May 26, 2026 4:43 am

ਰੂਪਨਗਰ ਸ਼ਹਿਰ ਦੇ ਵਾਸੀਆਂ ਵੱਲੋਂ ਪਾਵਰ ਕਲੋਨੀ ਸਕੂਲ ਬੰਦ ਕਰਨ ਦਾ ਭਾਰੀ ਵਿਰੋਧ

ਰੂਪਨਗਰ, 28 ਫਰਵਰੀ (ਮਨਜੀਤ ਸਿੰਘ ਢੱਲਾ)- ਰੂਪਨਗਰ ਸ਼ਹਿਰ ਨਿਵਾਸੀਆਂ ਨੇ ਆਰ.ਟੀ.ਪੀ. ਮਾਡਲ ਹਾਈ ਸਕੂਲ ਨੂੰ ਸਰਕਾਰ ਵੱਲੋਂ ਬੰਦ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਸਕੂਲ ਬੰਦ ਕੀਤਾ ਗਿਆ ਤਾਂ ਸ਼ਹਿਰ ਵਿੱਚ ਇੱਕ ਜਨਤਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਤੇ ਹੋਵੇਗੀ। ਅੱਜ ਰੂਪਨਗਰ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਸਰਕਾਰ ਇੱਕ ਵਧੀਆ ਚੱਲਦੇ ਸਕੂਲ ਨੂੰ ਬੰਦ ਕਰਨ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਹ ਸਕੂਲ ਸ਼ਹਿਰ ਵਿੱਚ ਸਥਿਤ ਪਾਵਰ ਕਲੋਨੀ ਵਿਖੇ ਹੈ ਜਿਸ ਵਿੱਚ 300 ਦੇ ਕਰੀਬ ਬੱਚੇ ਪੜ੍ਹਦੇ ਹਨ ਅਤੇ 16 ਅਧਿਆਪਕ ਆਪਣੀ ਸੇਵਾ ਨਿਭਾਅ ਰਹੇ ਹਨ। ਇੱਥੇ ਹੀ ਬੱਸ ਨਹੀਂ ਇਸ ਸਕੂਲ ਵਿੱਚ ਨਾਲ ਲੱਗਦੇ ਪਿੰਡਾਂ ਕੋਟਲਾ, ਟੱਪਰੀਆਂ, ਭਿਓਰਾ, ਰੈਲੋਂ, ਰਸੂਲਪੁਰ, ਪਪਰਾਲਾ ਦੇ ਬੱਚੇ ਪੜ੍ਹਦੇ ਹਨ ਅਤੇ ਇਸ ਤੋਂ ਇਲਾਵਾ ਪੁਲਿਸ ਲਾਈਨ, ਜਗਜੀਤ ਨਗਰ, ਗੁਰੂ ਨਗਰ ਅਤੇ 132 ਕੇ.ਵੀ. ਕਲੋਨੀ ਦੇ ਬੱਚੇ ਵੀ ਇੱਥੇ ਹੀ ਪੜ੍ਹਨ ਆਉਂਦੇ ਹਨ। ਉਹਨਾਂ ਦੱਸਿਆ ਕਿ ਸਕੂਲ ਦੀ ਇਮਾਰਤ ਬਹੁਤ ਵਧੀਆ ਹੋ ਜਿਸ ਵਿੱਚ ਬੱਚਿਆਂ ਲਈ ਹਰ ਤਰ੍ਹਾਂ ਦਾ ਵਧੀਆ ਸਾਜ਼ੋ ਸਾਮਾਨ ਮੁਹੱਈਆ ਹੈ। ਇਸ ਸਕੂਲ ਦਾ ਨਤੀਜਾ ਹਰ ਵਰ੍ਹੇ 100 ਫੀਸਦੀ ਆਉਂਦਾ ਹੈ। ਇੱਥੋਂ ਦੇ ਪੜ੍ਹੇ ਹੋਏ ਬੱਚੇ ਵੱਖ-ਵੱਖ ਵਿਭਾਗਾਂ ਵਿੱਚ ਉੱਚ ਅਹੁਦਿਆਂ ਤੇ ਸੇਵਾ ਨਿਭਾਅ ਰਹੇ ਹਨ। ਇੱਥੋਂ ਦੇ ਵਿਦਿਆਰਥੀ ਖੇਡਾਂ ਦੇ ਖੇਤਰ ਵਿੱਚ ਵੀ ਸ਼ਹਿਰ ਦਾ ਨਾਮ ਰਾਸ਼ਟਰੀ ਪੱਧਰ ਤੱਕ ਰੋਸ਼ਨ ਕਰ ਰਹੇ ਹਨ। ਇਹ ਸਕੂਲ ਬਿਜਲੀ ਬੋਰਡ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਬੋਰਡ ਇਸ ਸਕੂਲ ਨੂੰ ਬੰਦ ਕਰਨ ਜਾ ਰਿਹਾ ਹੈ ਜੋ ਕਿ ਲੋਕਾਂ ਤੇ ਵਿਦਿਆਰਥੀਆਂ ਨਾਲ ਵੱਡਾ ਧ੍ਰੋਹ ਹੈ। ਇਸ ਸਕੂਲ ਵਿੱਚ ਕਈ ਲੋੜਵੰਦ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਹਨ ਜੋ ਕਿ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਜਾ ਸਕਦੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਵਰ ਕਲੋਨੀ ਤੋਂ ਕੌਂਸਲਰ ਅਤੇ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ, ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਹਰਮੇਸ਼ ਧੀਮਾਨ, ਭਾਜਪਾ ਆਗੂ ਰਮਿਤ ਕੇਹਰ, ਕਮਲ ਰਾਣਾ, ਗੁਰਿੰਦਰਪਾਲ ਸਿੰਘ ਗੋਗੀ, ਰਵਿੰਦਰ ਸਿੰਘ ਖੇੜਾ, ਦਿਆਲ ਸਿੰਘ ਸਾਬਕਾ ਸਰਪੰਚ ਪਪਰਾਲਾ, ਪਰਮਵੀਰ ਸਿੰਘ ਗੁਰੋਂ, ਸੁਖਵਿੰਦਰ ਸਿੰਘ ਪਪਰਾਲਾ, ਹਰਵਿੰਦਰ ਸਿੰਘ ਰਸੂਲਪੁਰ, ਰਵਿੰਦਰ ਸਿੰਘ ਢੱਕੀ, ਰਾਜਿੰਦਰ ਸਿੰਘ ਬਿੱਕੋਂ, ਗੁਰਪਾਲ ਸਿੰਘ ਖੇੜੀ, ਮਨਜਿੰਦਰ ਸਿੰਘ ਧਨੋਆ, ਕਰਨੈਲ ਸਿੰਘ ਤੰਬੜ, ਸ਼ਕਤੀ ਤ੍ਰਿਪਾਠੀ, ਵੇਦ ਪ੍ਰਕਾਸ਼, ਸਚਿਨ ਸੂਦ, ਮਨਪ੍ਰੀਤ ਸਿੰਘ ਗਿੱਲ ਆਦਿ ਹਾਜ਼ਰ ਸਨ।

Send this to a friend