April 14, 2024 6:17 pm

ਮੋਮਬੱਤੀਆਂ ਦੀ ਲੋਅ ‘ਚ ਪੇਪਰ

ਸਮਾਰਟ ਫੇਰ ਬਣਾ ਲਿਓ, ਪਹਿਲਾਂ ਪੁਰਾਣੇ ਸਕੂਲਾਂ ਨੂੰ ਸੰਭਾਲੋ

ਸ੍ਰੀ ਮਾਛੀਵਾੜਾ ਸਾਹਿਬ- ਇਹ ਪੰਜਾਬ ਦੀ ਬਹੁਤ ਵੱਡੀ ਤਰਾਸਦੀ ਕਹੀ ਜਾ ਸਕਦੀ ਹੈ ਕਿ ਆਜ਼ਾਦੀ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਮੇਂ ਸਮੇਂ ਉੱਪਰ ਪੰਜਾਬ ਦੇ ਉੱਪਰ ਰਾਜ ਕੀਤਾ।ਪਰ ਹੁਣ ਤੱਕ ਪੰਜਾਬ ਮੁਢਲੀਆਂ ਬੁਨਿਆਦੀ ਸਹੂਲਤਾਂ ਤੋਂ ਇਸ ਕਦਰ ਵਾਂਝਾ ਹੋ ਗਿਆ ਹੈ ਕਿ ਦੇਖ ਕੇ ਨਿਰਾਸ਼ਤਾ ਹੁੰਦੀ ਹੈ ਕਿ ਸਮੇਂ ਸਮੇਂ ਦੇ ਹਾਕਮਾਂ ਨੇ ਸਿਆਸੀ ਕੁਰਸੀ ਤੋਂ ਲਾਭ ਲੈ ਕੇ ਆਪਣੇ ਘਰ ਭਰੇ ਪਰ ਜ਼ਖ਼ਮੀ ਹੋਏ ਪੰਜਾਬ ਵੱਲ ਕਿਸੇ ਨੇ ਵੀ ਦੇਖਣ ਦਾ ਯਤਨ ਨਾ ਕੀਤਾ ਇਸ ਦੀਆਂ ਪ੍ਰਤੱਖ ਉਦਾਹਰਣਾਂ ਹੁਣ ਤੱਕ ਸਾਡੇ ਸਾਹਮਣੇ ਆ ਰਹੀਆਂ ਹਨ।ਅੱਜ ਕੱਲ੍ਹ ਪੰਜਾਬ ਦੇ ਸਿੱਖਿਆ ਤੰਤਰ ਦਾ ਜੋ ਹਾਲ ਹੈ ਉਸ ਨੂੰ ਦੇਖ ਕੇ ਜਾਪਦਾ ਹੀ ਨਹੀਂ ਕਿ ਅਸੀਂ ਕੋਈ ਤਰੱਕੀ ਕੀਤੀ ਹੈ ਆਓ ਤੁਹਾਨੂੰ ਮਾਛੀਵਾੜਾ ਇਲਾਕੇ ਵਿੱਚ ਹੋਈ ਇੱਕ ਤਾਜ਼ੀ ਖ਼ਬਰ ਤੋਂ ਜਾਣਕਾਰ ਕਰਾਈਏ।
ਅੱਜ ਕੱਲ੍ਹ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਪੰਜਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੀਆਂ ਸਾਲਾਨਾ ਪ੍ਰੀਖਿਆ ਚੱਲ ਰਹੀਆਂ ਹਨ ਅਤੇ ਸਰਕਾਰ ਇਨ੍ਹਾਂ ਪ੍ਰੀਖਿਆ ਦੇ ਸਬੰਧ ਵਿੱਚ ਵੱਡੇ ਪੱਧਰ ਤੇ ਤਿਆਰੀਆਂ ਕਰਨ ਦੀ ਗੱਲ ਕਰਦੀ ਰਹੀ ਹੈ।ਪਰ ਕੱਲ੍ਹ ਜਦੋਂ ਅੱਠਵੀਂ ਜਮਾਤ ਦਾ ਪੇਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਇਆ ਤਾਂ ਉੱਥੇ ਹੋਰ ਹੀ ਕੁਝ ਦੇਖਣ ਨੂੰ ਮਿਲਿਆ ਜੋ ਸਾਡੇ ਸਿੱਖਿਆ ਤੰਤਰ ਉੱਪਰ ਬਹੁਤ ਵੱਡੇ ਸਵਾਲ ਪੈਦਾ ਕਰਦਾ ਹੈ।ਜਦੋਂ ਅੱਠਵੀਂ ਜਮਾਤ ਦੇ ਪੇਪਰ ਸ਼ੁਰੂ ਹੋਏ ਤਾਂ ਕੁਦਰਤੀ ਮੌਸਮ ਖ਼ਰਾਬ ਹੋਣ ਕਾਰਨ ਸਭ ਪਾਸੇ ਬਿਜਲੀ ਕੱਟੀ ਗਈ।ਪ੍ਰੀਖਿਆ ਹਾਲ ਦੇ ਕਮਰਿਆਂ ਵਿੱਚ ਹਨੇਰਾ ਛਾ ਗਿਆ ਅਤੇ ਛੋਟੀ ਉਮਰ ਦੇ ਵਿਦਿਆਰਥੀ ਇਹ ਸਭ ਦੇਖ ਕੇ ਹੱਕੇ ਬੱਕੇ ਤਾਂ ਰਹਿ ਹੀ ਗਏ ਨਾਲ ਹੀ ਹਨੇਰੇ ਕਾਰਨ ਡਰ ਅਤੇ ਸਹਿਮ ਵੀ ਗਏ।ਸਭ ਦੇਖ ਕੇ ਸਕੂਲ ਦੇ ਅਧਿਆਪਕਾਂ ਨੇ ਕਮਰਿਆਂ ਦੀਆਂ ਖਿੜਕੀਆਂ ਦਰਵਾਜ਼ੇ ਚੰਗੀ ਤਰ੍ਹਾਂ ਖੋਲ੍ਹ ਦਿੱਤੇ ਬੱਦਲਵਾਈ ਕਾਰਨ ਕਮਰਿਆਂ ਵਿੱਚ ਹਨੇਰਾ ਵਧ ਗਿਆ ਤੇ ਕੁਝ ਵੀ ਨਾ ਦਿਸਦਾ ਕੁਝ ਲਿਖਣਾ ਜਾਂ ਪੜ੍ਹਨਾ ਤਾਂ ਦੂਰ ਦੀ ਗੱਲ। ਅਖੀਰ ਨੂੰ ਲਾਈਟ ਦਾ ਕੋਈ ਪ੍ਰਬੰਧ ਨਾ ਹੋਇਆ ਤਾਂ ਉਸ ਸਮੇਂ ਹਾਜ਼ਰ ਸਟਾਫ ਨੇ ਬਾਜ਼ਾਰ ਵਿੱਚੋਂ ਮੋਮਬੱਤੀਆਂ ਲਿਆ ਕੇ ਪੇਪਰ ਲੈਣ ਦਾ ਉਪਰਾਲਾ ਕੀਤਾ।ਪਰ ਗੱਲ ਫਿਰ ਵੀ ਨਾ ਬਣੀ ਅਖੀਰ ਨੂੰ ਵਿਦਿਆਰਥੀਆਂ ਨੇ ਮਜਬੂਰੀ ਕਾਰਨ ਜਿਵੇਂ ਦੇਖਿਆ ਉਵੇਂ ਹੀ ਪੇਪਰ ਦੇਣ ਦੀ ਕੋਸ਼ਿਸ਼ ਕੀਤੀ।ਕਈ ਵਿਦਿਆਰਥੀ ਜੋ ਨਜ਼ਰ ਤੋਂ ਕਮਜ਼ੋਰ ਸਨ ਐਨਕਾਂ ਵਰਤਦੇ ਸਨ ਉਨ੍ਹਾਂ ਲਈ ਇਸ ਸਮੇਂ ਬਹੁਤ ਵੱਡੀ ਸਮੱਸਿਆ ਖੜ੍ਹੀ ਹੋ ਗਈ।ਬੱਚੇ ਆਪਣੀ ਸਾਲ ਭਰ ਦੀ ਮਿਹਨਤ ਦਾ ਰੰਗ ਫਿੱਕਾ ਜਿਹਾ ਹੁੰਦਾ ਦੇਖ ਕੇ ਨਿਰਾਸ਼ ਜਾਪੇ। ਹੁਣ ਜੇ ਨਜ਼ਰ ਮਾਰੀਏ ਤਾਂ ਇੱਕ ਪਾਸੇ ਸਰਕਾਰ ਸਿੱਖਿਆ ਵਿਭਾਗ ਵਿੱਚ ਵੱਡੇ ਵੱਡੇ ਦਮਗਜ਼ੇ ਮਾਰਦੀ ਨਹੀਂ ਥੱਕਦੀ ਅਤੇ ਪੰਜਾਬ ਦੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਰੌਲਾ ਰੱਪਾ ਵੀ ਵੱਡੇ ਪੱਧਰ ਉੱਤੇ ਪੈ ਰਿਹਾ ਹੈ।ਜੇ ਕੱਲ੍ਹ ਨੂੰ ਇਨ੍ਹਾਂ ਸਮਾਰਟ ਸਕੂਲਾਂ ਵਿੱਚ ਵੀ ਪੇਪਰ ਦੇ ਸਮੇਂ ਮੋਮਬੱਤੀਆਂ ਬਾਲ ਕੇ ਕੰਮ ਚਲਾਉਣਾ ਪਵੇ ਤਾਂ ਇਹ ਸਮਾਰਟ ਸਕੂਲ ਕੀ ਸੁਨੇਹਾ ਦੇਣਗੇ।ਜੇ ਹੋਰ ਨਹੀਂ ਤਾਂ ਪੰਜਾਬ ਦੇ ਵੱਡੇ ਸਕੂਲਾਂ ਵਿੱਚ ਸਰਕਾਰ ਘੱਟ ਤੋਂ ਘੱਟ ਇੱਕ ਜਨਰੇਟਰ ਜਾਂ ਵਧੀਆ ਇਨਵੇਟਰ ਦਾ ਪ੍ਰਬੰਧ ਤਾਂ ਜ਼ਰੂਰ ਕਰੇ ਖਾਸਕਰ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਇਨ੍ਹਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਬਹੁਤ ਸਖ਼ਤ ਲੋੜ ਹੈ ਤਾਂ ਕਿ ਬੱਚਿਆਂ ਦੇ ਸਾਲਾਨਾ ਪੇਪਰ ਬਹੁਤ ਵਧੀਆ ਹੋਣ।ਮਾਛੀਵਾੜੇ ਦੇ ਸਕੂਲ ਦੀ ਘਟਨਾ ਵੱਲ ਵੇਖ ਕੇ ਕਈ ਪਾਸਿਆਂ ਤੋਂ ਰੋਸ ਜਾਹਰ ਕੀਤਾ ਜਾ ਰਿਹਾ ਹੈ।ਇੱਥੇ ਇਹ ਵੀ ਗੱਲ ਵਿਚਾਰਨ ਵਾਲੀ ਹੈ ਕਿ ਮਾਛੀਵਾੜਾ ਵੱਡਾ ਕਸਬਾ ਹੈ।
ਧਾਰਮਿਕ ਸਥਾਨ ਹਨ ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਵੱਡੇ ਉਦਯੋਗਿਕ ਘਰਾਣੇ ਅਤੇ ਵੱਡੀ ਗਿਣਤੀ ਵਿੱਚ ਦਾਨੀ ਸੱਜਣ ਇਸ ਇਲਾਕੇ ਵਿੱਚ ਹਨ। ਉਹ ਆਪਣੇ ਵੱਲੋਂ ਇਨ੍ਹਾਂ ਸਕੂਲਾਂ ਵੱਲ ਵੀ ਲੋੜੀਂਦਾ ਧਿਆਨ ਸਮੇਂ ਸਮੇਂ ਉੱਪਰ ਦੇਣ ਤਾਂ ਕਿ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਗ਼ਰੀਬ ਬੱਚਿਆਂ ਨੂੰ ਵਿੱਦਿਆ ਪ੍ਰਾਪਤ ਕਰਨ ਵਿੱਚ ਸੌਖ ਮਹਿਸੂਸ ਹੋਵੇ।

Send this to a friend