March 20, 2023 5:05 am

ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਦਿਨੋਂ ਦਿਨ ਹੁੰਦੀ ਜਾ ਰਹੀ ਹੈ ਖਰਾਬ

ਬਰੇਟਾ- ਅੱਜ ਦੇ ਸਮੇਂ ਸਵਾਰਥੀ ਲੋਕਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ । ਜਿਆਦਾਤਰ ਲੋਕਾਂ ਦੀ ਸੋਚ ਸਿਰਫ ਪੈਸੇ ਤੱਕ ਹੀ ਸਿਮਟ ਕੇ ਰਹਿ ਗਈ ਹੈ , ਚਾਹੇ ਉਹ ਕਿਸੇ ਦਾ ਹੱਕ ਮਾਰ ਕੇ ਹੀ ਕਿਉਂ ਨਾ ਹਾਸਿਲ ਕਰਨਾ ਪਵੇ । ਬਹੁਤ ਸਾਰੇ ਵਿਭਾਗਾਂ ‘ਚ ਸਰਕਾਰਾਂ ਵੀ ਆਪਣੀ ਮਰਜੀ ਨਾਲ ਆਪਣੇ ਮਨਪਸੰਦ ਅਫਸਰਾਂ ਦੀਆਂ ਡਿਊਟੀਆਂ ਲਗਾਉਦੀਆਂ ਹਨ ਅਤੇ ਕੁਝ ਅਧਿਕਾਰੀ ਸਰਕਾਰਾਂ/ਮੰਤਰੀਆਂ ਨੂੰ ਮੋਟੀ ਰਿਸ਼ਵਤ ਦੇ ਕੇ ਆਪਣੇ ਮਨਪਸੰਦ ਦਾ ਸਟੇਸ਼ਨ ਲੈਂਦੇ ਹਨ । ਜਿੱਥੇ ਆਮ ਲੋਕਾਂ ਦੀ ਘੱਟ ਤੇ ਸਰਕਾਰ ਦੇ ਚਹੇਤਿਆਂ ਅਤੇ ਅਫਸਰਾਂ ਦੀਆਂ ਜੇਬਾਂ ਗਰਮ ਕਰਨ ਵਾਲੇ ਲੋਕਾਂ ਦੀ ਪਹਿਲ ਦੇ ਆਧਾਰ ਤੇ ਸੁਣੀਆਂ ਜਾਂਦੀਆਂ ਹਨ । ਪੰਜਾਬ ਵਿੱਚ ਨਸ਼ਾ ਤਸਕਰ , ਲੁੱਟਾਂ ਖੋਹਾਂ ਕਰਨ ਵਾਲੇ ਅਤੇ ਗੈਗਵਾਰ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ । ਜਿਸ ਕਾਰਨ ਅਮਨ ਕਾਨੂੰਨ ਦੀ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ । ਜਿਆਦਾਤਰ ਦੇਖਣ ਵਿੱਚ ਆਉਂਦਾ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਹੱਕ ਲਈ ਸਰਕਾਰ ਜਾਂ ਪ੍ਰਸ਼ਾਸਨ ਦੇ ਖਿਲਾਫ ਆਵਾਜ਼ ਉਠਾਉਦਾ ਹੈ ਤਾਂ ਉਸਦੀ ਆਵਾਜ਼ ਨੂੰ ਬੰਦ ਕਰਵਾਉਣ ਲਈ ਉਸ ਤੇ ਝੂਠਾ ਪਰਚਾ ਮੜ੍ਹ ਕੇ ਉਸਨੂੰ ਜੇਲ ਵਿੱਚ ਸੁੱਟ ਦਿੱਤਾ ਜਾਂਦਾ ਹੈ । ਆਪਣੇ ਹੱਕਾਂ ਲਈ ਕੁਝ ਕੁ ਲੋਕਾਂ ਨੂੰ ਛੱਡ ਕੇ ਬਹੁਤੇ ਲੋਕਾਂ ਦਾ ਨਾ ਬੋਲਣਾ ਇੰਝ ਜਾਪ ਰਿਹਾ ਹੈ ਕਿ ਜਿਵੇਕਿ ਉਹ ਤੁਰਦੀਆਂ ਫਿਰਦੀਆਂ ਜਿੰਦਾ ਲਾਸ਼ਾਂ ਹੋਣ । ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਨੌਕਰੀ ਦੀ ਭਾਲ ਵਿੱਚ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਸਰਕਾਰ ਨੋਕਰੀ ਦੇਣ ਦੀ ਬਜਾਏ ਨੋਜਵਾਨਾਂ ਤੇ ਪੁਲਿਸ ਤੋਂ ਲਾਠੀਚਾਰਜ ਕਰਵਾਕੇ ਅਤੇ ਝੂਠੇ ਮਾਮਲੇ ਦਰਜ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕਿਉਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਚੋਣਾਂ ਸਮੇਂ ਵੋਟਾਂ ਵਟੋਰਨ ਲਈ ਹਰ ਘਰ ਨੌਕਰੀ ਦੇਣ ਦੇ ਕੀਤੇ ਵਾਅਦੇ ਝੂਠਾ ਸਾਬਿਤ ਹੋ ਰਹੇ ਹਨ । ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਪਏ ਹਨ ਕਿ ਪੰਜਾਬ ਦੇ ਹਲਾਤ ਬਿਹਾਰ ਤੋਂ ਵੀ ਮਾੜੇ ਹੋ ਚੁੱਕੇ ਹਨ । ਬਹੁਤੇ ਮਾਪੇ ਅਜਿਹੇ ਮਾੜੇ ਸਿਸਟਮ ਤੋਂ ਤੰਗ ਆ ਕੇ ਆਪਣੇ ਬੱਚਿਆਂ ਨੂੰ ਕਰਜੇ ਚੁੱਕ ਕੇ ਵਿਦੇਸ਼ ਭੇਜਣ ਲਈ ਮਜਬੂਰ ਹੋ ਰਹੇ ਹਨ । ਮਾਪਿਆਂ ਦਾ ਕਹਿਣਾ ਹੈ ਕਿ ਇਸ ਗੁੰਡਾਗਰਦੀ ਵਾਲੇ ਦੇਸ/ਸੂਬੇ ਨਾਲੋਂ ਤਾਂ ਵਿਦੇਸ਼ (ਚੰਗੇ) ਸੌ ਗੁਣਾ ਚੰਗੇ ਹਨ । ਜਿੱਥੇ ਸਾਨੂੰ ਆਪਣੀ ਔਲਾਦ ਦੀ ਇਹ ਫਿਕਰ ਤਾਂ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਯੋਗ ਹੁੰਦੇ ਹੋਏ ਵੀ ਪੰਜਾਬ ਵਾਂਗ ਲੰਮਾ ਲੰਮਾ ਸਮਾਂ ਰੁਜਗਾਰ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਣਗੀਆਂ ਅਤੇ ਨਾ ਹੀ ਇਹ ਡਰ ਹੋਵੇਗਾ ਕਿ ਸਹੀ ਕੰਮ ਕਰਵਾਉਣ ਲਈ ਕਿਸੇ ਅਧਿਕਾਰੀ ਨੂੰ ਰਿਸ਼ਵਤ ਦੇਣੀ ਪਵੇਗੀ । ਬਹੁਤੇ ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਚਿੱਟੇ ਅਤੇ ਨੀਲੇ ਮੋਰ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਹਨ । ਜੇਕਰ ਪੰਜਾਬ ਦੇ ਲੋਕਾਂ ਨੇ ਆਉਣ ਵਾਲੇ ਸਮੇਂ ‘ ਚ ਇਨ੍ਹਾਂ ਦਾ ਬਦਲ ਕਰਕੇ ਤੀਜੀ ਧਿਰ ਨਾ ਚੁਣੀ ਤਾਂ ਉਪਰੋਕਤ ਅਲਾਮਤਾਂ ਪੰਜਾਬ ਨੂੰ ਘੁਣ ਵਾਂਗ ਖਾ ਜਾਣਗੀਆਂ ।
– ਬਿੰਦਰ ਰੀਤਵਾਲ
ਪੱਤਰਕਾਰ ‘ਪੰਜਾਬ ਟਾਇਮਜ਼’

Send this to a friend