March 29, 2024 12:08 pm

ਆਨੰਦਪੁਰ ਸਾਹਿਬ ਦੇ ਮਤੇ ਨੂੰ ਵਿਸਾਰਨ ਵਾਲੇ ਸੁਖਬੀਰ ਬਾਦਲ ਨੂੰ ਅੱਜ ਤਖਤ ਸਾਹਿਬਾਨ ਤੋਂ ਮਾਰਚ ਸ਼ੁਰੂ ਕਰਨ ਲੱਗੇ ਸ਼ਰਮ ਕਿਉਂ ਨਾ ਆਈ: ਸੁਖਜਿੰਦਰ ਸਿੰਘ ਰੰਧਾਵਾ

ਪੰਥ ਤੇ ਕਿਸਾਨੀ ਦੋਵਾਂ ਨਾਲ ਧਰੋਹ ਕਮਾਉਣ ਵਾਲੇ ਅਕਾਲੀ ਦਲ ਵੱਲੋਂ ਆਪਣੀ ਗੁਆਚੀ ਸਿਆਸੀ ਸ਼ਾਖ ਬਚਾਉਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਆਉਣਗੀਆਂ

ਚੰਡੀਗੜ੍ਹ – ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਅਤੇ ਸੰਘੀ ਢਾਂਚੇ ਦੀ ਮਜ਼ਬੂਤੀ ਵਾਲੇ ਆਨੰਦਪੁਰ ਸਾਹਿਬ ਮਤੇ ਨੂੰ ਵਿਸਾਰਨ ਵਾਲੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਵੱਲੋਂ ਅੱਜ ਤਿੰਨ ਤਖਤ ਸਾਹਿਬਾਨ ਤੋਂ ਮਾਰਚ ਕੱਢਣ ਲੱਗਿਆ ਸ਼ਰਮ ਕਿਉਂ ਨਾ ਆਈ। ਸ. ਰੰਧਾਵਾ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਅਕਾਲੀ ਲੀਡਰਸ਼ਿਪ ਨੇ ਸਭ ਤੋਂ ਪਹਿਲਾਂ ਆਨੰਦਪੁਰ ਸਾਹਿਬ ਦੇ ਮਤੇ ਨੂੰ ਤਿਲਾਂਜਲੀ ਦਿੱਤੀ। ਅਕਾਲੀ ਦਲ ਦੀ ਸ਼ਮੂਲੀਅਤ ਵਾਲੀ ਐਨ.ਡੀ.ਏ. ਸਰਕਾਰ ਵੱਲੋਂ ਸੀ.ਏ.ਏ. ਕਾਨੂੰਨ ਪਾਸ ਕਰਨ ਨਾਲ ਸੰਘੀ ਢਾਂਚੇ ਦਾ ਗਲਾ ਘੁੱਟਿਆ ਗਿਆ ਸੀ ਅਤੇ ਬਾਦਲ ਪਰਿਵਾਰ ਨੇ ਇਸ ਫੈਸਲੇ ਦੀ ਹਮਾਇਤ ਕੀਤੀ। ਹੁਣ ਫੇਰ ਸੰਘੀ ਢਾਂਚੇ ਨੂੰ ਤਬਾਹ ਕਰਦਿਆਂ ਜਦੋਂ ਕੇਂਦਰ ਸਰਕਾਰ ਨੇ ਖੇਤੀਬਾੜੀ ਕਾਨੂੰਨ ਬਣਾਉਣ ਤੋਂ ਪਹਿਲਾਂ ਆਰਡੀਨੈਂਸ ਪਾਸ ਕੀਤੇ ਗਏ ਤਾਂ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਕੈਬਨਿਟ ਵਿੱਚ ਹਾਜ਼ਰ ਸੀ। ਅੱਜ ਪੰਜਾਬ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਬਾਦਲ ਦਲ ਕਿਸ ਮੂੰਹ ਨਾਲ ਮਾਰਚ ਕੱਢ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਅਸਤੀਫੇ ਅਤੇ ਭਾਈਵਾਲ ਛੱਡਣ ਦਾ ਫੈਸਲਾ ਕੋਈ ਨੈਤਿਕਤਾ ਜਾਂ ਵਿਰੋਧ ਵਜੋਂ ਨਹੀਂ ਬਲਿਕ ਸੂਬੇ ਵਿੱਚ ਕਿਸਾਨਾਂ ‘ਚ ਫੈਲੇ ਵਿਆਪਕ ਰੋਹ ਦੇ ਅੱਗੇ ਝੁਕਦਿਆਂ ਮਜਬੂਰੀ ਵਿੱਚ ਲਿਆ ਫੈਸਲਾ ਹੈ ਅਤੇ ਹੁਣ ਅਕਾਲੀ ਦਲ ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਣਨ ਦਾ ਡਰਾਮਾ ਕਰ ਰਿਹਾ ਹੈ।ਕਾਂਗਰਸੀ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੂੰ ਅੱਜ ਕਿਹੜੇ ਮੂੰਹ ਨਾਲ ਤਖਤ ਸਾਹਿਬਾਨ ਤੋਂ ਮਾਰਚ ਕੱਢ ਕੇ ਕਿਸਾਨੀ ਦਾ ਮਸੀਹਾ ਹੋਣ ਦਾ ਡਰਾਮਾ ਕਰ ਰਿਹਾ। ਪੰਥ ਤੇ ਕਿਸਾਨੀ ਨਾਲ ਧ੍ਰੋਹ ਕਮਾਉਣ ਵਾਲੇ ਅਕਾਲੀ ਦਲ ਵੱਲੋਂ ਇਹ ਕਾਰਵਾਈ ਮਹਿਜ਼ ਆਪਣੀ ਸਿਆਸੀ ਸਾਖ ਬਚਾਉਣ ਦੀ ਅਸਫਲ ਕੋਸ਼ਿਸ਼ ਹੈ ਕਿਉਂਕਿ ਨਾ ਸਿਰਫ ਪੰਜਾਬ ਬਲਕਿ ਪੂਰਾ ਜੱਗ ਅਕਾਲੀ ਦਲ ਦੀ ਅਸਲੀਅਤ ਜਾਣ ਚੁੱਕਾ ਹੈ। ਅਕਾਲੀ ਸਰਕਾਰ ਸਮੇਂ ਬਰਗਾੜੀ ਤੇ ਬਹਿਬਲ ਕਲਾਂ ਵਿਖੇ ਹੋਈਆਂ ਬੇਅਦਬੀ ਤੇ ਗੋਲੀ ਚਲਾਉਣ ਦੀਆਂ ਘਟਨਾਵਾਂ ਤੋਂ ਬਾਅਦ ਸਿੱਖ ਪੰਥ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕਾ ਹੈ ਅਤੇ ਹੁਣ ਖੇਤੀ ਆਰਡੀਨੈਂਸਾਂ ਦੇ ਹੱਕ ਵਿੱਚ ਤਿੰਨ ਮਹੀਨੇ ਰਾਗ ਅਲਾਪਣ ਵਾਲੇ ਬਾਦਲ ਦਲ ਦੀ ਅਸਲੀਅਤ ਕਿਸਾਨ ਜਾਣ ਚੁੱਕੇ ਹਨ। ਆਪਣੀ ਸਿਆਸੀ ਜ਼ਮੀਨ ਤਲਾਸ਼ਣ ਲਈ ਹੱਥ-ਪੈਰ ਮਾਰ ਰਹੇ ਅਕਾਲੀ ਦਲ ਦੀ ਇਹ ਕੋਸ਼ਿਸ਼ ਵੀ ਸਫਲ ਨਹੀਂ ਹੋਵੇਗੀ।

Send this to a friend