March 25, 2025 1:26 pm

ਡਾ. ਫਾਰੂਕ ਅਬਦੁੱਲਾ ਦੀ ਰਿਹਾਈ ਦਾ ਸਵਾਗਤ, ਹੁਣ ਅਬਦੁੱਲਾ ਸਾਹਿਬ ਕਸ਼ਮੀਰ ‘ਚ ਵੱਸਣ ਵਾਲੇ ਸਿੱਖਾਂ ਦੇ ਮਸਲਿਆ ਨੂੰ ਹੱਲ ਕਰਨ ਲਈ ਉਦਮ ਕਰਨ

ਸ੍ਰੀ ਫ਼ਤਹਿਗੜ੍ਹ ਸਾਹਿਬ- “ਡਾ. ਫਾਰੂਕ ਅਬਦੁੱਲਾ ਨੂੰ ਬੀਜੇਪੀ-ਆਰ.ਐਸ.ਐਸ. ਦੀਆਂ ਜਮਾਤਾਂ ਨੇ ਮੰਦਭਾਵਨਾ ਅਧੀਨ ਲੰਮਾਂ ਸਮਾਂ ਜੇਲ੍ਹ ਵਿਚ ਬੰਦੀ ਬਣਾਕੇ, ਉਨ੍ਹਾਂ ਉਤੇ ਦਿਮਾਗੀ ਤੌਰ ਤੇ ਤਸੱਦਦ ਕਰਕੇ ਗੈਰ-ਇਨਸਾਨੀਅਤ ਅਤੇ ਗੈਰ-ਕਾਨੂੰਨੀ ਨਿੰਦਣਯੋਗ ਕਾਰਵਾਈਆ ਕੀਤੀਆ ਹਨ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਜਿਥੇ ਗਹਿਰਾ ਅਫ਼ਸੋਸ ਹੈ, ਉਥੇ ਅਸੀਂ ਫਿਰਕੂ ਜਮਾਤਾਂ ਦੇ ਇਨ੍ਹਾਂ ਤਾਨਾਸ਼ਾਹੀ ਅਮਲਾਂ ਦੀ ਪੁਰਜੋਰ ਨਿੰਦਾ ਵੀ ਕਰਦੇ ਹਾਂ। ਹੁਣ ਜਦੋਂ ਡਾ. ਫਾਰੂਕ ਅਬਦੁੱਲਾ ਦੀ ਲੰਮੇਂ ਸਮੇਂ ਬਾਅਦ ਜੇਲ੍ਹ ਤੋਂ ਰਿਹਾਈ ਹੋ ਗਈ ਹੈ ਇਹ ਸਵਾਗਤਯੋਗ ਹੈ । ਇਸ ਉਪਰੰਤ ਅਬਦੁੱਲਾ ਸਾਹਿਬ ਨੂੰ ਕਸ਼ਮੀਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮੀਆ ਅਬਦੁੱਲ ਕਿਊਨ ਅਤੇ ਹੋਰਨਾਂ ਬੰਦੀਆਂ ਦੀ ਰਿਹਾਈ ਲਈ ਅਤੇ ਉਥੇ ਵੱਸਣ ਵਾਲੇ ਉਨ੍ਹਾਂ ਸਿੱਖਾਂ ਜਿਨ੍ਹਾਂ ਨੇ ਬੀਜੇਪੀ-ਆਰ.ਐਸ.ਐਸ. ਦੇ ਜ਼ਬਰ-ਜੁਲਮਾਂ ਸਮੇਂ ਵੀ ਕਸ਼ਮੀਰ ਨੂੰ ਬਿਲਕੁਲ ਨਹੀਂ ਛੱਡਿਆ, ਉਨ੍ਹਾਂ ਦੇ ਮਸਲਿਆ ਨੂੰ ਹੱਲ ਕਰਨ ਲਈ ਅਤੇ ਕਸ਼ਮੀਰ ਵਿਚ ਉਨ੍ਹਾਂ ਦੇ ਸਵੈਮਾਨ ਨੂੰ ਕਾਇਮ ਰੱਖਣ ਲਈ ਉਦਮ ਕਰਨੇ ਬਣਦੇ ਹਨ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡਾ. ਫਾਰੂਕ ਅਬਦੁੱਲਾ ਦੀ ਲੰਮੇਂ ਸਮੇਂ ਬਾਅਦ ਬੀਜੇਪੀ-ਆਰ. ਐਸ.ਐਸ. ਦੀਆਂ ਜ਼ਾਬਰ ਜੇਲ੍ਹਾਂ ਤੋਂ ਹੋਈ ਰਿਹਾਈ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਅਬਦੁੱਲਾ ਸਾਹਿਬ ਨੂੰ ਬਾਕੀ ਬੰਦੀਆਂ ਦੀ ਰਿਹਾਈ ਅਤੇ ਵਿਸ਼ੇਸ਼ ਤੌਰ ਤੇ ਸਿੱਖ ਕੌਮ ਨੂੰ ਕਸ਼ਮੀਰ ਵਿਚ ਦਰਪੇਸ਼ ਆ ਰਹੇ ਮਸਲਿਆ ਦੇ ਹੱਲ ਲਈ ਸੰਜ਼ੀਦਾ ਉਦਮ ਕਰਨ ਦੀ ਡਾ. ਫਾਰੂਕ ਅਬਦੁੱਲਾ ਨੂੰ ਲਿਖੇ ਗਏ ਇਕ ਪੱਤਰ ਵਿਚ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਪੱਤਰ ਵਿਚ ਡਾ. ਅਬਦੁੱਲਾ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜਦੋਂ ਕਸ਼ਮੀਰ ਵਿਚ ਮੁਤੱਸਵੀ ਹੁਕਮਰਾਨਾਂ ਅਤੇ ਉਨ੍ਹਾਂ ਦੀ ਫ਼ੌਜ ਵੱਲੋਂ ਕਸ਼ਮੀਰੀਆਂ, ਸਿੱਖਾਂ ਅਤੇ ਹੋਰਨਾਂ ਉਤੇ ਜ਼ਬਰ-ਜੁਲਮ ਢਾਹਿਆ ਜਾ ਰਿਹਾ ਸੀ, ਕਸ਼ਮੀਰ ਦੀ ਖੁਦਮੁਖਤਿਆਰੀ ਨਾਲ ਸੰਬੰਧਤ ਆਰਟੀਕਲ 370 ਅਤੇ ਧਾਰਾ 35ਏ ਨੂੰ ਜ਼ਬਰੀ ਰੱਦ ਕਰਕੇ ਕਸ਼ਮੀਰੀਆਂ ਨੂੰ ਜਖ਼ਮ ਦਿੱਤੇ ਗਏ ਸਨ ਅਤੇ ਸਮੁੱਚਾ ਹਿੰਦੂ ਅਤੇ ਹੋਰ ਕਸ਼ਮੀਰ ਨੂੰ ਛੱਡ ਰਹੇ ਸਨ, ਉਸ ਸਮੇਂ ਵੀ ਸਿੱਖ ਕੌਮ ਨੇ ਕਸ਼ਮੀਰ ਨੂੰ ਬਿਲਕੁਲ ਨਹੀਂ ਛੱਡਿਆ ਅਤੇ ਕਸ਼ਮੀਰੀਆਂ ਨਾਲ ਮੋਢੇ ਨਾਲ ਮੋਢਾ ਜੋੜਕੇ ਸਿੱਖ ਕੌਮ ਜੰਗ ਲੜ੍ਹਦੀ ਰਹੀ । ਫਿਰ ਜਦੋਂ ਹੁਕਮਰਾਨਾਂ ਨੇ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕੀਤਾ ਉਸ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੇ ਅਯੋਧਿਆ ਵਿਖੇ ਜਾ ਕੇ ਮੁਸਲਿਮ ਕੌਮ ਦੇ ਹੱਕ ਵਿਚ ਅਤੇ ਬਾਬਰੀ ਮਸਜਿਦ ਢਾਹੁਣ ਦੇ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਉਠਾਈ ਜੋ ਕਿ ਸਾਡਾ ਇਨਸਾਨੀ ਫਰਜ ਸੀ । ਅਸੀਂ ਹਮੇਸ਼ਾਂ ਭਾਵੇ ਉਹ ਕਸ਼ਮੀਰ ਹੋਵੇ, ਯੂ.ਪੀ, ਆਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਬੰਗਾਲ ਜਿਥੇ ਘੱਟ ਗਿਣਤੀ ਮੁਸਲਿਮ ਕੌਮ ਵੱਸਦੀ ਹੈ, ਉਨ੍ਹਾਂ ਉਤੇ ਜਦੋਂ ਵੀ ਹਕੂਮਤੀ ਜ਼ਬਰ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਸ ਵਿਰੁੱਧ, ਉਸ ਸਥਾਂਨ ਤੇ ਪਹੁੰਚਕੇ ਆਪਣੀ ਆਵਾਜ਼ ਉਠਾਉਦੀ ਰਹੀ। ਸ. ਮਾਨ ਨੇ ਕਿਹਾ ਕਿ ਜਦੋਂ 2000 ਵਿਚ ਅਮਰੀਕਾ ਦੇ ਸਦਰ ਸ੍ਰੀ ਬਿਲ ਕਲਿਟਨ ਭਾਰਤ ਯਾਤਰਾ ਤੇ ਆਏ ਸਨ ਅਤੇ ਆਪ ਜੀ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸੀ, ਉਸ ਸਮੇਂ ਇੰਡੀਆ ਫ਼ੌਜ ਨੇ ਮੰਦਭਾਵਨਾ ਅਧੀਨ ਚਿੱਠੀ ਸਿੰਘ ਪੁਰਾ ਵਿਖੇ 43 ਨਿਰਦੋਸ਼ ਅਤੇ ਨਿਹੱਥੇ ਸਿੱਖਾਂ ਨੂੰ ਇਕ ਲਾਈਨ ਵਿਚ ਖੜ੍ਹਾ ਕਰਕੇ ਸ਼ਹੀਦ ਕਰ ਦਿੱਤਾ ਸੀ । ਅੱਜ ਤੱਕ ਉਨ੍ਹਾਂ ਕਾਤਲਾਂ ਨੂੰ ਨਾ ਤਾਂ ਸਾਹਮਣੇ ਲਿਆਂਦਾ ਗਿਆ ਹੈ ਅਤੇ ਨਾ ਹੀ ਇਸ ਕਤਲੇਆਮ ਦੀ ਕੋਈ ਜਾਂਚ ਹੋਈ ਹੈ । ਹੁਣ ਜਦੋਂ ਆਪ ਜੀ ਸੰਘਰਸ਼ ਉਪਰੰਤ ਜੇਲ੍ਹ ਵਿਚੋਂ ਰਿਹਾਅ ਹੋ ਚੁੱਕੇ ਹੋ, ਤਾਂ ਅਸੀਂ ਉਮੀਦ ਕਰਦੇ ਹਾਂ ਕਿ ਆਪ ਜੀ ਜੰਮੂ-ਕਸ਼ਮੀਰ ਵਿਚ ਵੱਸਣ ਵਾਲੇ ਸਿੱਖਾਂ ਨੂੰ ਦਰਪੇਸ਼ ਆ ਰਹੇ ਸਭ ਮਸਲਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਅਤੇ ਚਿੱਠੀ ਸਿੰਘ ਪੁਰਾ ਸਿੱਖ ਕਤਲੇਆਮ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਲਈ ਦ੍ਰਿੜਤਾ ਨਾਲ ਆਵਾਜ਼ ਉਠਾਉਣ, ਕਸ਼ਮੀਰੀਆਂ ਅਤੇ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਅੱਗੇ ਆਉਗੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੇਵਲ ਮੁਸਲਿਮ ਕੌਮ ਹੀ ਨਹੀਂ, ਬਲਕਿ ਜਿਸ ਵੀ ਕੌਮ, ਵਰਗ, ਫਿਰਕੇ ਆਦਿ ਨਾਲ ਹਕੂਮਤੀ ਜ਼ਬਰ-ਜੁਲਮ ਹੁੰਦਾ ਹੈ, ਉਨ੍ਹਾਂ ਦੇ ਨਾਲ ਡੱਟਕੇ ਖਲੋਦੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਆਪਣੇ ਇਹ ਫਰਜ ਪੂਰੇ ਕਰਦੀ ਰਹੇਗੀ।। ਹੁਣ ਆਪ ਜੀ ਉਤੇ ਬੀਜੇਪੀ-ਆਰ.ਐਸ. ਐਸ. ਦਾ ਕੋਈ ਅਹਿਸਾਨ ਨਹੀਂ। ਇਸ ਲਈ ਉਪਰੋਕਤ ਮਨੁੱਖਤਾ ਪੱਖੀ ਉਦਮਾਂ ਲਈ ਅਤੇ ਬੰਦੀਆਂ ਦੀ ਰਿਹਾਈ ਲਈ ਜੇਕਰ ਅਮਲ ਕੀਤਾ ਜਾਵੇ ਤਾਂ ਆਪ ਜੀ ਦੀ ਸਖਸ਼ੀਅਤ ਵਿਚ ਢੇਰ ਸਾਰਾ ਵਾਧਾ ਹੋ ਸਕੇਗਾ।
– ਪੰਜਾਬ ਟਾਇਮਜ਼ ਬਿਊਰੋ

Send this to a friend