ਜਲੰਧਰ, 20 ਜੂਨ (ਪੀ. ਟੀ)-ਇਰਾਕ ਵਿਚ ਅੱਤਵਾਦੀਆਂ ਵੱਲੋਂ ਅਗ਼ਵਾ ਕੀਤੇ 40 ਪੰਜਾਬੀਆਂ ਦੀ ਸੁਰੱਖਿਅਤ ਰਿਹਾਈ ਲਈ ਹੋ ਰਹੀਆਂ ਕੋਸ਼ਿਸ਼ਾਂ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਇਰਾਕ ਵਿਚ ਚੱਲ ਰਹੇ ਗ੍ਰਹਿ ਯੁੱਧ ਵਿਚ ਕਰੀਬ 700 ਪੰਜਾਬੀ ਨੌਜਵਾਨ ਉਥੇ ਫਸੇ ਹੋਏ ਹਨ। ਇਹ ਪ੍ਰਗਟਾਵਾ ਅੰਮ੍ਰਿਤਸਰ ਦੇ ਬਲਜਿੰਦਰ ਸਿੰਘ ਨੇ ਆਨ ਲਾਈਨ ਗੱਲਬਾਤ ਕਰਦਿਆਂ ਦਿੱਤਾ ਜੋ ਖੁਦ ਵੀ ਇਰਾਕ ਫਸਿਆ ਹੋਇਆ ਹੈ। ਬਲਜਿੰਦਰ ਸਿੰਘ ਮੁਤਾਬਿਕ ਇਸ ਵੇਲੇ ਉਥੇ ਬੈਂਕਾਂ ਤੇ ਟਿਕਟ ਕਾਊਂਟਰ ਬੰਦ ਪਏ ਹਨ ਜਿਸ ਕਾਰਨ ਪੈਸੇ ਜੁਟਾ ਸਕਣਾ ਤੇ ਵਾਪਸੀ ਲਈ ਟਿਕਟ ਹਾਸਿਲ ਕਰਨਾ ਮੁਸ਼ਕਲ ਬਣਿਆ ਪਿਆ ਹੈ। ਭਾਵੇਂ ਭਾਰਤ ਸਰਕਾਰ ਵੱਲੋਂ ਪੰਜਾਬੀ ਗੱਭਰੂਆਂ ਦੀ ਸੁਰੱਖਿਅਤ ਰਿਹਾਈ ਲਈ ਇਰਾਕ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪਰ ਸਭ ਕੁਝ ਆਈ. ਐਸ. ਆਈ. ਐਸ. ਦੇ ਅੱਤਵਾਦੀਆਂ ‘ਤੇ ਨਿਰਭਰ ਕਰਦਾ ਹੈ ਕਿ ਉਹ ਇਸ ਸਬੰਧ ਵਿਚ ਕੀ ਰਣਨੀਤੀ ਅਪਣਾਉਂਦੇ ਹਨ। ਜਲੰਧਰ ਦੇ
ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਬੀਤੇ ਦਿਨ ਇਰਾਕ ਵਿਚ ਫਸੇ ਕਮਲਜੀਤ ਸਿੰਘ (28) ਦੇ ਮਾਪਿਆਂ ਰਾਮ ਲਾਲ ਤੇ ਕੁਲਦੀਪ ਕੌਰ ਨਾਲ ਉਨ੍ਹਾਂ ਦੇ ਘਰ ਖੋਜਕੀਪੁਰ (ਭੋਗਪੁਰ) ਅਤੇ ਆਦਮਪੁਰ ਬਲਾਕ ਵਿਚ ਪੈਂਦੇ ਚਕਿਆਰਾ ਪਿੰਡ ਦੇ ਜਤਿੰਦਰ ਕੁਮਾਰ (30) ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਜਲੰਧਰ ਦੇ ਜਿਹੜੇ ਨੌਜਵਾਨ ਇਰਾਕ ਵਿਚ ਫਸੇ ਹਨ, ਉਨ੍ਹਾਂ ਵਿਚ ਕੁਲਾਰਾਂ ਪਿੰਡ ਦਾ ਇਕਬਾਲ ਸਿੰਘ, ਈਸ਼ਰਵਾਲ ਦੇ ਗੁਰਮੀਤ ਸਿੰਘ ਤੇ ਗੁਰਜੀਤ ਸਿੰਘ ਅਤੇ ਲੋਹਾਰ ਨੰਗਲ ਪਿੰਡ ਦਾ ਗਗਨਦੀਪ ਸਿੰਘ ਸ਼ਾਮਿਲ ਹੈ। ਦੁਆਬੇ ਦੇ ਇਨ੍ਹਾਂ ਗੱਭਰੂਆਂ ਦੀ ਸੁਰੱਖਿਅਤ ਘਰ ਵਾਪਸੀ ਲਈ ਪਰਿਵਾਰਕ ਮੈਂਬਰਾਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਦੀ ਘਰ-ਵਾਪਸੀ ਦੀ ਉਡੀਕ ਵਿਚ ਹਨ। ਇਸ ਦੌਰਾਨ ਐਨ.ਆਰ.ਆਈ. ਸਭਾ ਜਲੰਧਰ ਨੇ ਇਰਾਕ ਵਿਚ ਕੰਮ ਕਰਦੇ 17 ਨੌਜਵਾਨਾਂ ਦੀ ਸੂਚੀ ਜਾਰੀ ਕੀਤੀ ਹੈ ਜੋ ਉਥੇ ਫਸੇ ਹਨ। ਇਨ੍ਹਾਂ ਨੌਜਵਾਨਾਂ ਦੇ ਨਾਂਅ ਹਨ-ਕਮਲਜੀਤ ਸਿੰਘ, ਅਵਤਾਰ ਸਿੰਘ, ਮੰਗਤ ਰਾਮ (ਸਾਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ), ਅੰਮ੍ਰਿਤਸਰ ਦੇ ਬਲਜਿੰਦਰ ਸਿੰਘ, ਮਨਜਿੰਦਰ ਸਿੰਘ, ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੁਭਾਨਪੁਰ ਦਾ ਗੋਬਿੰਦਰ ਸਿੰਘ, ਮਜੀਠਾ (ਅੰਮ੍ਰਿਤਸਰ) ਦੇ ਜਤਿੰਦਰ ਸਿੰਘ, ਹਰਸਿਮਰਤਜੀਤ ਸਿੰਘ, ਗੁਰਚਰਨ ਸਿੰਘ ਤੇ ਕਮਲਜੀਤ ਸਿੰਘ, ਬਟਾਲਾ ਨੇੜਲੇ ਤਲਵੰਡੀ ਝਿਉਰਾਂ ਦਾ ਧਰਮਿੰਦਰ, ਹਿਮਾਚਲ ਪ੍ਰਦੇਸ਼ ਦੇ ਚਮੁੰਡਾ ਦੇਵੀ ਦਾ ਸੋਨੂੰ, ਯੂ.ਪੀ. ਦੇ ਮਿਰਾਜ ਗੰਜ ਦਾ ਸਾਨਤੂ, ਅਤੇ ਪੱਛਮੀ ਬੰਗਾਲ ਦੇ ਹਾਵੜਾ ਇਲਾਕੇ ਦਾ ਆਸਿਫ਼ ਸ਼ਾਮਿਲ ਹੈ।