Skip to content
Independent perspectives. Global stories.
BREAKING

ਉਦਯੋਗ ਵਿਭਾਗ ਵੱਲੋਂ ਸੂਬੇ ’ਚੋਂ ਰੇਤੇ ਦੇ ਗੈਰਕਾਨੂੰਨੀ ਕਾਰੋਬਾਰ ਨੂੰ ਰੋਕਣ ਲਈ ਕਮਰਕੱਸੇ

Share this story

ਵਿਭਾਗ ਨੂੰ ਚੁਸਤ ਦਰੁਸਤ ਕਰਨ ਲਈ ਬੁਨਿਆਦੀ ਲੋੜਾਂ ਹੋਣਗੀਆਂ ਪੂਰੀਆਂ-ਮਿੱਤਲ
ਪੰਜਾਬ ਟਾਇਮਜ਼ ਵਿਸ਼ੇਸ਼

ਪਰਨੀਤ ਬਰਾੜ ਕਾਰਜਕਾਰੀ ਸੰਪਾਦਕ

Page-3_03 ਚੰਡੀਗੜ੍ਹ/ਲੁਧਿਆਣਾ, 14 ਜੂਨ (ਪੀ. ਟੀ)- ਸੂਬੇ ਵਿੱਚੋਂ ਰੇਤੇ ਦਾ ਗੈਰ ਕਾਨੂੰਨੀ ਕਾਰੋਬਾਰ ਰੋਕਣ ਲਈ ਪੰਜਾਬ ਸਰਕਾਰ ਦੇ ਉਦਯੋਗ ਵਿਭਾਗ ਨੇ ਕਮਰਕੱਸ ਲਈ ਹੈ ਅਤੇ ਇਸ ਲਈ ਸੂਬੇ ਭਰ ਦੇ ਜ਼ਿਲ੍ਹਾ ਉਦਯੋਗ ਕੇਂਦਰਾਂ ਦੇ ਜਨਰਲ ਮੈਨੇਜਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹਿਆਂ ਦੇ ਉਦਯੋਗਿਕ ਕੇਂਦਰਾਂ ਨੂੰ ਚੁਸਤ ਦਰੁਸਤ ਕਰਨ, ਰੇਤੇ ਦੇ ਭਾਅ ਘੱਟ ਕਰਨ ਅਤੇ ਗੈਰਕਾਨੂੰਨੀ ਕਾਰੋਬਾਰ ਨੂੰ ਰੋਕਣ ਲਈ ਸੁਝਾਅ ਲੈਣ ਲਈ ਪੰਜਾਬ ਸਰਕਾਰ ਦੇ ਸਨਅਤਾਂ, ਵਣਜ, ਤਕਨੀਕੀ ਸਿੱਖਿਆ ਤੇ ਸਿਖਲਾਈ ਵਿਭਾਗਾਂ ਬਾਰੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਅੱਜ ਸਥਾਨਕ ਸਰਕਟ ਹਾਊਸ ਵਿਖੇ ਉੱਚ ਪੱਧਰੀ ਮੀਟਿੰਗ ਕੀਤੀ, ਜਿਸ ਵਿੱਚ ਵਿਭਾਗ ਨਾਲ ਸੰਬੰਧਤ ਉੱਚ ਅਧਿਕਾਰੀਆਂ ਤੋਂ ਇਲਾਵਾ

ਜਨਰਲ ਮੈਨੇਜਰਾਂ ਅਤੇ ਫੀਲਡ ਮੈਨੇਜਰਾਂ ਨੇ ਸ਼ਿਰਕਤ ਕੀਤੀ।
ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਸ੍ਰੀ ਮਦਨ ਮੋਹਨ ਮਿੱਤਲ ਨੇ ਹਰੇਕ ਜ਼ਿਲ੍ਹੇ ਦੀ ਕਾਨੂੰਨੀ ਅਤੇ ਗੈਰ ਕਾਨੂੰਨੀ ਮਾਈਨਿੰਗ ਦੀ ਰਿਪੋਰਟ ਲੈਣ ਦੇ ਨਾਲ-ਨਾਲ ਸਮੂਹ ਅਧਿਕਾਰੀਆਂ ਤੋਂ ਸੁਝਾਵਾਂ ਦੀ ਮੰਗ ਕੀਤੀ ਤਾਂ ਇਸ ਗੱਲ ’ਤੇ ਸਰਬਸੰਮਤੀ ਨਾਲ ਵਿਚਾਰ ਕੀਤਾ ਗਿਆ ਕਿ ਵਿਭਾਗ ਵੱਲੋਂ ਮੌਜੂਦਾ ਸਮੇਂ ਜਾਰੀ ਖੱਡਾਂ ਦੀ ਨਿਲਾਮੀ ਪ੍ਰਕਿਰਿਆ ਨੂੰ ਸੌਖਾ ਕੀਤਾ ਜਾਵੇ ਅਤੇ ਗਰੁੱਪ ਬਣਾ ਕੇ ਡਰਾਅ ਸਿਸਟਮ ਰਾਹੀਂ ਨਿਲਾਮੀ ਕੀਤੀ ਜਾਵੇ। ਇਸ ਕਾਲੇ ਕਾਰੋਬਾਰ ਨੂੰ ਰੋਕਣ ਲਈ ਜਿੱਥੇ ਵਿਭਾਗੀ ਦਫ਼ਤਰ ਸਟਾਫ਼ ਅਤੇ ਵਾਹਨਾਂ ਪੱਖੋਂ ਮੁਕੰਮਲ ਹੋਣੇ ਚਾਹੀਦੇ ਹਨ, ਉਥੇ ਵਿਭਾਗ ਦੀ ਆਪਣੀ ਇੱਕ ਟਾਸਕ ਫੋਰਸ ਵੀ ਹੋਣੀ ਚਾਹੀਦੀ ਹੈ। ਸੂਬੇ ਭਰ ਦੇ ਸਾਰੇ ਬਜਰੀ ਕਰੱਸ਼ਰ ਰਜਿਸਟਰਡ ਹੋਣੇ ਚਾਹੀਦੇ ਹਨ ਅਤੇ ਜੋ ਬਿਨਾ ਰਜਿਸਟ੍ਰੇਸ਼ਨ ਚੋਰੀ ਚੱਲ ਰਹੇ ਹਨ, ਉਨ੍ਹਾਂ ਨੂੰ ਤੁਰੰਤ ਸੀਲ ਕਰਨਾ ਚਾਹੀਦਾ ਹੈ। ਰੇਤੇ ਦੀ ਚੋਰੀ ਰੋਕਣ ਲਈ ਮੁਹਿੰਮ ਵਿੱਚ ਆਮ ਲੋਕਾਂ ਨੂੰ ਨਾਲ ਲੈਣ ਲਈ ਪਿੰਡ ਪੱਧਰ ’ਤੇ ਕਮੇਟੀਆਂ ਦਾ ਗਠਨ ਕਰਨ ’ਤੇ ਵੀ ਵਿਚਾਰਾਂ ਕੀਤੀਆਂ ਗਈਆਂ। ਮਾਈਨਿੰਗ ਨਾਲ ਸੰਬੰਧਤ ਜੋ ਮਾਮਲੇ ਅਦਾਲਤ ਵਿੱਚ ਚਲੇ ਜਾਂਦੇ ਹਨ, ਉਨ੍ਹਾਂ ਦੀ ਸਮੇਂ ਸਿਰ ਚਾਰਾਜੋਈ (ਪਰਸਇਊ) ਕਰਨ ਲਈ ਵਿਭਾਗੀ ਲੀਗਲ ਪੈਨਲ ਦਾ ਗਠਨ ਕਰਨ ਦਾ ਵੀ ਫੈਸਲਾ ਲਿਆ ਗਿਆ। ਇਸੇ ਤਰ੍ਹਾਂ ਹਰੇਕ ਜ਼ਿਲ੍ਹੇ ਨੂੰ ਇੱਕ-ਇੱਕ ਸੇਵਾਮੁਕਤ ਪਟਵਾਰੀ ਆਊਟਸੋਰਸਿੰਗ ਰਾਹੀਂ ਭਰਤੀ ਕਰਨ ਦਾ ਵੀ ਨਿਰਣਾ ਲਿਆ ਗਿਆ ਤਾਂ ਜੋ ਨਵੀਂ ਖੱਡਾਂ ਦੀ ਨਿਸ਼ਾਨਦੇਹੀ ਲਈ ਮਾਲ (ਰੈਵੇਨਿਊ) ਵਿਭਾਗ ਨਾਲ ਤਾਲਮੇਲ ਕਰਕੇ ਇਹ ਕੰਮ ਜਲਦੀ ਕਰਵਾਏ ਜਾ ਸਕਣ। ਰੇਤਾ ਚੋਰੀ ਦੇ ਮਾਮਲੇ ਵਿੱਚ ਜਿਹੜੇ ਅਨਰਜਿਸਟਰਡ ਵਾਹਨ ਫੜ੍ਹੇ ਜਾਂਦੇ ਹਨ, ਉਨ੍ਹਾਂ ਨੂੰ ਕਿਸੇ ਵੀ ਤਰੀਕੇ ਰਿਲੀਜ਼ ਨਾ ਹੋਣ ਦੇ ਸਕਣ ਬਾਰੇ ਕਾਨੂੰਨੀ ਰਾਏ ਲਈ ਜਾਵੇਗੀ। ਸ੍ਰੀ ਮਿੱਤਲ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਗੈਰਕਾਨੂੰਨੀ ਮਾਈਨਿੰਗ ਨਾਲ ਸੰਬੰਧਤ ਕਿੰਨੀਆਂ ਸ਼ਿਕਾਇਤਾਂ ਆਈਆਂ, ਕਿੰਨੀਆਂ ਕਾਰਵਾਈਆਂ ਕੀਤੀਆਂ, ਕਿੰਨੇ ਮਾਮਲੇ ਦਰਜ ਕਰਾਏ ਅਤੇ ਕਿੰਨੇ ਪੁਲਿਸ ਕੋਲ ਬਕਾਇਆ (ਪੈਂਡਿੰਗ) ਪਏ ਹਨ, ਬਾਰੇ ਹਰੇਕ ਮਹੀਨੇ ਰਿਪੋਰਟ ਹੈੱਡ ਆਫ਼ਿਸ ਭੇਜਿਆ ਕਰਨ। ਦੂਜੇ ਰਾਜਾਂ ਤੋਂ ਆਉਂਦੇ ਰੇਤੇ ਬੱਜਰੀ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ ਅਤੇ ਸੂਬੇ ਵਿੱਚ ਐਂਟਰੀ ਵੇਲੇ ਬਕਾਇਦਾ ‘ਐੱਮ’ ਜਾਂ ‘ਡੀ’ ਫਾਰਮ ਚੈੱਕ ਕੀਤਾ ਜਾਵੇ। ਰੇਤੇ ਦੀ ਹਰ ਗੱਡੀ ਚੈੱਕ ਕਰਨੀ ਯਕੀਨੀ ਬਣਾਈ ਜਾਵੇ। ਇਸੇ ਤਰ੍ਹਾਂ ਗੈਰ ਕਾਨੂੰਨੀ ਤੌਰ ’ਤੇ ਚੱਲ ਰਹੇ ਕਰੱਸ਼ਰਾਂ, ਜ਼ਬਤ ਮਸ਼ੀਨਰੀ ਅਤੇ ਸਟਾਕ ਬਾਰੇ ਵੀ ਮਹੀਨਾਵਾਰ ਕਾਰਵਾਈ ਰਿਪੋਰਟ ਭੇਜਣੀ ਜ਼ਰੂਰੀ ਹੋਵੇਗੀ। ਸ੍ਰੀ ਮਿੱਤਲ ਨੇ ਅਧਿਕਾਰੀਆਂ ਨੂੰ 24 ਘੰਟੇ ਸਟੇਸ਼ਨ ’ਤੇ ਹਾਜ਼ਰ ਰਹਿਣ ਦੀ ਚਿਤਾਵਨੀ ਦਿੱਦਿਆਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਇਸ ਕਾਲੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਵਿੱਚ ਸ਼ਾਮਿਲ ਸਾਹਮਣੇ ਆਇਆ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਬਿਨਾ ਕਿਸੇ ਰਾਜਸੀ ਦਬਾਅ ਤੋਂ ਡਿਊਟੀ ਤਨਦੇਹੀ ਨਾਲ ਕਰਨ ਦੀ ਹਦਾਇਤ ਕੀਤੀ। ਸ੍ਰੀ ਮਿੱਤਲ ਨੇ ਉੱਚ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਪਠਾਨਕੋਟ, ਗੁਰਦਾਸਪੁਰ, ਰੋਪੜ ਅਤੇ ਮੋਹਾਲੀ (ਅਜੀਤਗੜ੍ਹ) ਲਈ ਅਲੱਗ ਜਨਰਲ ਮੈਨੇਜਰ ਲਗਾਏ ਜਾਣ ਕਿਉਂਕਿ ਇਹ ਉਹ ਜ਼ਿਲ੍ਹੇ ਹਨ, ਜਿਥੇ ਵਧੇਰੇ ਖੱਡਾਂ ਪੈਂਦੀਆਂ ਹਨ ਅਤੇ ਜਿਆਦਾ ਨਜ਼ਰਸਾਨੀ ਦੀ ਲੋੜ ਹੈ। ਮੀਟਿੰਗ ਦੌਰਾਨ ਸ੍ਰੀ ਮਿੱਤਲ ਨੂੰ ਦੱਸਿਆ ਗਿਆ ਕਿ ਸੂਬੇ ਵਿੱਚ 300 ਦੇ ਕਰੀਬ ਖੱਡਾਂ ਹਨ, ਜਿਨ੍ਹਾਂ ਵਿੱਚੋਂ 49 ਖੱਡਾਂ ਦੀ ਹੀ ਨਿਲਾਮੀ ਹੋਈ ਹੈ, ਜਿਸ ਵਿੱਚੋਂ ਕਾਨੂੰਨੀ ਤੌਰ ’ਤੇ ਰੇਤਾ ਕੱਢਿਆ ਜਾ ਰਿਹਾ ਹੈ। ਜਦਕਿ 26 ਖੱਡਾਂ ਨੂੰ ਕੇਂਦਰੀ ਵਾਤਾਵਰਨ ਵਿਭਾਗ ਵੱਲੋਂ (ਇਨਵਾਇਰਨਮੈਂਟਲ ਕਲੀਅਰੈਂਸ) ਪ੍ਰਵਾਨਗੀ ਮਿਲਣੀ ਰਹਿੰਦੀ ਹੈ, ਜੋ ਕਿ ਕੁਝ ਦਿਨਾਂ ਵਿੱਚ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 13 ਖੱਡਾਂ ਦੀਆਂ ਫਾਈਲਾਂ ਹੋਰ ਤਿਆਰ ਪਈਆਂ ਹਨ, ਜੋ ਕਿ ਉਪਰੋਕਤ ਪ੍ਰਵਾਨਗੀ ਲਈ ਜਲਦੀ ਹੀ ਕੇਂਦਰੀ ਵਾਤਾਵਰਨ ਵਿਭਾਗ ਨੂੰ ਭੇਜੀਆਂ ਜਾ ਰਹੀਆਂ ਹਨ। ਮੀਟਿੰਗ ਦੌਰਾਨ ਇਹ ਗੱਲ ਸਪੱਸ਼ਟ ਹੋ ਕੇ ਸਾਹਮਣੇ ਆਈ ਕਿ ਰੇਤੇ ਦੀ ਚੋਰੀ ਸੰਬੰਧੀ ਵਿਭਾਗ ’ਤੇ ਕਿਸੇ ਵੀ ਤਰ੍ਹਾਂ ਦਾ ਰਾਜਸੀ ਦਬਾਅ ਨਹੀਂ ਹੈ। ਰੇਤੇ ਦੇ ਨਜਾਇਜ਼ ਕਾਰੋਬਾਰ ਨੂੰ ਪ੍ਰਫੁੱਲਿਤ ਕਰ ਰਿਹਾ ਮਾਫੀਆ ਪਹਿਲਾਂ ਤਾਂ ਰਾਤਾਂ ਦਾ ਫਾਇਦਾ ਲੈ ਕੇ ਇਹ ਕਾਰੋਬਾਰ ਚਲਾ ਰਿਹਾ ਸੀ ਪਰ ਵਿਭਾਗੀ ਸਖ਼ਤੀ ਕਾਰਨ ਇਸ ਮਾਫੀਆ ਦੀਆਂ ਸਰਗਰਮੀਆਂ ’ਤੇ ਰੋਕ ਲੱਗੀ ਹੈ।

WRITTEN BY