼ੋਸ਼ਲ ਮੀਡੀਆ ਦੇ ਰੁਝਾਨਾਂ ਉੱਪਰ 24 ਘੰਟੇ ਅਤੇ ਸੱਤੇ ਦਿਨ ਨਜ਼ਰ ਰੱਖੀ ਜਾਵੇ।

Send this to a friend