September 26, 2023 3:01 pm

ਅਜੋਕੇ ਸਮੇਂ ‘ਚ ਔਰਤ ਦੀ ਅਸਲ ਤਸਵੀਰ

ਅਜੋਕੇ ਦੌਰ ਦੀ ਔਰਤ ਆਰਥਿਕ, ਸਮਾਜਿਕ, ਰਾਜਨੀਤਿਕ ਪੱਖ ਤੋਂ ਕਿਧਰੇ ਵੀ ਮਰਦ ਤੋਂ ਪਿੱਛੇ ਨਹੀਂ ਹੈ। ਘਰ ਪਰਿਵਾਰ ਦੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਂਦਿਆਂ ਹੋਇਆਂ ਉਹ ਇਕ ਸਫ਼ਲ ਨੌਕਰੀ ਪੇਸ਼ਾ, ਕੁਸਲ ਪ੍ਰਕਾਸ਼ਕ ਅਤੇ ਪ੍ਰਬੰਧਕ ਦੀ ਜਿੰਮੇਵਾਰੀ ਵੀ ਨਿਭਾ ਰਹੀ ਹੈ। ਭਾਵੇਂ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਪੱਧਰ ‘ਤੇ ਉਹ ਆਜ਼ਾਦ ਹੋ ਗਈ ਹੈ ਪਰ ਅਜੇ ਵੀ ਇੰਝ ਮਹਿਸੂਸ ਹੁੰਦਾ ਹੈ ਕਿ ਮਾਨਸਿਕ ਤੌਰ ਤੇ ਉਹ ਆਜ਼ਾਦ ਨਹੀਂ ਹੋਈ ਹੈ। ਕਿਉਂਕਿ ਸਦੀਆਂ ਤੋਂ ਘਰ- ਪਰਿਵਾਰ, ਚੁੱਲਾ- ਚੌਕਾਂ ਅਤੇ ਘਰ ਦੀ ਚਾਰਦੀਵਾਰੀ ਤੱਕ ਸੀਮਤ ਰਹਿਣ ਕਰਕੇ ਔਰਤ ਨੇ ਆਪਣੀ ਹੋਂਦ ਨੂੰ ਕੇਵਲ ਪਰਿਵਾਰਕ ਜ਼ਿੰਦਗੀ ਤੱਕ ਹੀ ਸੀਮਤ ਕਰ ਲਿਆ ਹੈ। ਕੁੜੀਆਂ ਦੀ ਘੱਟ ਰਹੀ ਗਿਣਤੀ, ਔਰਤ ਪ੍ਰਤੀ ਗਲਤ ਤਰੀਕੇ ਦੇ ਵਿਅੰਗ, ਤੱਕਣੀ, ਜ਼ੁਲਮ, ਸ਼ੋਸ਼ਣ, ਜ਼ਲੀਲ ਕਰਨ ਵਾਲੀਆਂ ਹਰਕਤਾਂ, ਅਤਿਆਚਾਰ ਤੇ ਬੇ-ਆਬਰੂ ਕਰਨ ਵਾਲੀਆਂ ਘਟਨਾਵਾਂ ਅਜੇ ਵੀ ਔਰਤ ਦੀ ਮਰਦ ਪ੍ਰਧਾਨ ਵਿਚਲੀ ਸਮਾਜਿਕ ਸਥਿਤੀ ਨੂੰ ਪੇਸ਼ ਕਰਦੀਆਂ ਹਨ ਹੈ । ਜਿਸ ਸਮਾਜ ਵਿਚ ਅਜੇ ਵੀ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੀ । ਉਸ ਤਰ੍ਹਾਂ ਦੇ ਇਸ ਗੈਰ ਬਰਾਬਰਤਾ ਵਾਲੇ ਮਾਹੌਲ ਵਿਚ ਕਿਵੇਂ ਉਹ ਆਪਣੀ ਆਨ ਬਾਨ ਸ਼ਾਨ ਨੂੰ ਬਹਾਲ ਰੱਖ ਸਕੇਗੀ। ਅਜੋਕੀ ਸਥਿਤੀ ਦਿਨੋਂ ਦਿਨ ਨਿਘਾਰ ਵੱਲ ਜਾ ਰਹੀ ਹੈ ਕਿਉਂਕਿ ਦਿੱਲੀ ਵਿਚ ਵਾਪਰੇ ਨਿਰਭੈ ਕਾਂਡ ਤੋਂ ਬਾਅਦ ਵੀ ਸਿਲਸਿਲਾ ਰੁਕਿਆ ਨਹੀਂ ਬਲਕਿ ਸਰੂਤੀ ਕਾਂਡ, ਸ਼ਿਮਲਾ ਵਿਚ ਗੁਡੀਆ ਕਾਂਡ, ਸਾਰੂ ਰਾਣਾ ਵਰਗੀਆਂ ਅਨੇਕਾਂ ਘਟਨਾਵਾਂ ਨੇ ਸਮੁੱਚੀ ਮਾਨਵਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਰ ਸਾਡਾ ਨਿਆਂ ਪ੍ਰਬੰਧ ਅਜੇ ਵੀ ਚੁੱਪ ਹੈ। ਦੋਸ਼ੀ ਕਾਨੂੰਨੀ ਪ੍ਰਬੰਧ ਵਿਚਲੀਆਂ ਚੋਰ ਮੋਰੀਆਂ ਅਤੇ ਸੱਤਾ ਸ਼ਕਤੀ ਹੇਠ ਅਜੇ ਵੀ ਆਜ਼ਾਦ ਘੁੰਮ ਰਹੇ ਹਨ ਅਤੇ ਇਹ ਘਟਨਾਵਾਂ ਦਿਨੋ ਦਿਨ ਵਧ ਰਹੀਆਂ ਹਨ। ਉਹ ਆਈ. ਏ. ਐਸ., ਵਕੀਲ, ਡਾਕਟਰ ਬਣ ਜਾਣ ਉਪਰੰਤ ਵੀ ਸੁਰੱਖਿਅਤ ਨਹੀਂ ਹੈ। ਜਨਮ ਤੋਂ ਪਹਿਲਾਂ ਵੀ ਅਤੇ ਜਨਮ ਲੈ ਕੇ ਵੀ ਆਪਣੀ ਸੁਰਖਿਆ ਲਈ ਪੁਕਾਰ ਰਹੀ ਹੈ। ਸਕੂਲ ਵਿਚ ਇਕ ਛੋਟੀ ਬੱਚੀ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਦੀ ਜਵਾਨ ਕੁੜੀ ਅਜੇ ਵੀ ਸਰੀਰਿਕ ਅਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਹੈ। ਅਜਿਹੇ ਮਾਹੌਲ ਵਿਚ ਔਰਤ ਦੀ ਮਾਨਸਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਜਿਸ ਸਮਾਜ ਵਿਚ ਸ਼ਖਸ਼ੀ ਆਜ਼ਾਦੀ ਉਸਦਾ ਅਧਿਕਾਰ ਹੀ ਨਾ ਹੋਵੇ ਉਸ ਸਮਾਜ ਦਾ ਵਿਕਾਸ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ।
ਆਧੁਨਿਕ ਪਦਾਰਥਵਾਦੀ ਦੌਰ ਵਿਚ ਔਰਤ ਨੂੰ ਸਰਮਾਏਦਾਰੀ ਵਸਤੂ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਪੈਸੇ ਦੀ ਹੋੜ ਅਤੇ ਲਾਲਸਾ ਨੇ ਕਾਫੀ ਹੱਦ ਤੱਕ ਉਸਨੂੰ ਗੁਲਾਮ ਬਣਾ ਛੱਡਿਆ ਹੈ ਜਿਸਦੀ ਕਾਫੀ ਹੱਦ ਤੱਕ ਉਹ ਆਪ ਵੀ ਜਿੰਮੇਵਾਰ ਹੈ। ਵਿਕਸਤ ਦੇਸ਼ ਅਰਧ ਵਿਕਸਤ ਦੇਸ਼ਾਂ ਨੂੰ ਆਪਣੀ ਮੰਡੀ ਦਾ ਹਿੱਸਾ ਬਣਾਉਂਦੇ ਹਨ ਅਤੇ ਇਸ ਇੱਛਾ ਦੀ ਪੂਰਤੀ ਲਈ ਉਹ ਔਰਤ ਨੂੰ ਇਕ ਵੱਡੇ ਹਥਿਆਰ ਵਜੋਂ ਵਰਤ ਰਹੇ ਹਨ। ਜੇਕਰ ਔਰਤ ਇਸ ਸਥਿਤੀ ਨੂੰ ਸੁਚੇਚਤਾ ਨਾਲ ਕਾਬੂ ਕਰ ਲਵੇ ਤਾਂ ਉਹ ਸਰੀਰਿਕ ਅਤੇ ਮਾਨਸਿਕ ਸ਼ੋਸ਼ਣ ਤੋਂ ਮੁਕਤੀ ਪਾ ਸਕਦੀ ਹੈ।
ਸੋ ਔਰਤ ਜਦ ਤੱਕ ਆਪਣਾ ਬਣਦਾ ਸਥਾਨ ਹਾਸਲ ਨਹੀਂ ਕਰਦੀ ਉਦੋਂ ਤੱਕ ਸਮਾਜ ਖੁਸਹਾਲ ਨਹੀਂ ਹੋ ਸਕਦਾ। ਇਸ ਲਈ ਉਸਨੂੰ ਓੁਚਿਤ ਮਾਣ ਮਿਲਣਾ ਜ਼ਰੂਰੀ ਹੈ। ਜਦੋਂ ਤੱਕ ਪਤੀ ਪਤਨੀ ਅਤੇ ਪੁੱਤਰ ਧੀ ਦੇ ਸਨਮਾਨ ਵਿਚ ਇਕਸਾਰਤਾ ਨਹੀਂ ਆਉਂਦੀ ਉਦੋਂ ਤੱਕ ਕਿਸੇ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਲਈ ਸਭ ਤੋਂ ਪਹਿਲਾਂ ਆਪਣਾ ਕਿਰਦਾਰ ਆਪ ਬਣਾਉਣ ਦੀ ਲੋੜ ਹੈ ਕਿਉਂਕਿ ਇਸ ਸਮਾਜ ਨੂੰ ਸਿਰਜਣਾ ਅਸੀਂ, ਸਾਡੇ ਪਰਿਵਾਰ ਅਤੇ ਬੱਚਿਆਂ ਨੇ ਹੈ। ਕਿਉਂਕਿ ਸਿਰਫ਼ ਭਾਸ਼ਣ ਦੇਣ ਜਾਂ ਵੱਡੀਆਂ ਵੱਡੀਆਂ ਗੱਲਾਂ ਕਰਨ ਨਾਲ ਜੇ ਕੁਝ ਹੋਣਾ ਹੁੰਦਾ ਤਾਂ ਹੁਣ ਨੂੰ ਹੋ ਚੁਕਿਆ ਹੋਣਾ ਸੀ। ਸੋ ਸਹੀ ਨਤੀਜੇ ਹਾਸਲ ਕਰਨ ਲਈ ਸਾਨੂੰ ਖੁਦ ਨੂੰ ਉਦਾਹਰਨ ਬਣਨਾ ਪਵੇਗਾ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਤੇ ਸੰਗਠਿਤ ਹੋਣਾ ਪਵੇਗਾ ਕਿਉਂਕਿ ਆਮ ਹਿੰਦੁਸਤਾਨੀ ਔਰਤ ਦਾ ਇਹਨਾਂ ਜੀਵਨ ਪੱਖਾਂ ਅਤੇ ਤੱਥਾਂ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਹੈ। ਸਰਕਾਰੀ ਪੱਧਰ ਤੇ ਬਣੇ ਕਾਨੂੰਨ ਅਤੇ ਇਹਨਾਂ ਕਾਨੂੰਨਾਂ ਦੇ ਸਮਾਜ ਵਿਚ ਲਾਗੂ ਕਰਨ ਨਾਲ ਲਿੰਗ ਭੇਦ ਅਤੇ ਵੱਖਰਤਾ ਖਤਮ ਨਹੀਂ ਹੁੰਦੀ ਸਗੋਂ ਇਹਨਾਂ ਨੂੰ ਹੋਰ ਬਲ ਮਿਲਦਾ ਹੈ। ਇਸ ਲਈ ਜਿਨ੍ਹਾਂ ਚਿਰ ਸਮਾਜ ਵਿਚਲਾ ਦ੍ਰਿਸ਼ਟੀਕੋਣ ਨਹੀਂ ਬਦਲਦਾ, ਸਮਾਜ ਦੀ ਸੋਚ ਨਹੀਂ ਬਦਲਦੀ, ਉਹਨਾਂ ਚਿਰ ਕਿਸੇ ਤਰ੍ਹਾਂ ਦਾ ਪਰਿਵਰਤਨ ਨਹੀਂ ਆ ਸਕਦਾ। ਅੱਜ ਲੋੜ ਹੈ ਸਮਾਜ ਵਿਚ ਔਰਤ ਮਰਦ ਇਕਸੁਰਤਾ ਦੀ ਲੜੀ ਸਿਰਜਨ ਦੀ ਤਾਂ ਜੋ ਲਿੰਗ ਭੇਦ ਤੋਂ ਉੱਪਰ ਉੱਠ ਕੇ ਵਿਸ਼ਵ ਭਰ ਵਿਚ ਇਸ ਪਰਿਵਰਤਨ ਦੀ ਸੋਚ ਨੂੰ ਲਾਗੂ ਕਰ ਸਕੀਏ ਅਤੇ ਧੀਆਂ ਨੂੰ ਇਕ ਸੁਰੱਖਿਅਤ ਜੀਵਨ ਦੇਣ ਦਾ ਸੁਪਨਾ ਸਿਰਜ ਸਕੀਏ। 8 ਮਾਰਚ ਨੂੰ ਸਿਰਫ ਮਹਿਲਾ ਦਿਵਸ ਵਜੋਂ ਮਨਾਉਣ ਨਾਲੋਂ ਚੰਗਾ ਹੈ ਇਸ ਦਿਨ ਔਰਤ ਦੀ ਸੁਰੱਖਿਆ ਅਤੇ ਉਸਦੇ ਵਿਕਾਸ ਲਈ ਕੋਈ ਸੰਕਲਪ ਜਾਂ ਯਤਨ ਕੀਤੇ ਜਾਣ ਤਾਂ ਇਹ ਦਿਨ ਸਹੀ ਅਰਥਾਂ ਵਿਚ ਉਸ ਲਈ ਵੱਡੀ ਦੇਣ ਹੋਵੇਗਾ।
ਰੁਪਿੰਦਰ ਕੌਰ
ਖੋਜ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ

Send this to a friend