ਤਲਵੰਡੀ ਸਾਬੋ 13 ਜੂਨ (ਰਣਜੀਤ ਸਿੰਘ ਰਾਜੂ) ਭਾਂਵੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਬੀਤੇ ਦਿਨ ਸੰਗਤ ਦਰਸ਼ਨਾਂ ਤੇ ਆਏ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਭਰੋਸਾ ਦੁਆਇਆ ਸੀ ਕਿ ਕਰਜੇ ਦੇ ਬੋਝ ਥੱਲੇ ਦੱਬੇ ਕਿਸਾਨਾਂ ਦੀਆਂ ਜਮੀਨਾਂ ਨਿਲਾਮ ਨਹੀ ਹੋਣ ਦਿੱਤੀਆਂ ਜਾਣਗੀਆਂ ਪ੍ਰੰਤੂ ਫਿਰ ਵੀ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਪਿੰਡ ਮਾਈਸਰਖਾਨੇ ਦਾ ਇੱਕ ਕਿਸਾਨ ਆਪਣੇ ਤੇ ਚੜੇ ਕਰਜੇ ਕਾਰਣ ਮਾਨਸਿਕ ਤੌਰ ਤੇ ਇੰਨਾ ਪ੍ਰੇਸ਼ਾਨ ਹੋ ਗਿਆ ਕਿ ਉਸਨੇ ਸਰਕਾਰੀ ਦਾਅਵਿਆਂ ਤੇ ਯਕੀਨ ਕਰਨ ਦੀ ਵਜਾਏ ਆਪਣੀ ਜੀਵਨ ਲੀਲਾ ਸਮਾਪਤ ਕਰਨ ਨੂੰ ਹੀ ਤਰਜੀਹ ਦਿੱਤੀ। ਪੁਲਿਸ ਨੇ ਕਿਸਾਨ ਦੀ ਲਾਸ਼ ਦਾ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪੋਸਟਮਾਰਟਮ ਉਪਰੰਤ ਮਾਮਲਾ ਦਰਜ ਕਰਕੇ ਲਾਸ਼ ਵਾਰਸਾਂ ਦੇ
ਹਵਾਲੇ ਕਰ ਦਿੱਤੀ ਹੈ ਤੇ ਉੱਧਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਮਾਈਸਰਖਾਨਾ (ਮੌੜ) ਦਾ ਕਿਸਾਨ ਕੇਵਲ ਸਿੰਘ ਇੱਕ ਛੋਟਾ ਕਿਸਾਨ ਸੀ ਜਿਸ ਕੋਲ ਕਰੀਬ ਢਾਈ ਏਕੜ ਜਮੀਨ ਸੀ,ਜਿਸ ਦੇ ਸਿਰ ਬੈਂਕ ਦਾ ਕਰਜਾ ਹੋਣ ਦੇ ਨਾਲ ਨਾਲ ਉਹ ਸੁਸਾਇਟੀ ਦਾ ਵੀ ਡਿਫਾਲਟਰ ਸੀ।ਮ੍ਰਿਤਕ ਦੇ ਭਰਾ ਗੁਰਜੰਟ ਸਿੰਘ ਨੇ ਦੱਸਿਆ ਕਿ ਕਰਜੇ ਦੇ ਭਾਰੀ ਬੋਝ ਦੇ ਚਲਦਿਆਂ ਹੁਣ ਉਹ ਆਰਥਿਕ ਤੰਗੀ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕਾ ਸੀ।ਇਸੇ ਤੋਂ ਤੰਗ ਆ ਕੇ ਬੀਤੀ ਦੇਰ ਸ਼ਾਮ ਉਸ ਨੇ ਕੋਈ ਜਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਕਿ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਸਨ।ਮ੍ਰਿਤਕ ਕਿਸਾਨ ਦੇ ਦੋ ਪੁੱਤਰ ਹਨ ਜਿੰਨਾ ਵਿੱਚ ਇੱਕ ਕੁਆਰਾ ਹੈ ਤੇ ਦੂਜੀ ਸ਼ਾਦੀਸ਼ੁਦਾ ਹੈ।ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਮ੍ਰਿਤਕ ਦੀ ਪਤਨੀ ਨੇ ਵੀ ਖੁਦਕੁਸ਼ੀ ਕਰ ਲਈ ਸੀ। ਉੱਧਰ ਕਰਜੇ ਦੇ ਬੋਝ ਥੱਲੇ ਦੱਬੇ ਕਿਸਾਨ ਵੱਲੋਂ ਖੁਦਕੁਸ਼ੀ ਕਰ ਲੈਣ ਤੋਂ ਬਾਦ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਰੁਪਿਏ ਆਰਥਿਕ ਮਦਦ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਜੋ ਪਹਿਲਾ ਤੋਂ ਹੀ ਆਰਥਿਕ ਤੰਗੀ ਦਾ ਸ਼ਿਕਾਰ ਕਿਸਾਨ ਦਾ ਪਰਿਵਾਰ ਆਪਣੀ ਜਿੰਦਗੀ ਚੰਗੀ ਤਰ੍ਹਾਂ ਵਸਰ ਕਰ ਸਕੇ।ਉਧਰ ਮੌੜ ਮੰਡੀ ਪੁਲਸ ਨੇ ਮ੍ਰਿਤਕ ਕਿਸਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰਕੇ 174 ਦੀ ਕਰਵਾਈ ਕਰ ਦਿੱਤੀ ਹੈ।



