February 4, 2025 10:42 pm

ਕੇਂਦਰੀ ਗ੍ਰਹਿ ਮੰਤਰੀ ਦਾ ਭਰੋਸਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਇਹ ਭਰੋਸਾ ਦਿੱਤਾ ਹੈ ਕਿ ਦਿੱਲੀ ਵਿੱਚ ਹੋਈ ਹਿੰਸਾ ਦੇ ਕਿਸੇ ਵੀ ਦੋਸ਼ੀ ਨੂੰ ਬਖਿਸ਼ਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਪਾਰਟੀ, ਜਾਤ ਜਾਂ ਧਰਮ ਨਾਲ ਸਬੰਧਤ ਹੋਵੇ। ਸੰਸਦ ਵਿੱਚ ਇਸ ਮੁੱਦੇ ਉੱਪਰ ਲਗਾਤਾਰ ਹੰਗਾਮੇ ਹੋ ਰਹੇ ਸਨ। ਵਿਰੋਧੀ ਧਿਰ ਵੱਲੋਂ ਗ੍ਰਹਿ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਵਿਰੋਧੀ ਧਿਰ ਦੇ ਦੋਸ਼ਾਂ ਦਾ ਗ੍ਰਹਿ ਮੰਤਰੀ ਵੱਲੋਂ ਬੇਹੱਦ ਢੁੱਕਵਾਂ ਜਵਾਬ ਦਿੱਤਾ ਗਿਆ ਹੈ। ਦਿੱਲੀ ਵਿੱਚ ਤਿੰਨ ਦਿਨ ਤੱਕ ਹੋਈ ਹਿੰਸਾ ‘ਤੇ ਕਾਬੂ ਪਾਉਣ ਵਿੱਚ ਅਸਫਲਤਾ ਲਈ ਗ੍ਰਹਿ ਮੰਤਰੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਲੋਕ ਸਭਾ ਵਿੱਚ ਗ੍ਰਹਿ ਮੰਤਰੀ ਵੱਲੋਂ ਦਿੱਤਾ ਗਿਆ ਵਿਸਥਾਰਤ ਬਿਆਨ ਕਈ ਭੁਲੇਖੇ ਅਤੇ ਗਲਤਫਹਿਮੀਆਂ ਦੂਰ ਕਰਨ ਵਿੱਚ ਸਫਲ ਰਿਹਾ ਹੈ। ਗ੍ਰਹਿ ਮੰਤਰੀ ਵੱਲੋਂ ਇਸ ਮੁੱਦੇ ਉੱਤੇ ਦਿੱਤਾ ਗਿਆ ਬਿਆਨ ਕਾਫੀ ਸ਼ਲਾਘਾਯੋਗ ਹੈ। ਉਨ੍ਹਾਂ ਮੁਤਾਬਿਕ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਦੰਗਿਆਂ ਦੀ ਸਾਜਿਸ਼ ਘੜੀ ਗਈ ਸੀ। ਦਿੱਲੀ ਪੁਲਿਸ ਨੇ 36 ਘੰਟਿਆਂ ਵਿੱਚ ਦੰਗਿਆਂ ਉੱਤੇ ਕਾਬੂ ਪਾਇਆ ਹੈ। ਹੁਣ ਤੱਕ 2647 ਵਿਅਕਤੀ ਹਿਰਾਸਤ ਵਿੱਚ ਲਏ ਗਏ ਹਨ। ਗ੍ਰਹਿ ਮੰਤਰੀ ਦਾ ਇਹ ਕਹਿਣਾ ਵੀ ਕਾਫੀ ਵਾਜਿਬ ਹੈ ਕਿ ਦਿੱਲੀ ਹਿੰਸਾ ਉੱਤੇ ਚਰਚਾ ਹੋਲੀ ਤੋਂ ਬਾਅਦ ਹੋਵੇ ਤਾਂ ਜੋ ਹੋਰ ਫਿਰਕੂ ਨਫਰਤ ਨਾ ਫੈਲੇ। ਉਨ੍ਹਾਂ ਦੀ ਇਸ ਭਾਵਨਾ ਦੀ ਕਦਰ ਹੋਣੀ ਚਾਹੀਦੀ ਹੈ। ਗ੍ਰਹਿ ਮੰਤਰੀ ਦੀ ਅਗਵਾਈ ਹੇਠ ਦਿੱਲੀ ਹਿੰਸਾ ਦੀ ਡੂੰਘੀ ਜਾਂਚ ਚੱਲ ਰਹੀ ਹੈ। ਹੌਲੀ-ਹੌਲੀ ਆਧੁਨਿਕ ਤਰੀਕਿਆਂ ਨਾਲ ਦੰਗਾ ਕਰਨ ਵਾਲੇ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਕਾਇਮ ਬੁੱਧੀਜੀਵੀ ਤੇ ਅਕਾਦਮਿਕ ਵਿਗਿਆਨੀ (ਜੀਆਈਏ) ਦੇ ਸਮੂਹ ਨੇ ਉੱਤਰ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਆਪਣੀ ਤੱਥ-ਖੋਜ ਰਿਪੋਰਟ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਸੌਂਪ ਦਿੱਤੀ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਸਰਕਾਰ ਦੇ ਭਰੋਸੇ ਮੁਤਾਬਿਕ ਦਿੱਲੀ ਹਿੰਸਾ ਦੀ ਨਿਰਪੱਖ ਜਾਂਚ ਹੋਵੇਗੀ ਅਤੇ ਸਾਰੇ ਦੋਸ਼ੀਆਂ ਨੂੰ ਬਰਾਬਰ ਸਜ਼ਾ ਦਿੱਤੀ ਜਾਵੇਗੀ।
– ਬਲਜੀਤ ਸਿੰਘ ਬਰਾੜ

Send this to a friend