ਕਸ਼ਮੀਰ ਦੇ ਦੋ ਦਿਨਾਂ ਦੌਰੇ ’ਤੇ ਸ੍ਰੀਨਗਰ ਪਹੁੰਚੇ ਰੱਖਿਆ ਮੰਤਰੀ- ਸੁਰੱਖਿਆ ਸਥਿਤੀ ਦਾ ਲਿਆ ਜਾਇਜ਼ਾ
ਸ੍ਰੀਨਗਰ, 14 ਜੂਨ (ਪੀ. ਟੀ. ਲਾਇਵ)- ਰੱਖਿਆ ਮੰਤਰੀ ਅਰੁਨ ਜੇਤਲੀ ਨੇ ਅੱਜ ਕਿਹਾ ਕਿ ਦੇਸ਼ ਦੇ ਸੁਰੱਖਿਆ ਬਲ ਪਾਕਿਸਤਾਨ ਵਲੋਂ ਕੰਟਰੋਲ ਰੇਖਾ ਦੇ ਨਾਲ ਜੰਗਬੰਦੀ ਦੀ ਕੀਤੀ ਜਾ ਰਹੀ ਉਲੰਘਣਾਂ ਦਾ ਜਵਾਬ ਦੇਣ ਦੇ ਸਮਰਥ ਹਨ। ਸ੍ਰੀ ਜੇਤਲੀ ਜਿਹੜੇ ਜੰਮੂ ਤੇ ਕਸ਼ਮੀਰ ਦੇ ਦੋ ਦਿਨਾ ਦੌਰੇ ‘ਤੇ ਇਥੇ ਪੁੱਜੇ ਨੇ ਕਿਹਾ ਕਿ ਉਹ ਸੁਰੱਖਿਆ ਗਰਿਡ ਵਿਚ ਸ਼ਾਮਿਲ ਸੂਬਾ ਸਰਕਾਰ ਅਤੇ ਅਧਿਕਾਰੀਆਂ ਨਾਲ ਸੁਰੱਖਿਆ ਮਾਮਲਿਆਂ ‘ਤੇ ਸਥਿਤੀ ਦਾ ਜਾਇਜ਼ਾ ਲੈਣਗੇ। ਉਨ੍ਹਾਂ ਦੀ ਸੂਬਾ ਫੇਰੀ ਤੋਂ ਇਕ ਦਿਨ ਪਹਿਲਾਂ ਸਮੇਤ ਜੰਗਬੰਦੀ ਦੀ ਕੀਤੀ ਜਾ ਰਹੀ ਉਲੰਘਣਾਂ ਬਾਰੇ ਪੁੱਛੇ ਜਾਣ ‘ਤੇ ਰੱਖਿਆ ਮੰਤਰੀ ਨੇ ਕਿਹਾ ਕਿ ਸਾਡੇ ਬਲ ਇਸ ਦਾ ਜਵਾਬ ਦੇਣ ਦੇ ਸਮਰੱਥ ਹਨ। ਸ੍ਰੀ ਜੇਤਲੀ ਰਾਜ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਿਛਲੇ
ਮਹੀਨੇ ਰੱਖਿਆ ਮੰਤਰੀ ਵਜੋਂ ਅਹੁਦਾ ਸੰਭਾਲਣ ਪਿੱਛੋਂ ਆਪਣੇ ਪਹਿਲੇ ਦੌਰੇ ‘ਤੇ ਸੈਨਾ ਮੁਖੀ ਜਨਰਲ ਬਿਕਰਮ ਸਿੰਘ ਨਾਲ ਇਥੇ ਪੁੱਜੇ ਸ੍ਰੀ ਜੇਤਲੀ ਨੇ ਰਾਜਪਾਲ ਐਨ. ਐਨ. ਵੋਹਰਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਵੀ ਮੀਟਿੰਗਾਂ ਕੀਤੀਆਂ। ਸ੍ਰੀ ਜੇਤਲੀ ਦੇ ਦੌਰੇ ਤੋਂ ਪਹਿਲਾਂ ਕੱਲ੍ਹ ਪਾਕਿਸਤਾਨੀ ਸੈਨਿਕਾਂ ਨੇ ਪੁਣਛ ਸੈਕਟਰ ਵਿਚ ਮੋਰਟਾਰ ਤੋਪਾਂ ਵਰਗੇ ਭਾਰੀ ਹਥਿਆਰਾਂ ਨਾਲ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਜਿਸ ਪਿੱਛੋਂ ਭਾਰਤ ਨੇ ਪਾਕਿਸਤਾਨ ਨੂੰ ਤੁਰੰਤ ਦੁਹਰਾਇਆ ਕਿ ਸਬੰਧਾਂ ਨੂੰ ਆਮ ਵਰਗਾ ਬਣਾਉਣ ਲਈ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣਾ ਪੇਸ਼ਗੀ ਸ਼ਰਤ ਹੈ। ਪਾਕਿਸਤਾਨੀ ਗੋਲਾਬਾਰੀ ਦਾ ਭਾਰਤੀ ਸੈਨਿਕਾਂ ਨੇ ਪੂਰੇ ਪ੍ਰਭਾਵੀ ਤਰੀਕੇ ਨਾਲ ਜਵਾਬ ਦਿੱਤਾ। ਜੰਮੂ ਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜੰਗਬੰਦੀ ਦੀ ਉਲੰਘਣਾਂ ਦੇ ਸਮੇਂ ‘ਤੇ ਸਵਾਲ ਉਠਾਇਆ ਹੈ। ਉਮਰ ਅਬਦੁੱਲਾ ਨੇ ਟਵਿੱਟਰ ‘ਤੇ ਲਿਖਿਆ ਕਿ ਇਹ ਉਸ ਵਾਪਰਿਆਂ ਜਦੋਂ ਰੱਖਿਆ ਮੰਤਰੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਆਪਣਾ ਪਹਿਲਾ ਦੌਰਾ ਜੰਮੂ ਤੇ ਕਸ਼ਮੀਰ ਦਾ ਕਰ ਰਹੇ ਹਨ। ਜੰਗਬੰਦੀ ਉਲੰਘਣਾਂ ਤੋਂ ਇਕ ਦਿਨ ਪਹਿਲਾਂ ਪੁਣਛ ਵਿਚ ਕੰਟਰੋਲ ਰੇਖਾ ਦੇ ਨਾਲ ਨਾਲ ਤਾਰਕੁੰਡੀ ਇਲਾਕੇ ਵਿਚ ਦੇਸੀ ਬੰਬ ਫਟਣ ਨਾਲ ਇਕ ਜਵਾਨ ਮਾਰਿਆਂ ਗਿਆ ਸੀ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ ਸਨ। ਅਪ੍ਰੈਲ ਅਤੇ ਮੱਧ ਮਈ ਤਕ ਕੰਟਰੋਲ ਰੇਖਾ ‘ਤੇ ਜੰਗਬੰਦੀ ਉਲੰਘਣਾਂ ਦੀਆਂ 19 ਘਟਨਾਵਾਂ ਵਾਪਰੀਆਂ ਹਨ।



