December 4, 2024 8:50 pm

‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਦੀ ਦੁਰਵਰਤੋਂ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸੰਸਾਰ ਪ੍ਰਸਿੱਧ ਅਰਥ ਸਾਸ਼ਤਰੀ ਡਾ. ਮਨਮੋਹਨ ਸਿੰਘ ਨੇ ਭਾਰਤੀ ਰਾਸ਼ਟਰਵਾਦ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਬਾਰੇ ਬਹੁਤ ਹੀ ਅਰਥ ਭਰਪੂਰ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਦੇਸ਼ ਦੀ ਹੁਕਮਰਾਨ ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਧਿਰਾਂ ਦੇਸ਼ ਵਿੱਚ ਰਾਸ਼ਟਰਵਾਦ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਨਾਲ ਦੇਸ਼ ਦੇ ਅਕਸ਼ ਨੂੰ ਵਿਗਾੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਦੁਰਵਰਤੋਂ ਨਾਲ ਕਰੋੜਾਂ ਦੇਸ਼ ਵਾਸੀਆਂ ਦੇ ‘ਉੱਗਰ ਅਤੇ ਪੂਰੀ ਤਰ੍ਹਾਂ ਭਾਵੁਕ’ ਅਕਸ਼ ਨੂੰ ਉਭਾਰਿਆ ਜਾ ਰਿਹਾ ਹੈ। ਇਸ ਨਾਲ ਘੱਟ ਗਿਣਤੀ ਭਾਈਚਾਰਿਆਂ ਅਤੇ ਦੂਸਰੇ ਦੇਸ਼ਾਂ ਵਿੱਚ ਭਾਰਤ ਦਾ ਗਲਤ ਬਿੰਬ ਉੱਭਰ ਰਿਹਾ ਹੈ। ਉਨ੍ਹਾਂ ਦਾ ਇਹ ਸ਼ਿਕਵਾ ਪੂਰੀ ਤਰ੍ਹਾਂ ਜਾਇਜ਼ ਹੈ। ਹੁਣ ਤੱਕ ਭਾਰਤ ਦੀ ਸੰਸਾਰ ਪੱਧਰ ‘ਤੇ ਇਕ ਮਜ਼ਬੂਤ ਜਮਹੂਰੀ ਦੇਸ਼ ਵੱਜੋਂ ਸ਼ਾਖ ਬਣੀ ਹੋਈ ਹੈ। ਦੇਸ਼ ਦਾ ਜ਼ਿਕਰ ਮੋਹਰੀ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਹੁੰਦਾ ਹੈ। ਦੇਸ਼ ਦੇ ਇਸ ਅਕਸ਼ ਦੀ ਉਸਾਰੀ ਦਹਾਕਿਆਂ ਦੀ ਮਿਹਨਤ ਅਤੇ ਕਾਰਗੁਜਾਰੀ ਦਾ ਹੀ ਸਿੱਟਾ ਹੈ। ਇਸ ਵਿੱਚ ਦੇਸ਼ ਦੇ ਸਿਆਸੀ ਰਹਿਨੁਮਾਵਾਂ ਅਤੇ ਹੁਨਰਮੰਦ ਸਖਸ਼ੀਅਤਾਂ ਦਾ ਵੀ ਵੱਡਾ ਯੋਗਦਾਨ ਹੈ। ਜੇਕਰ 1947 ਤੋਂ ਬਾਅਦ ਭਾਰਤ ਵਿੱਚ ਮੌਜੂਦਾ ਤਰੀਕੇ ਨਾਲ ਰਾਸ਼ਟਰਵਾਦ ਨੂੰ ਉਭਾਰਿਆ ਗਿਆ ਹੁੰਦਾ ਤਦ ਦੇਸ਼ ਡੂੰਘੇ ਫਿਰਕੂ ਟਕਰਾਅ ਵਿੱਚ ਫਸ ਜਾਣਾ ਸੀ। ਮੌਜੂਦਾ ਸਮੇਂ ਕੁਝ ਸਿਆਸੀ ਤਾਕਤਾਂ ਦੇਸ਼ ਦੀ ਸਦਭਾਵਨਾ ਅਤੇ ਫਿਰਕੂ ਇਕਸੁਰਤਾ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰ ਰਹੀਆਂ ਹਨ। ਇਨ੍ਹਾਂ ਯਤਨਾਂ ਕਾਰਨ ਹੀ ਦੇਸ਼ ਵਿੱਚ ਜਮਹੂਰੀ ਪ੍ਰਬੰਧ ਕਮਜ਼ੋਰ ਹੁੰਦਾ ਜਾ ਰਿਹਾ ਹੈ। ਡਾ. ਮਨਮੋਹਨ ਸਿੰਘ ਦਾ ਇਹ ਕਹਿਣਾ ਬਿਲਕੁਲ ਜਾਇਜ ਹੈ ਕਿ ਰਾਸ਼ਟਰਵਾਦ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਕਾਰਨ ਦੇਸ਼ ਦਾ ਅਕਸ਼ ਵਿਗੜਿਆ ਹੈ। ਇਸ ਸਿਲਸਿਲੇ ਵਿੱਚ ਸਾਰੀਆਂ ਸਬੰਧਤ ਧਿਰਾਂ ਨੂੰ ਮੁੜ ਸੋਚਣਾ ਚਾਹੀਦਾ ਹੈ। ਭਾਰਤ ਨੂੰ ਜਮਹੂਰੀ ਤੌਰ ‘ਤੇ ਮਜ਼ਬੂਤ ਕਰਨ ਲਈ ਆਪਸੀ ਇਕਸੁਰਤਾ ਅਤੇ ਫਿਰਕੂ ਭਾਈਚਾਰੇ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਦੇਸ਼ ਵਿੱਚ ਇਸ ਸਮੇਂ ਜੋ ਮਾਹੌਲ ਬਣਾਇਆ ਜਾ ਰਿਹਾ ਹੈ ਉਹ ਆਮ ਲੋਕਾਂ ਦੇ ਪੱਖ ਵਿੱਚ ਨਹੀਂ ਹੈ। ਦੇਸ਼ ਨੂੰ ਸਹੀ ਦਿਸ਼ਾ ਵਿੱਚ ਤੋਰਨ ਲਈ ਫਿਰਕੂ ਮੁੱਦਿਆਂ ਅਤੇ ਨਾਅਰਿਆਂ ਨਾਲੋਂ ਤੋੜ ਵਿਛੋੜਾ ਕਰਨਾ ਬੇਹੱਦ ਜ਼ਰੂਰੀ ਹੈ। ‘ਭਾਰਤ ਮਾਤਾ ਦੀ ਜੈ’ ਅਸਲ ਅਰਥਾਂ ਵਿੱਚ ਤਦ ਹੀ ਹੋ ਸਕਦੀ ਹੈ ਜੇਕਰ ਦੇਸ਼ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਉੱਪਰ ਤੁਰੇ। ਦੇਸ਼ ਵਿੱਚੋਂ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਨੂੰ ਮਿਟਾਉਣਾ ਹੀ ‘ਭਾਰਤ ਮਾਤਾ ਦੀ ਜੈ’ ਹੋਵੇਗਾ।
-ਬਲਜੀਤ ਸਿੰਘ ਬਰਾੜ