ਨੌਜਵਾਨ ਕੋਲ ਵਕਤ ਦੀ ਘਾਟ ਹੈ। ਉਸ ਦੇ ਹੋਰ ਬਥੇਰੇ ਰੁਝੇਂਵੇ ਹਨ। ਉਸ ਨੇ ਪੜ੍ਹਨਾ ਹੈ , ਰੋਜਗਾਰ ਦੀ ਤਲਾਸ਼ ਕਰਨੀ ਹੈ , ਸਮਾਜਕ ਵਿਉਹਾਰ ਨਿਭਾਉਣੇ ਹਨ ਤੇ ਮਨ ਵਿਲਾਸ ਲਈ ਵੀ ਸਮਾਂ ਚਾਹੀਦੇ। ਰੋਜਗਾਰ ਹੈ ਤਾਂ ਸਮੇਂ ਤੇ ਪੁੱਜਣਾ ਹੈ , ਘਰ ਦੀਆਂ ਜਿੰਮੇਵਾਰੀਆਂ ਪੂਰੀਆਂ ਕਰਨੀਆਂ ਹਨ। ਭਵਿੱਖ ਬਣਾਉਣ ਲਈ ਜਤਨ ਕਰਨੇ ਹਨ। ਸਾਰਾ ਸਮਾਂ ਇਨ੍ਹਾਂ ‘ਚ ਲਾਉਣ ਤੋਂ ਬਾਅਦ ਵੀ ਕੰਮ ਪੂਰੇ ਨਹੀਂ ਹੁੰਦੇ ਕੱਲ ਤੇ ਛੱਡਣੇ ਪੈਂਦੇ ਹਨ। ਸਮਾਂ ਹੀ ਨਹੀਂ ਮਿਲਦਾ ਦੀ ਕੰਮ ਪੂਰੇ ਹੋ ਸਕਣ। ਗੁਰੂ ਨਾਨਕ ਸਾਹਿਬ ਦੀ ਚਿੰਤਾ ਵੀ ਸਮੇਂ ਦੀ ਹੈ। ਮਨੁੱਖ ਤਾਂ ਸਵੇਰੇ ਦਾ ਕੰਮ ਸ਼ਾਮ ਤੇ ਅੱਜ ਦਾ ਕੰਮ ਕੱਲ ਤੇ ਇਤਮੀਨਾਨ ਨਾਲ ਛੱਡ ਦਿੰਦਾ ਹੈ। ਗੁਰੂ ਨਾਨਕ ਸਾਹਿਬ ਤਾਂ ਅਗਲੇ ਪਲ ਦਾ ਵੀ ਵਿਸਾਹ , ਭਰੋਸਾ ਨਹੀਂ ਕਰਦੇ। ਗੁਰੂ ਸਾਹਿਬ ਨੇ ਵਚਨ ਕੀਤੇ “ ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ “ 9 ਨੌਜਵਾਨ ਕੋਲ ਸ਼ਰੀਰਕ ਬਲ ਹੁੰਦਾ ਹੈ , ਭਵਿੱਖ ਦੇ ਸੁਪਨੇ ਹੁੰਦੇ ਹਨ ਤੇ ਜਿੰਦਗੀ ਦੀਆਂ ਲੰਮੀਆਂ ਲੰਮਿਆ ਯੋਜਨਾਵਾਂ ਹੁੰਦੀਆਂ ਹਨ। ਉਸ ਨੂੰ ਲੱਗਦਾ ਹੈ ਕਿ ਉਹ ਦੁਨਿਆ ਜਿੱਤ ਸੱਕਦਾ ਹੈ। ਪਰ ਹਕੀਕਤ ਕੁਝ ਹੋਰ ਹੁੰਦੀ ਹੈ। ਉਹ ਆਪਣੇ ਸੁਪਨੇ ਪੂਰੇ ਕਰਣ ‘ਚ ਇੰਨਾ ਰੁੱਝਿਆ ਹੁੰਦਾ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਸਮਾਂ ਕਦੋਂ ਹੱਥੋਂ ਤਿਲਕ ਗਿਆ ਹੈ ਤੇ “ ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧਵਾਨੀ , ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ” 9 ਜਵਾਨੀ ਵਿੱਚ ਭਗਤੀ ਲਈ ਸਮਾਂ ਨਹੀਂ ਹੁੰਦਾ। ਬਿਰਧ ਅਵਸਥਾ ਵਿੱਚ ਸਮਾਂ ਹੁੰਦਾ ਹੈ ਪਰ ਭਗਤੀ ਦੀ ਸਮਰਥਾ ਨਹੀਂ ਹੁੰਦੀ। ਭਵਿੱਖ ਦੇ ਸੁਪਨੇ ਵੇਖਣੇ ਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਣ ਲਈ ਜਤਨਸ਼ੀਲ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਇਨ੍ਹਾਂ ਦਾ ਲਾਭ ਵਿਚਾਰਨ ‘ਚ ਤਾਂ ਕੋਈ ਹਾਨੀ ਨਹੀਂ। ਸਗੋਂ ਅਨਦੇਖੀਆਂ ਵਿਪਦਾਵਾਂ ,ਦੁੱਖਾਂ ਤੋਂ ਬਚਾਉ ਹੀ ਹੋਣਾ ਹੈ। ਗੁਰੂ ਨਾਨਕ ਸਾਹਿਬ ਨੇ ਭੌਤਿਕ ਜੀਵਨ ਦੀ ਅੰਨੀ ਦੌੜ ਤੋਂ ਸੁਚੇਤ ਕੀਤਾ “ ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ “ 9 ਗੁਰੂ ਨਾਨਕ ਸਾਹਿਬ ਦਾ ਇਹ ਵਚਨ ਜੀਵਨ ਅੰਦਰ ਮੁੱਢਲੇ ਬਦਲਾਵ ਦਾ ਧੁਰਾ ਹੈ। ਕਿਸੇ ਵੀ ਉਮਰ ਦਾ ਮਨੁੱਖ ਹੋਵੇ ,ਜੇ ਉਸ ਨੇ ਇਸ ਪ੍ਰਸ਼ਨ ਨੂੰ ਵੀਚਾਰ ਲਿਆ ਤਾਂ ਜੀਵਨ ਦੀ ਦ੍ਰਿਸ਼ਟੀ ਹੀਨਤਾ ਆਪ ਹੀ ਦੂਰ ਹੋ ਜਾਏਗੀ। ਬਾਬਾ ਬੁੱਢਾ ਜੀ ਨੇ ਬਾਰਹ ਵਰ੍ਹਿਆਂ ਦੀ ਆਯੂ ਵਿੱਚ ਹੀ ਗੁਰੂ ਨਾਨਕ ਸਾਹਿਬ ਕੋਲੋਂ ਬੇਨਤੀ ਕਰ ਇਸ ਦਾ ਉੱਤਰ ਪਾ ਲਿਆ ਤੇ ਬ੍ਰਹਮ ਗਿਆਨੀ ਹੋ ਨਿੱਤਰੇ। ਬਾਬਾ ਬੁੱਢਾ ਜੀ ਨੇ ਸਮੇਂ ਦੀ ਸੰਭਾਲ ਕੀਤੀ ਤੇ ਸਵਾ ਸੌ ਸਾਲ ਦਾ ਲਮੇਰਾ ਜੀਵਨ ਜੀਵਿਆ। ਉਨ੍ਹਾਂ ਦਾ ਜੀਵਨ ਮਨੁੱਖਤਾ ਲਈ ਸੇਵਾ ਤੇ ਭਗਤੀ ਦਾ ਆਦਰਸ਼ ਬਣਿਆ ਕਿਉਂਕੀ ਉਨ੍ਹਾਂ ਗੁਰੂ ਨਾਨਕ ਸਾਹਿਬ ਦਾ ਹੁਕਮ “ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ “ ਦਾ ਪਾਲਨ ਕੀਤਾ। ਗੁਰੂ ਨਾਨਕ ਸਾਹਿਬ ਨੇ ਕਿਹਾ ਕੀ ਹਰ ਮਨੁੱਖ ਦਾ ਪਹਿਲਾ ਤੇ ਮੁੱਖ ਸੰਕਲਪ ਉਸ ਪਰਮਾਤਮਾ ਦਾ ਸਿਮਰਨ ਕਰਨਾ ਹੈ ਜਿਸ ਨੇ ਮਨੁੱਖ ਨੂੰ ਤਨ ਦਿੱਤਾ ਤੇ ਤਨ ਅੰਦਰ ਪ੍ਰਾਨ ਟਿਕਾ ਦਿੱਤੇ। ਮਨੁੱਖ ਦਾ ਪੂਰਾ ਵਜੂਦ ਪਰਮਾਤਮਾ ਦੀ ਦਾਤ ਹੈ। ਪਰਮਾਤਮਾ ਦਾ ਸਿਮਰਨ ਹੀ ਉਸ ਅਮੁੱਲ ਦਾਤ ਦਾ ਸਤਿਕਾਰ ਹੈ। ਨੌਜਵਾਨ ਪੀੜ੍ਹੀ ਜੇ ਆਪਣੇ ਬਲ ਤੇ ਬੁੱਧੀ ਤੇ ਭਰੋਸਾ ਕਰਦੀ ਹੈ ਤਾਂ ਇਹ ਹੰਕਾਰ ‘ਚ ਬਦਲ ਜਾਂਦਾ ਹੈ। ਜੇ ਉਹ ਇਸ ਨੂੰ ਪਰਮਾਤਮਾ ਦੀ ਦਾਤ ਮੰਨ ਕੇ ਚੱਲਦੀ ਹੈ ਤਾਂ ਉਹ ਪਰਮਾਤਮਾ ਦੀ ਪ੍ਰੀਤਿ ‘ਚ ਰੰਗੀ ਜਾਂਦੀ ਹੈ “ ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ “ 9 ਪਰ ਇਹ ਬੋਧ ਗੁਰਦੁਆਰੇ ਆਉਣ ਤੇ ਗੁਰਬਾਣੀ ਨਾਲ ਜੁੜਨ ਬਿਨਾ ਨਹੀਂ ਪ੍ਰਾਪਤ ਕੀਤਾ ਜਾ ਸੱਕਦਾ।
ਪੂਰਾ ਸਿੱਖ ਵਿਰਸਾ ,ਖਾਸ ਕਰ ਗੁਰ ਇਤਿਹਾਸ ਜਵਾਨ ਸੰਕਲਪ ਦਾ ਇਤਿਹਾਸ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਨਵਾਬ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਦੀ ਨੌਕਰੀ ਛੱਡ ਧਰਮ ਯਾਤਰਾਵਾਂ ਆਰੰਭ ਕੀਤੀਆਂ ਉਨ੍ਹਾਂ ਦੀ ਆਯੂ ਮਾਤਰ ੨੮ ਸਾਲ ਸੀ। ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ੩੫ ਸਾਲ ਦੀ ਆਯੂ ‘ਚ ਤੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ੪੦ ਸਾਲ ਦੀ ਉਮਰ ‘ਚ ਪ੍ਰਾਪਤ ਹੋਈ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਜਦੋਂ ਹੋਈ ਉਨ੍ਹਾਂ ਦੀ ਆਯੂ ੪੩ ਸਾਲ ਦੀ ਸੀ। ਹਾਲਾਂਕਿ ਗੁਰੂ ਸਾਹਿਬਾਨ ਪਰਮਾਤਮਾ ਦਾ ਪ੍ਰਤੱਖ ਰੂਪ ਸਨ ਪਰ ਉਨ੍ਹਾਂ ਦੀ ਸੰਸਾਰਕ ਆਯੂ ਦਰਸਾਉਂਦੀ ਹੈ ਕਿ ਸਿੱਖ ਕੌਮ ਦੀ ਅਗੁਆਈ ਕਰਣ ਵਾਲੀ ਸੱਤਾ ਨੌਜਵਾਨ ਊਰਜਾ ਦੀ ਪ੍ਰਤੀਕ ਸੀ। ਖਾਲਸਾ ਪੰਥ ਜਦੋਂ ਸਾਜਿਆ ਗਿਆ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ
-੨-
ਸੰਸਾਰਕ ਆਯੂ ਮਾਤਰ ੩੩ ਵਰ੍ਹਿਆਂ ਦੀ ਸੀ। ਸਿੱਖ ਨੌਜਵਾਨ ਪੀੜ੍ਹੀ ਲਈ ਗੁਰੂ ਸਾਹਿਬਾਨ ਤੋਂ ਵੱਧ ਆਦਰਸ਼ ਪ੍ਰੇਰਨਾ ਸ੍ਰੋਤ ਹੋਰ ਕੌਣ ਹੋ ਸੱਕਦਾ ਹੈ। ਨੌਜਵਾਨ ਚਾਹੁੰਦੇ ਹਨ ਕਿ ਉਹ ਥੋੜੇ ਸਮੇਂ ‘ਚ ਹੀ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਸਕਣ। ਗੁਰੂ ਸਾਹਿਬਾਨ ਨੇ ਸੰਸਾਰ ,ਮਨੁੱਖਤਾ ਨੂੰ ਜੋ ਅਨਮੋਲ ਦਾਤਾਂ ਬਖਸ਼ੀਆਂ ਉਨ੍ਹਾਂ ਸਾਹਮਣੇ ਅੱਜ ਦੇ ਨੌਜਵਾਨ ਦੀ ਆਸ ਕਿਤੇ ਦੂਰ ਦੂਰ ਤੱਕ ਨਹੀਂ ਪੁੱਜਦੀ। ਗੁਰੂ ਸਾਹਿਬਾਨ ਦੀ ਸ਼ਰਣ ਅਥਾਹ ਸਾਗਰ ਵਰਗੀ ਤੇ ਨੌਜਵਾਨ ਪੀੜ੍ਹੀ ਦੀ ਪਿਆਸ ਇੱਕ ਬੂੰਦ ਜਿੰਨੀ ਹੈ। ਪਰ ਨੌਜਵਾਨ ਤ੍ਰਿਹਾਇਆ ਹੀ ਫਿਰ ਰਿਹਾ ਹੈ ਕਿਉਂਕੀ ਉਹ ਗੁਰੂ ਦੀ ਸ਼ਰਣ ਗਿਆ ਹੀ ਨਹੀਂ ਹੈ। ਗੁਰੂ ਦੀ ਸ਼ਰਣ ਗਿਆਂ ਹੀ ਗੁਰੂ ਦੀ ਮਹਿਮਾ ਦਾ ਗਿਆਨ ਹੁੰਦਾ ਹੈ।
ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ
(ਪੰਨਾ ੫੨)
ਗੁਰੂ ਦੀ ਮਿਹਰ ਹੁੰਦੀ ਹੈ ਤਾਂ ਜੀਵਨ ਪ੍ਰਫੁੱਲਤਾ ਨਾਲ ਭਰ ਜਾਂਦਾ ਹੈ। ਉਸ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ , ਜੀਵਨ ਅੰਦਰ ਸਹਜ ,ਸੰਤੋਖ , ਟਿਕਾਊ ਆਉਂਦਾ ਹੈ। ਸੁਖ ਦੀ ਅਵਸਥਾ ਸਦਾ ਬਣੀ ਰਹਿੰਦੀ ਹੈ ਕਦੇ ਭੰਗ ਨਹੀ ਹੁੰਦੀ। ਗੁਰੂ ਮਨੁੱਖੀ ਜੀਵਨ ਦਾ ਮਾਰਗ ਦਰਸ਼ਕ , ਸਹਾਇਕ ਹੀ ਨਹੀਂ ਸੁੱਖਾਂ ਦਾ ਦਾਤਾ ਵੀ ਹੈ। ਉਸ ਕੋਲ ਸੰਸਾਰ ਦੇ ਹਰ ਸਵਾਲ ਦਾ ਨਿਦਾਨ ਹੈ। ਨੌਜਵਾਨ ਅੱਜ ਆਪਣੇ ਸਵਾਲਾਂ ਦੀ ਪੰਡ ਲੈ ਕੇ ਭਟਕ ਰਿਹਾ ਹੈ। ਉਸ ਦੇ ਸਵਾਲਾਂ ਦਾ ਜਵਾਬ ਜਦੋਂ ਨਹੀ ਮਿਲਦਾ , ਨਿਰਾਸ਼ ਹੋਣਾ ਸੁਭਾਵਕ ਹੀ ਹੈ। ਦਰਅਸਲ ਕਿਸੇ ਕੋਲ ਵੀ ਜੀਵਨ ਦੇ ਗੁੰਝਲਦਾਰ ਸਵਾਲਾਂ ਦਾ ਕੋਈ ਹਲ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਸਨ ਕਿ ਸੰਸਾਰਕ ਵੈਦ ਜੀਵਨ ਦੀ ਬਾਂਹ ਫੜ ਨਬਜ ਲੱਭ ਰਹੇ ਹਨ ਪਰ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਰੋਗ ਤਾਂ ਮਨ ਅੰਦਰ ਹੈ “ ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ,ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ “ 9 ਨੌਜਵਾਨ ਪੀੜ੍ਹੀ ਦੀ ਮੁੱਖ ਸਮੱਸਿਆ ਹੈ ਕਿ ਉਸ ਨੂੰ ਆਪਣੀ ਮੰਜਿਲ ਦਾ ਹੀ ਗਿਆਨ ਨਹੀਂ ਹੈ। ਮੰਜਿਲ ਹੀ ਨਹੀਂ ਪਤਾ ਤਾਂ ਮਾਰਗ ਕਿਵੇਂ ਲੱਭਿਆ ਜਾ ਸਕਦਾ ਹੈ। ਕਦੇ ਉਸ ਨੂੰ ਲੱਗਦਾ ਹੈ ਕਿ ਡਿਗਰੀ ਜਰੂਰੀ ਹੈ ,ਕਦੇ ਧਨ ਦਾ ਮੋਹ ਵੱਧ ਜਾਂਦਾ ਹੈ। ਕਦੇ ਪਰਿਵਾਰਕ –ਸਮਾਜਕ ਸਬੰਧਾਂ ਦੀ ਚਿੰਤਾ ਹੋ ਜਾਂਦੀ ਹੈ ਤੇ ਕਦੇ ਉਹ ਰੁਤਬੇ , ਔਹਦੇ ਲਈ ਜਤਨਸ਼ੀਲ ਹੋ ਜਾਂਦਾ ਹੈ। ਉਹ ਇਨ੍ਹਾਂ ਭੰਭਲ ਭੂਸਿਆਂ ਵਿੱਚ ਪਿਆ ਕਦੇ ਦੇਸ਼ ਤੇ ਕਦੇ ਵਿਦੇਸ਼ ਦੀ ਦੌੜ ਲਾਉਂਦਾ ਰਹਿੰਦਾ ਹੈ। ਇਹ ਭਰਮ , ਚਿੰਤਾਵਾਂ ਭਾਵੇਂ ਉਸ ਨੂੰ ਮਨ ਚਾਹੀਆਂ ਪ੍ਰਾਪਤੀਆਂ ਦੇ ਨੇੜੇ ਲੈ ਜਾਣ ਪਰ ਮਨ ਟਿਕਦਾ ਨਹੀਂ , ਭੱਟਕਦਾ ਰਹਿੰਦਾ ਹੈ। ਜੀਵਨ ਅੰਦਰ ਕੁਝ ਹਾਸਲ ਕਰ ਲੈਣ ਤੋਂ ਬਾਅਦ ਵੀ ਮਨ ਅੰਦਰ ਬੇਚੈਨੀ ਅੱਜ ਦੇ ਨੌਜਵਾਨ ਦੀ ਨਿਸ਼ਾਨੀ ਬਣ ਗਈ ਹੈ। ਇਸ ਦਾ ਇੱਕੋ ਨਿਦਾਨ ਹੈ ਗੁਰੂ ਦੀ ਸ਼ਰਣ ਲੈ ਕੇ ਗੁਰੂ ਦੇ ਹੁਕਮ ਨੂੰ ਜੀਵਨ ਦਾ ਆਧਾਰ ਬਣਾਉਣਾ।
ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ£
(ਪੰਨਾ ੫੮)
ਗੁਰੂ ਦੇ ਹੁਕਮ ਨੂੰ ਜਾਨਣਾ ਤੇ ਮੰਨਣਾ ਹੀ ਨੌਜਵਾਨ ਪੀੜ੍ਹੀ ਦੀ ਬੇਚੈਨੀ ਦਾ ਨਿਦਾਨ ਹੈ। ਗੁਰੂ ਬਿਨਾ ਨੌਜਵਾਨ ਹੀ ਨਹੀਂ ਕੋਈ ਵੀ ਸਫਲ ਜੀਵਨ ਦੀ ਰਾਹ ਨਹੀਂ ਜਾਣ ਸਕਦਾ। ਜਿਸ ਨੇ ਗੁਰੂ ਦੀ ਸ਼ਰਣ ਨਹੀਂ ਲਈ ,ਗੁਰੂ ਦਾ ਹੁਕਮ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਇਆ ਉਹ ਉਸ ਇਸਤਰੀ ਦੀ ਤਰਹ ਹੈ ਜੋ ਪਤੀ ਤੋਂ ਵਿਹੂਣੀ ਹੈ ਪਰ ਸੱਜ ਸੰਵਰ ਕੇ ਸਿੰਗਰ ਕਰ ਕੇ ਬੈਠੀ ਹੋਈ ਹੈ।
ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ
ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ
ਦੂਖ ਘਨੋ ਦੋਹਾਗਣੀ ਨਾ ਘਰਿ ਸੇਜ ਭਤਾਰੁ ੧
(ਪੰਨਾ ੫੮)
ਜਿਸ ਇਸਤਰੀ ਦਾ ਕੋਈ ਪਤੀ ਨਾ ਹੋਵੇ ,ਉਸ ਦਾ ਕੀਤਾ ਸਿੰਗਰ ਤੇ ਜਵਾਨੀ ਵਿਅਰਥ ਹੈ। ਉਹ ਕਿੰਨਾ ਵੀ ਸੱਜ ਸੰਵਰ ਲਵੇ ਉਸ ਨੂੰ ਸੇਜ ਦਾ ਸੁੱਖ ਨਹੀਂ ਪ੍ਰਾਪਤ ਹੁੰਦਾ ਭਾਵ ਮਨ ਸਹਿਜ ਤੇ ਸੰਤੋਖ ਵਿੱਚ ਨਹੀਂ ਆਉਂਦਾ। ਬਿਨਾ ਪਤੀ ਵਾਲੀ ਇਸਤਰੀ ਦੇ
-੩-
ਜੀਵਨ ਅੰਦਰ ਦੁੱਖ ਹੀ ਦੁੱਖ ਹੁੰਦੇ ਹਨ। ਬਿਨਾ ਗੁਰੂ ਦੀ ਸ਼ਰਣ , ਮਨੁੱਖ ਦਾ ਇਹੋ ਹਾਲ ਹੁੰਦਾ ਹੈ। ਉਸ ਦਾ ਜੀਵਨ ਸਾਰੇ ਸੰਸਾਰਕ ਪਦਾਰਥ , ਬਲ ਹੁੰਦੀਆਂ ਵੀ ਸੁੱਖ ਰਹਿਤ ਹੁੰਦਾ ਹੈ। ਉਸ ਦਾ ਮਨ ਭੱਟਕਦਾ ਹੀ ਰਹਿੰਦਾ ਹੈ। ਉਹ ਤਨ ਤੇ ਮਨ ਦੁਹਾਂ ਦੇ ਰੋਗਾਂ ਨਾਲ ਘਿਰਿਆ ਰਹਿੰਦਾ ਹੈ। ਨੌਜਵਾਨ ਆਮ ਤੌਰ ਤੇ ਗੁੱਸੇ ਤੇ ਖਿੱਜ ਨਾਲ ਭਰਿਆ ਮਿਲਦਾ ਹੈ। ਇਸ ਨੂੰ ਜਵਾਨੀ ਦਾ ਲੱਖਨ ਮੰਨ ਲਿਆ ਜਾਂਦਾ ਹੈ। ਪਰ ਇਹ ਜਵਾਨੀ ਦਾ ਨਹੀਂ , ਬਿਨਾ ਗੁਰੂ ਦੇ ਜੀਵਨ ਜਿਉਣ ਦਾ ਲੱਖਨ ਹੈ। ਜੀਵਨ ‘ਚ ਗੁਰੂ ਦੀ ਮਿਹਰ ਨਹੀ ,ਗੁਰੂ ਦੀਆਂ ਸਿਖਿਆਵਾਂ ਨਹੀਂ ਤਾਂ ਮਨ ਪ੍ਰੇਮ ਤੋਂ ਸੱਖਣਾ ਹੈ “ ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ “ 9 ਗੁਰੂ ਦਾ ਹੁਕਮ ਧਾਰਨ ਕਰਣ ਨਾਲ ਹੀ ਜੀਵਨ ਜਿਉਣ ਜੋਗ ਬਣਦਾ ਹੈ। ਇਸ ਲਈ ਗੁਰਦੁਆਰੇ ਆਉਣਾ ਪਵੇਗਾ। ਗੁਰਦੁਆਰੇ ਆਉਣ ਦਾ ਅਰਥ ਆਪਣੇ ਜੀਵਨ ਦੇ ਔਗੁਣਾਂ , ਕਮਜੋਰੀਆਂ ਨੂੰ ਸਵੀਕਾਰ ਕਰਨਾ ਤੇ ਹਰ ਥਾਂ ਤੋਂ ਨਿਰਾਸ਼ ,ਉਦਾਸ ਹੋ ਵਾਹਿਗੁਰੂ ਕੋਲੋਂ ਆਸ ਤੇ ਤਾਰ ਲੈਣ ਦੀ ਅਰਦਾਸ ਕਰਨਾ ਹੈ “ ਜਗੁ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ , ਗੁਰ ਸੇਵਾ ਪ੍ਰਭੁ ਪਾਇਆ ਸਚੁ ਮੁਕਤਿ ਦੁਆਰਾ “ 9 ਜਦੋਂ ਤੱਕ ਮਨ ਅੰਦਰ ਇਹ ਭਾਵਨਾ ਸੁਭਾਵਕ ਤੌਰ ਤੇ ਜਨਮ ਨਹੀ ਲੈਂਦੀ ਗੁਰੂ ਘਰ ਸ਼ਰੀਰਕ ਹਾਜਰੀ ਤਾਂ ਲੱਗ ਜਾਏਗੀ ਪਰ ਆਤਮਕ ਮਨੋਰਥ ਪ੍ਰਵਾਨ ਨਹੀਂ ਹੁੰਦਾ। ਨੌਜਵਾਨ ਆਪਣੀ ਤਰੱਕੀ ਲਈ ਕਾਹਲਾ ਹੈ ਤਾਂ ਸੰਸਾਰ ਦੇ ਹਾਲ ਸਮਝਣ ‘ਚ ਗੁਰਬਾਣੀ ਹੀ ਮਦਦਗਾਰ ਹੋ ਸੱਕਦੀ ਹੈ। ਆਪਣੀ ਬੁੱਧਿ,ਸਿਆਣਪ ਨਾਲ ਸੰਸਾਰ ਨੂੰ ਵੇਖਣਾ ਸਦਾ ਹੀ ਅਹਿਤਕਾਰੀ ਹੈ। ਗੁਰੂ ਨਾਨਕ ਸਾਹਿਬ ਨੇ ਅਜਿਹੇ ਜਤਨਾਂ ਨੂੰ ਮੂੜ੍ਹਤਾ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਗੁਰੂ ਉਪਦੇਸ਼ ਧਾਰਨ ਕੀਤੇ ਬਿਨਾ ਜੀਵਨ ਅੰਦਰ ਪ੍ਰਾਪਤੀ ਸੰਭਵ ਹੀ ਨਹੀ ਹੈ “ ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ,ਬਿਨੁ ਗੁਰ ਪੰਥ ਨ ਸੂਝਈ ਕਿਤੁ ਬਿਧਿ ਨਿਰਬਹੀਐ “ 9 ਆਮ ਤੌਰ ਤੇ ਮਨੁੱਖ ਆਪਣੇ ਭਵਿੱਖ ਬਾਰੇ ਜਵਾਨੀ ਵਿੱਚ ਜੋ ਸੁਪਨੇ ਵੇਖਦਾ ਹੈ, ਉਹ ਘੱਟ ਹੀ ਪੂਰੇ ਹੁੰਦੇ ਹਨ। ਜੀਵਨ ਦੇ ਸੰਧਿਆ ਕਾਲ ‘ਚ ਜਿਆਦਾਤਰ ਲੋਗ ਨਿਰਾਸ਼ ਹੀ ਮਿਲਦੇ ਹਨ। ਜਵਾਨੀ ਵਿੱਚ ਮਨੁੱਖ ਆਤਮ ਵਿਸ਼ਵਾਸ ਨਾਲ ਭਰਿਆ ਹੁੰਦਾ ਹੈ ਤੇ ਸਫਲਤਾ ਉਸ ਨੂੰ ਸਦਾ ਨੇੜੇ ਹੀ ਵਿਖਾਈ ਦਿੰਦੀ ਹੈ। ਦਰਅਸਲ ਇਹ ਉਸ ਦਾ ਭਰਮ ਹੁੰਦਾ ਹੈ ਜੋ ਸਮਾਂ ਆਉਣ ਤੇ ਟੁੱਟਦਾ ਹੈ ਤਾਂ ਘੋਰ ਪਛਤਾਵਾ ਹੁੰਦਾ ਹੈ। ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਮਨੁੱਖ ਨਾਲ ਨੀਅਤੀ ਦਾ ਇਹ ਵਰਤਾਰਾ ਤਾਂ ਜਨਮਾਂ ਜਨਮਾਂ ਤੋਂ ਹੁੰਦਾ ਆ ਰਿਹਾ ਹੈ “ ਖੇਲਤ ਖੇਲਤ ਆਇਓ ਅਨਿਕ ਜੋਨਿ ਦੁਖ ਪਾਇ” 9 ਇਹ ਪਛਤਾਵਾ ਇੱਕ ਜਨਮ ਦਾ ਨਹੀਂ ਅਨੇਕ ਜਨਮਾਂ ਦਾ ਹੈ। ਭਾਵਨਾ ਤੇ ਸਮਰਪਣ ਨਾਲ ਗੁਰੂ ਘਰ ਗਿਆਂ ਜਨਮਾਂ ਜਨਮਾਂ ਦੇ ਪਛਤਾਵੇ , ਦੁੱਖ ਮਿਟ ਜਾਂਦੇ ਹਨ ਤੇ ਜੀਵਨ ਬਖਸ਼ਿਸ਼ਾਂ ਨਾਲ ਭਰਪੂਰ ਹੋ ਜਾਂਦਾ ਹੈ “ ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ ਪਤਿਵੰਤ , ਖਰਾ ਦਿਲਾਸਾ ਗੁਰਿ ਦੀਆ ਆਇ ਮਿਲੇ ਭਗਵੰਤ “ 9 ਅੱਜ ਦਾ ਨੌਜਵਾਨ ਸੰਸਾਰਕ ਲੋਕਾਂ ਦੀ ਕਿਰਪਾ ਲਈ ਕੁਝ ਵੀ ਕਰਣ ਨੂੰ ਤਿਆਰ ਹੋ ਜਾਂਦਾ ਹੈ। ਉਹ ਕਿਸੇ ਨੂੰ ਵੀ ਦਾਤਾ , ਆਪਣਾ ਭਾਗ ਵਿਧਾਤਾ ਮੰਨ ਲੈਂਦਾ ਹੈ। ਗੁਰਦੁਆਰੇ ਆਈਆਂ ਹੀ ਸਮਝ ਆਉਂਦੀ ਹੈ ਕਿ ਕਰਤਾ ,ਦਾਤਾ ਤਾਂ ਇੱਕੋ ਇੱਕ ਅਕਾਲ ਪੁਰਖ ਹੈ। ਉਸ ਦੀ ਵਡਿਆਈ ,ਭਰੋਸੇ ਤੇ ਸਮਰਪਣ ਦਾ ਇੱਕ ਕਿਣਕਾ ਵੀ ਮਨ ਅੰਦਰ ਵੱਸ ਜਾਏ ਤਾਂ ਉਹ ਆਪਣੀ ਕਿਰਪਾ ਨਾਲ ਨਿਹਾਲ ,ਨਿਹਾਲ ਕਰ ਦਿੰਦਾ ਹੈ “ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ “ 9
ਜਿੱਥੇ ਸਾਰੀਆਂ ਦਾਤਾਂ ਦਾ ਅਤੁੱਟ ਲੰਗਰ ਵਰਤ ਰਿਹਾ ਹੈ ਉਸ ਗੁਰੂ ਘਰ ਵਿੱਚ ਆਉਣ ਲਈ ਸਮਾਂ ਕੱਢਣ ਦੀ ਤਾਂ ਲੋੜ ਹੀ ਨਹੀ ਪੈਣੀ ਚਾਹੀਦੀ। ਇਹ ਤਾਂ ਜੀਵਨ ਦਾ ਅਭਿੰਨ ਹਿੱਸਾ ਹੋਣਾ ਚਾਹੀਦੇ। ਗੁਰੂ ਘਰ ,ਗੁਰੂ ਦੀ ਨੇੜਤਾ ਦਾ ,ਗੁਰੂ ਦਾ ਸੰਗ ਪ੍ਰਾਪਤ ਕਰਨ ਦਾ ਦਰ ਹੈ। ਜੇ ਪਰਮ ਕਿਰਪਾਲੂ , ਸਰਬ ਸਮਰਥ ਦਾ ਸੰਗ ਮਿਲ ਜਾਏ ਤਾਂ ਜੀਵਨ ਅੰਦਰ ਕੋਈ ਦੋਖ ,ਸੋਗ ਨਹੀਂ ਰਹਿੰਦਾ “ ਜਾ ਕਉ ਤੁਮ ਭਏ ਸਮਰਥ ਅੰਗਾ , ਤਾ ਕਉ ਕਛੁ ਨਾਹੀ ਕਾਲੰਗਾ “ 9 ਗੁਰੂ ਦਾ ਸੰਗ ਦੁਖ ਦੂਰ ਕਰਣ ਵਾਲਾ ਤਾਂ ਹੈ ਹੀ, ਵਡਿਆਈ ਦੇਣ ਵਾਲਾ ਵੀ ਹੈ “ ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ “ 9 ਪਰਮਾਤਮਾ ਦੀ ਮਿਹਰ ਹੋਵੇ ਤਾਂ ਸੰਸਾਰਕ , ਅਧਿਆਤਮਕ ਸਾਰੇ ਮਨੋਰਥ ਪੂਰੇ ਹੁੰਦੇ ਹਨ “ ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਨੋ ਸਦਾ ਰਖਦਾ ਆਇਆ “ 9 ਸ੍ਰੀ ਹਰਿਮੰਦਰ ਸਾਹਿਬ ਸ਼ਰਧਾਲੂਆਂ ਦੀਆਂ ਲਾਈਨਾਂ ਲੱਗੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਦਾ ਦਰਸ਼ਨ ਕਰਣ ਤੋਂ ਬਾਅਦ ਪ੍ਰਾਪਤ ਹੁੰਦੀ ਅਸੀਮਆਤਮਕ ਸ਼ਾਂਤੀ ਤੋਂ ਕੋਈ ਇਨਕਾਰ ਨਹੀਂ ਕਰ ਸੱਕਦਾ। ਇੱਥੋਂ ਜਾਣ ਤੋਂ ਬਾਅਦ
-੪-
ਕਿਉਂ ਨਹੀ ਨੇਮ ਬਣਿਆ ਰਹਿੰਦਾ ਗੁਰੂ ਘਰ ਜਾਣ ਦਾ। ਜੋ ਬਖਸ਼ਿਸ਼ ਇਸ ਪਵਿੱਤਰ ਅਸਥਾਨ ਤੇ ਗੁਰੂ ਰਾਮਦਾਸ ਜੀ ਦੀ ਹੈ ਉਹੋ ਬਖਸ਼ਿਸ਼ ਹਰ ਗੁਰੂ ਘਰ ਤੇ ਵਰ੍ਹ ਰਹੀ ਹੈ ਜਿੱਥੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਤੇ ਪ੍ਰਕਾਸ਼ਮਾਨ ਹਨ। ਸਿੱਖ ਦੀ ਨਿਤ ਅਰਦਾਸ ਵੀ ਪੰਜਾਂ ਤਖਤਾਂ ,ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਵਾਹਿਗੁਰੂ ਦਾ ਸਿਮਰਨ ਕਰਣ ਦੀ ਹੁੰਦੀ ਹੈ। ਇੱਕ ਸਿੱਖ ਨੌਜਵਾਨ ਜਿੰਨਾ ਸਮਾਂ ਮੋਬਾਈਲ ਤੇ ਸਵੇਰ ਦੇ ਮੈਸਜ ਪੜ੍ਹਨ ਤੇ ਭੇਜਣ ‘ਚ ਲਾਉਂਦਾ ਹੈ ਉਹ ਸਮਾਂ ਗੁਰੂ ਘਰ ਜਾ ਕੇ ਸ਼ਬਦ ਕੀਰਤਨ ਤੇ ਸ਼ਬਦ ਵੀਚਾਰ ਸੁਣਨ ‘ਚ ਲਾਏ ਤਾਂ ਦਿਨ ਨਹੀਂ ਪੂਰਾ ਜੀਵਨ ਸਫਲ ਹੋ ਜਾਏਗਾ। ਗੁਰੂ ਘਰ ਜਾਣਾ ,ਗੁਰ ਸ਼ਬਦ ਧਾਰਨ ਕਰਨਾ ਸੱਚਾ ਸਿੱਖ ਬਣਨ ਦੇ ਮਾਰਗ ਤੇ ਚੱਲਣਾ ਹੈ। ਨੌਜਵਾਨ ਪੀੜ੍ਹੀ ਦੀ ਸਫਲਤਾ ਸੱਚਾ ਸਿੱਖ ਬਣਨ ‘ਚ ਹੀ ਹੈ “ ਸਚੁ ਖਾਣਾ ਸਚੁ ਪੈਨਣਾ ਸਚੁ ਟੇਕ ਹਰਿ ਨਾਉ ,ਜਿਸ ਨੋ ਬਖਸੇ ਤਿਸੁ ਮਿਲੈ ਮਹਲੀ ਪਾਏ ਥਾਉ “ 9 ਸਚਿਆਰ ਬਣਨ ਤੇ ਸੱਚੇ ਪਰਮਾਤਮਾ ਦੀ ਮਿਹਰ ਲਈ ਗੁਰੂ ਘਰ ਹੀ ਇੱਕੋ ਅਸਥਾਨ ਹੈ ਗੁਰਮੁਖਿ ਦਰਿ ਸਾਚੈ ਸਚਿਆਰ ਹਹਿ ਸਾਚੇ ਮਾਹਿ ਸਮਾਹਿ।