ਰਾਮਪੁਰਾ ਪਿੰਡ ’ਚ ਨੀਲੇ ਕਾਰਡ ਦੇ ਨਾਂਅ ਕੱਟੇ ਜਾਣ ’ਤੇ ਰੋਸ ਪ੍ਰਦਰਸ਼ਨ

ਭਵਾਨੀਗੜ੍ਹ, 12 ਮਾਰਚ (ਕ੍ਰਿਸ਼ਨ ਗਰਗ)- ਇੱਥੋਂ ਨੇੜਲੇ ਪਿੰਡ ਰਾਮਪੁਰਾ ਵਿਖੇ ਮੁਫ਼ਤ ਆਟਾ ਦਾਲ ਸਕੀਮ ਵਿੱਚੋਂ ਥੋਕ ਰੂਪ ਵਿੱਚ ਨਾਂਅ ਕੱਟੇ ਜਾਣ ਖਿਲਾਫ ਨੀਲੇ ਕਾਰਡ ਧਾਰਕਾਂ ਨੇ ਰੋਸ਼ ਪ੍ਰਦਰਸ਼ਨ ਕਰਦਿਆਂ ਸਬੰਧਤ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਲਕੀਤ ਸਿੰਘ, ਲਖਵੀਰ ਸਿੰਘ, ਸੁਦਾਗਰ ਸਿੰਘ, ਕੇਵਲ ਸਿੰਘ, ਕੁਲਵਿੰਦਰ ਕੌਰ, ਇਕ ਲੱਤ ਤੋਂ ਅਪਾਹਜ ਚਰਨਜੀਤ ਕੌਰ, ਪਰਮਜੀਤ ਕੌਰ, ਚਤਿੰਨ ਕੌਰ, ਲਛਮੀ ਰਾਣੀ, ਰੁਲਦੂ ਸਿੰਘ, ਨਿਰਮਲਾ ਦੇਵੀ, ਰਾਮਦਾਸ, ਮੁਹੰਮਦ ਵਸੀਮ ਅਤੇ ਰਾਜਵਿੰਦਰ ਸਿੰਘ ਪੰਚ ਸਮੇਤ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਾਰਡ ਧਾਰਕਾਂ ਨੇ ਦੱਸਿਆ ਕਿ ਉਹ ਸਾਰੇ ਲੋੜਵੰਦ ਪਰਿਵਾਰਾਂ ਨਾਲ ਸੰਬੰਧਤ ਹਨ ਅਤੇ ਉਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਕਣਕ ਮਿਲ ਰਹੀ ਸੀ, ਪਰ ਇਸ ਵਾਰ ਡਿਪੂ ਹੋਲਡਰ ਨੇ ਕਣਕ ਦੇਣ ਤੋਂ ਜਵਾਬ ਦੇ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਲਿਸਟ ਵਿੱਚੋਂ ਜਾਣਬੁੱਝ ਨਾਂਅ ਕਰਵਾਏ ਗਏ ਹਨ ਅਤੇ ਇਸ ਕਾਰਵਾਈ ਨਾਲ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਨਾਂਅ ਦੁਬਾਰਾ ਲਿਸਟ ਵਿੱਚ ਸ਼ਾਮਲ ਨਾ ਕੀਤੇ ਗਏ ਤਾਂ ਉਹ ਇਸ ਧੱਕੇਸ਼ਾਹੀ ਖਿਲਾਫ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

Send this to a friend