ਤਲਵੰਡੀ ਸਾਬੋ, 7 ਜਨਵਰੀ (ਰਾਮ ਰੇਸ਼ਮ ਨਥੇਹਾ)- ਨੇੜਲੇ ਪਿੰਡਾਂ ਗੁਰੂਸਰ ਜਗ੍ਹਾ ਅਤੇ ਫਤਿਹਗੜ੍ਹ ਨੌ ਆਬਾਦ ਨੇੜਿਓੁ ਲੰਘਦੇ ਸੰਦੋਹਾ ਬ੍ਰਾਂਚ ਰਜਬਾਹੇ ਵਿੱਚ ਅੱਜ ਸਵੇਰੇ ਤੜਕਸਾਰ ਲਗਭਗ 50 ਫੁੱਟ ਦਾ ਪਾੜ ਪੈਣ ਨਾਲ ਕਰੀਬ ਡੇਢ ਸੌ ਏਕੜ ਰਕਬੇ ਵਿੱਚ ਪਾਣੀ ਭਰਨ ਨਾਲ ਕਣਕ ਦੀ ਫਸਲ ਦਾ ਵੱਡੀ ਪੱਧਰ ਤੇ ਨੁਕਸਾਨ ਹੋਣ ਦੀ ਖਬਰ ਹੈ।ਪ੍ਰਭਾਵਿਤ ਕਿਸਾਨਾਂ ਨੇ ਕਣਕ ਦੀ ਫਸਲ ਦੇ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਤੜਕਸਾਰ ਢਾਈ ਵਜੇ ਦੇ ਕਰੀਬ ਸੰਦੋਹਾ ਬ੍ਰਾਂਚ ਰਜਵਾਹੇ ਵਿੱਚ ਪਾੜ ਪੈ ਗਿਆ ਤੇ ਹੌਲੀ ਹੌਲ਼ੀ ਪਾੜ ਵਧ ਕੇ ੫੦ ਫੁੱਟ ਦੇ ਕਰੀਬ ਹੋ ਗਿਆ।ਪਾੜ ਪੈਣ ਦਾ ਪਤਾ ਲੱਗਦਿਆਂ ਹੀ ਉਕਤ ਪਿੰਡਾਂ ਦੇ ਕਿਸਾਨ ਮੌਕੇ ਤੇ ਪੁੱਜੇ ਤੇ ਬਿਨਾਂ ਕਿਸੇ ਸਰਕਾਰੀ ਮਦੱਦ ਤੋਂ ਪਾੜ ਪੂਰਨ ਦੀ ਪ੍ਰਕ੍ਰਿਆ ਆਰੰਭੀ।ਮੌਕੇ ਤੇ ਮੌਜੂਦ ਭਾਗ ਸਿੰਘ ਕਾਕਾ,ਜਸਕਰਨ ਸਿੰਘ ਗੁਰੂਸਰ ਸਮੇਤ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਕਰਕੇ ਰਜਵਾਹੇ ‘ਚ ਲੱਗੇ ਮੋਘੇ ਰਾਹੀਂ ਰਜਵਾਹੇ ਵਿੱਚ ਪਾੜ ਪਿਆ ਹੈ ਜਿਸ ਨਾਲ ਕਿਸਾਨ ਯੋਧਾ ਸਿੰਘ, ਜਸਪਾਲ ਸਿੰਘ ਗੁਰੂਸਰ, ਬਲਵੰਤ ਸਿੰਘ ਗੁਰੂਸਰ, ਗੁਰਸੇਵਕ ਗੁਰੂਸਰ, ਮੋਹਨੀ ਸਿੰਘ, ਸਰਬਜੀਤ ਸਿੰਘ, ਕਰਮਜੀਤ ਸਿੰਘ, ਰਾਮਜੀਤ ਸਿੰਘ, ਤਾਰ ਸਿੰਘ, ਜਗਰਾਜ ਸਿੰਘ, ਸੁਖਪਾਲ ਸਿੰਘ, ਜਲੌਰ ਸਿੰਘ ਆਦਿ ਦੀ ਲਗਭਗ ਡੇਢ ਸੌ ਏਕੜ ਕਣਕ ਦੀ ਫਸਲ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਕਣਕ ਦੀ ਫਸਲ ਦਾ ਪੂਰਾ ਨੁਕਸਾਨ ਹੋ ਗਿਆ ਹੈ।ਮੌਜੂਦ ਕਿਸਾਨਾਂ ਨੇ ਇਸਨੂੰ ਨਹਿਰੀ ਵਿਭਾਗ ਦੀ ਅਣਗਹਿਲੀ ਦੱਸਦਿਆ ਕਿਹਾ ਕਿ ਵਿਭਾਗ ਨੇ ਰਜਵਾਹੇ ਦੀ ਸਫਾਈ ਨਹੀ ਕਰਵਾਈ ਜਿਸ ਨਾਲ ਰਜਵਾਹੇ ਵਿੱਚ ਪਾੜ ਪਿਆ ਹੈ ਤੇ ਹੋਰ ਤਾਂ ਹੋਰ ਰਜਵਾਹੇ ‘ਚ ਪਏ ਪਾੜ ਨੂੰ ਪੂਰਨ ਲਈ ਕਿਸਾਨਾਂ ਨੇ ਆਪਣੇ ਖਰਚੇ ਤੇ ਜੇ.ਸੀ.ਬੀ ਮਸ਼ੀਨਾਂ ਲਾ ਕੇ ਪਾੜ ਨੂੰ ਪੂਰਿਆ ਹੈ ਤੇ ਮਹਿਕਮੇ ਦਾ ਕੋਈ ਅਧਿਕਾਰੀ ਪਤਾ ਲੈਣ ਵੀ ਨਹੀ ਪੁੱਜਾ।ਦੋਵਾਂ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਪ੍ਰਭਾਵਿਤ ਕਿਸਾਨਾਂ ਲਈ ਮੁਆਵਜੇ ਦੀ ਮੰਗ ਵੀ ਕੀਤੀ।ਇਸ ਸਬੰਧੀ ਵਿਭਾਗ ਦੇ ਐਸ.ਡੀ.ਓ. ਖੁਸ਼ਵਿੰਦਰ ਸਿੰਘ ਜਟਾਣਾ ਨੇ ਸੰਪਰਕ ਕਰਨ ਤੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਰਜਵਾਹੇ ਵਿੱਚ ਪਾੜ ਪੈਣ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਰਜਵਾਹੇ ਨੂੰ ਪਿੱਛੇ ਤੋਂ ਬੰਦ ਕਰਵਾ ਦਿੱਤਾ ਹੈ ਪਿਛਲੇ ਦਿਨ ਤੋਂ ਪੈ ਰਹੀ ਵਰਖਾ ਕਾਰਨ ਇੱਕ ਮੋਘੇ ਰਾਹੀਂ ਰਜਵਾਹੇ ਵਿੱਚ ਪਾੜ ਪਿਆ ਹੈ ਤੇ ਉਨਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਠੇਕੇਦਾਰ ਦੀ ਜੇ.ਸੀ.ਬੀ ਮਸ਼ੀਨ ਨੇ ਪਾੜ ਨੂੰ ਪੂਰਿਆ ਹੈ।
ਰਜਵਾਹੇ ਵਿੱਚ ਪਾੜ ਪੈਣ ਨਾਲ 150 ਏਕੜ ਰਕਬੇ ਵਿੱਚ ਕਣਕ ਦੀ ਫਸਲ ਦਾ ਭਾਰੀ ਨੁਕਸਾਨ



