ਨਾਭਾ, 13 ਮਾਰਚ (ਸਿਕੰਦਰ ਸਿੰਘ)- ਜੇਲ੍ਹਾਂ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਮੋਬਾਇਲ ਸਪਲਾਈ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਸਥਾਨਕ ਨਵੀ ਜਿਲ੍ਹਾ ਜੇਲ੍ਹ ਦੇ ਦੋ ਵਾਰਡਨਾਂ ਸਣੇ ਪੰਜ ਮੁਲਜਮਾਂ ਨੂੰ 26 ਮਾਰਚ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀ ਨਾਭਾ ਦੀ ਨਵੀ ਜਿਲ੍ਹਾ ਜੇਲ੍ਹ ਦੇ ਦੋ ਵਾਰਡਨਾਂ ਨੂੰ ਦੋ ਨਵੇਂ ਮੋਬਾਇਲ ਅਤੇ ਸਿਮਾਂ ਸਣੇ ਜੇਲ੍ਹ ਅਧਿਕਾਰੀਆਂ ਵੱਲੋਂ ਪਕੜਿਆ ਗਿਆ ਸੀ। ਦੋਨੋ ਵਾਰਡਨਾਂ ਖਿਲਾਫ ਸਦਰ ਥਾਣਾ ਪੁਲਿਸ ਨਾਭਾ ਵੱਲੋਂ ਪ੍ਰੀਜਨ ਐਕਟ ਦੀ ਧਾਰਾ ਸਮੇਤ ਕਰਪੱਸ਼ਨ ਐਕਟ ਅਧੀਨ ਵੱਖ ਵੱਖ ਧਾਰਾਵਾਂ ਵਿੱਚ ਮਾਮਲਾ ਦਰਜ ਕਰਕੇ ਦੋਨਾਂ ਵਾਰਡਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਦੋਨੋ ਵਾਰਡਨਾਂ ਦੇ ਪੁਲਿਸ ਰਿਮਾਂਡ ਦੋਰਾਨ ਕੀਤੇ ਖੁਲਾਸਿਆਂ ਦੇ ਆਧਾਰ ‘ਤੇ ਨਾਭਾ ਪੁਲਿਸ ਨੇ ਨਾਭਾ ਜੇਲ੍ਹ ਬ੍ਰੇਕ ਨਾਲ ਸੰਬੰਧਤ ਗੈਂਗਸਟਰ ਨੀਟਾ ਦਿਉਲ, ਪਰਮਿੰਦਰ ਟਾਇਗਰ ਅਤੇ ਮੁਕੰਦ ਖਾਂ ਨਾਮ ਦੇ ਤਿੰਨ ਹੋਰ ਹਵਾਲਾਤੀਆਂ ਨੂੰ ਪ੍ਰੋਡਕਸ਼ਨ ਰਿਮਾਂਡ ‘ਤੇ ਲਿਆ ਕੇ ਪੁੱਛ ਗਿੱਛ ਕੀਤੀ ਸੀ। ਗੈਂਗਸਟਰ ਨੀਟਾ ਦਿਉਲ ਅਤੇ ਦੂਜੇ ਹਵਾਲਾਤੀਆਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਵੱਲੋਂ ਤਿੰਨ ਹੋਰ ਮੋਬਾਇਲ ਅਤੇ ਸਿਮ ਵੀ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਮਾਮਲੇ ਦੇ ਪੰਜੋਂ ਮੁਲਜਮਾਂ ਨੂੰ ਅੱਜ ਭਾਰੀ ਸੁਰੱਖਿਆ ਅਧੀਨ ਮੁੱੜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਪੰਜੋਂ ਮੁਲਜਮਾਂ ਨੂੰ 26 ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਾਣਕਾਰੀ ਦੀ ਪੁਸ਼ਟੀ ਕਰਦਿਆਂ ਸਦਰ ਥਾਣਾ ਇੰਚਾਰਜ ਇੰਸਪੈਕਟਰ ਜੈ ਦੇਵ ਰੰਧਾਵਾ ਨੇ ਦੱਸਿਆ ਕਿ ਪੰਜੋ ਮੁਲਜਮਾਂ ਨੂੰ ਅੱਜ ਅਦਾਲਤ ਨੇ 26 ਮਾਰਚ ਤੱਕ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਾਮਲੇ ਦੇ ਕਥਿਤ ਦੋਸ਼ੀ ਦੋਨੋ ਵਾਰਡਨ ਜੇਲ੍ਹਾਂ ਅੰਦਰ ਦੁੱਗਣੇ ਤੋ ਤਿੰਨ ਗੁਣਾ ਰੇਟਾਂ ਵਿੱਚ ਮੋਬਾਇਲ ਦੀ ਕੀਮਤ ਲੈ ਕੇ ਮੋਬਾਇਲ ਸਪਲਾਈ ਕਰਦੇ ਸਨ। ਪੁਲਿਸ ਵੱਲੋਂ ਵਰਤੇ ਗਏ ਮੋਬਾਇਲਾਂ ਅਤੇ ਸਿਮਾਂ ਤੋ ਕੀਤੀਆ ਕਾਲਾਂ ਦੀ ਬਾਰੀਕੀ ਨਾਲ ਖੋਖ ਕੀਤੀ ਜਾ ਰਹੀ ਹੈ।