ਨਵੀਂ ਦਿੱਲੀ, 17 ਜੂਨ (ਪੀ. ਟੀ)- ਤਾਮਿਲਨਾਡੂ ਦੀ ਮੁੱਖ ਮੰਤਰੀ ਕੁਮਾਰੀ ਜੈਲਲਿਤਾ ਨੂੰ ਸੁਪਰੀਮ ਕੋਰਟ ਤੋਂ ਤੱਕੜਾ ਝੱਟਕਾ ਲੱਗਿਆ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਬੈਂਗਲੂਰ ਦੀ ਇੱਕ ਹੇਠਲੀ ਅਦਾਲਤ ਅੰਦਰ ਚੱਲ ਰਹੀ ਸੁਣਵਾਈ ’ਤੇ ਲੱਗੀ ਰੋਕ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹੇਠਲੀ ਅਦਾਲਤ ਵਿੱਚ ਸੁਣਾਵਈ ਉਤੇ ਰੋਕ ਨਾ ਲਗਾਉਣ ਸੰਬੰਧੀ ਕਰਨਾਟਕ ਹਾਈਕੋਰਟ ਦੇ ਫੈਸਲੇ ਦੇ ਖਿਲਾਫ ਜੈਲਲਿਤਾ ਅਤੇ ਸ਼ਸ਼ੀਕਲਾ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਸੀ। 26 ਮਈ ਨੂੰ ਸੁਪਰੀਮ ਕੋਰਟ ਨੇ 6 ਜੂਨ ਤੱਕ ਇਹ ਰੋਕ ਲਗਾ ਦਿੱਤੀ ਸੀ, ਜਿਸ ਨੂੰ ਕੋਰਟ ਨੇ ਵਧਾ ਕੇ ਫਿਰ 16 ਜੂਨ ਕਰ ਦਿੱਤਾ। ਜੈਲਲਿਤਾ ਨੇ ਇਸ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਸੀ। ਉਹ ਉਸ ਸਮੇਂ ਤੱਕ ਮੁਕੱਦਮੇ ’ਤੇ ਰੋਕ ਦੀ ਮੰਗ ਕਰ ਰਹੀ ਸੀ ਜਦੋਂ ਤੱਕ ਹੇਠਲੀ ਅਦਾਲਤ ਚੇਨਈ ਦੀ ਕੰਪਨੀ ਲੈਕਸ
ਪ੍ਰਾਪਰਟੀ ਡਿਵੈਲਪਮੈਂਟ ਪ੍ਰਾਇਵੇਟ ਲਿਮਟਿਡ ਦੀ ਅਰਜ਼ੀ ’ਤੇ ਫੈਸਲਾ ਨਹੀਂ ਕਰ ਲੈਂਦੀ। ਕੰਪਨੀ ਦਾ ਦੋਸ਼ ਹੈ ਕਿ ਜੈਲਲਿਤਾ ਦੀ ਬੇਨਾਮੀ ਜਾਇਦਾਦ ਦੇ ਰੂਪ ਵਿੱਚ ਅਧਿਕਾਰੀਆਂ ਨੇ ਜਿਹੜੀ ਜਾਇਦਾਦ ਨੂੰ ਕੁਰਕ ਕੀਤਾ ਹੈ ਦਰਅਸਲ ਇਹ ਉਨ੍ਹਾਂ ਦੀ ਜਾਇਦਾਦ ਹੈ। ਜੈਲਲਿਤਾ ਦਾ ਪੱਖ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਮੁਕੱਦਮਾ ਅੱਗੇ ਚਲਾਉਣ ਤੋਂ ਪਹਿਲਾਂ ਹੇਠਲੀ ਅਦਾਲਤ ਵਿੱਚ ਲੰਬਿਤ ਇਸ ਅਰਜ਼ੀ ਉੱਪਰ ਫੈਸਲਾ ਹੋਣਾ ਚਾਹੀਦਾ ਹੈ। ਖਾਸ ਗੱਲ ਇਹ ਹੈ ਕਿ ਅਦਾਲਤ ਵਿੱਚ ਸੁਣਵਾਈ ਦੇ ਦੌਰਾਨ ਇਸਤਗਾਸਾ ਪੱਖ ਵਿਜੀਲੈਂਸ ਅਤੇ ਐਂਟੀ ਕੁਰੱਪਸ਼ਨ ਡਾਇਰੈਕਟੋਰੇਟ ਤਾਮਿਲਨਾਡੂ ਨੇ ਜੈਲਲਿਤਾ ਦੀ ਅਰਜ਼ੀ ਦਾ ਪੁਰਜ਼ੋਰ ਵਿਰੋਧ ਕੀਤਾ ਅਤੇ ਕਿਹਾ ਕਿ ਅਰਜ਼ੀ ਕਰਤਾ ਦਾ ਮਕਸੱਦ ਸਿਰਫ ਹੇਠਲੀ ਅਦਾਲਤ ਵਿੱਚ ਚੱਲ ਰਹੀ ਸੁਣਵਾਈ ਵਿੱਚ ਦੇਰੀ ਕਰਵਾਉਣਾ ਹੈ। ਹੇਠਲੀ ਅਦਾਲਤ ਵਿੱਚ ਸਾਲ 2010 ਤੋਂ ਜੈਲਲਿਤਾ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ ਅਤੇ ਇਹ ਸੁਣਾਵਈ ਲੱਗਭੱਗ ਪੂਰੀ ਹੋਣ ਵਾਲੀ ਹੈ। ਜੈਲਲਿਤਾ ਉਪਰ ਆਪਣੀ ਆਮਦਨ ਦੇ ਜ਼ਾਹਰਾ ਸਰੋਤਾਂ ਤੋਂ 66 ਕਰੋੜ ਰੁਪਏ ਵੱਧ ਜਮ੍ਹਾਂ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਵੀ ਕੇ ਸ਼ਸ਼ੀਕਲਾ, ਬੀ ਐੱਨ ਸੁਧਾਕਰਨ ਅਤੇ ਜੇ ਇਲਾਵਸੀ ਵੀ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਸੁਪਰੀਮ ਕੋਰਟ ਦੇ ਨਿਰਦੇਸ਼ ਉਪਰ 2003 ਵਿੱਚ ਇਹ ਕੇਸ ਬੈਂਗਲੂਰ ਦੀ ਅਦਾਲਤ ਵਿੱਚ ਸੁਣਵਾਈ ਲਈ ਭੇਜ ਦਿੱਤਾ ਗਿਆ ਸੀ। ਅਦਾਲਤ ਨੇ ਇੱਕ ਅਰਜ਼ੀ ਉੱਪਰ ਇਹ ਹੁਕਮ ਦਿੱਤਾ ਸੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਜੈਲਲਿਤਾ ਦੇ ਮੁੱਖ ਮੰਤਰੀ ਪਦ ਉਪਰ ਹੁੰਦੇ ਹੋਏ ਕੇਸ ਦੀ ਤਾਮਿਲਨਾਡੂ ਵਿੱਚ ਨਿਰਪੱਖ ਸੁਣਵਾਈ ਸੰਭਵ ਨਹੀਂ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਹੇਠਲੀ ਅਦਾਲਤ ਨੇ 19 ਜੂਨ ਦੀ ਤੈਅ ਤਾਰੀਖ ਨੂੰ ਇਸ ਕੇਸ ਦੀ ਅਗਲੀ ਸੁਣਵਾਈ ਹੋਵੇਗੀ।



