ਡੀਸੀ ਸੰਗਰੂਰ ਵੱਲੋਂ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਦੀ ਪ੍ਰਗਤੀ ਦੇ ਜਾਇਜ਼ੇ ਲਈ ਮਹੀਨਾਵਾਰ ਮੀਟਿੰਗ
ਸੰਗਰੂਰ, 7 ਜਨਵਰੀ (ਪਰਮਜੀਤ ਸਿੰਘ ਲੱਡਾ)- ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਇੰਤਕਾਲਾਂ ਤੇ ਹੋਰ ਸਬੰਧਤ ਮਾਮਲਿਆਂ ਵਿੱਚ ਕੋਈ ਵੀ ਬੇਲੋੜੀ ਦੇਰੀ ਜਾਂ ਲਾਪ੍ਰਵਾਹੀ ਨਾ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਇਹ ਹਦਾਇਤ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਰੱਖੀ ਮਹੀਨਾਵਾਰ ਮੀਟਿੰਗ ਦੌਰਾਨ ਦਿੱਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਜੇਸ਼ ਤ੍ਰਿਪਾਠੀ, ਸਹਾਇਕ ਕਮਿਸ਼ਨਰ ਕਮ ਐਸਡੀਐਮ ਭਵਾਨੀਗੜ ਸ੍ਰੀ ਅੰਕੁਰ ਮਹਿੰਦਰੂ, ਐਸਡੀਐਮ ਸੰਗਰੂਰ ਬਬਨਦੀਪ ਸਿੰਘ ਵਾਲੀਆ, ਐਸਡੀਐਮ ਮਾਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ, ਐਸਡੀਐਮ ਸੁਨਾਮ ਮਨਜੀਤ ਕੌਰ, ਐਸਡੀਐਮ ਦਿੜਬਾ ਮਨਜੀਤ ਸਿੰਘ ਚੀਮਾ, ਐਸਡੀਐਮ ਧੂਰੀ ਲਤੀਫ ਅਹਿਮਦ ਤੇ ਵਿਭਾਗੀ ਅਧਿਕਾਰੀ ਹਾਜ਼ਰ ਸਨ। ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ੍ਰੀ ਥੋਰੀ ਨੇ ਉਪ ਮੰਡਲ ਮੈਜਿਸਟ੍ਰੇਟਾਂ, ਜ਼ਿਲਾ ਮਾਲ ਅਫਸਰ (ਡੀਆਰਓ), ਸੀਆਰਓਜ਼ ਆਦਿ ਨਾਲ ਸਬੰਧਤ ਕੋਰਟ ਕੇਸਾਂ, ਜਮਾਂਬੰਦੀਆਂ ਦੇ ਕੰਮ, 47ਏ ਬਕਾਇਆ ਰਿਪੋਰਟਾਂ, ਸੀਨੀਅਰ ਸਿਟੀਜ਼ਨ ਐਕਟ ਨਾਲ ਸਬੰਧਤ ਸਰਟੀਫਿਕੇਟ, 47ਏ ਐਂਟਰੀ, 6 ਮਹੀਨਿਆਂ ਤੋਂ ਪਹਿਲਾਂ ਦੀਆਂ ਬਕਾਇਆ ਐਂਟਰੀਆਂ, ਕਰਜ਼ਾ ਰਾਹਤ, ਪ੍ਰਧਾਨ ਮੰਤਰੀ ਕਿਸਾਨ ਯੋਜਨਾ, ਵਿਸ਼ੇਸ਼ ਗਿਰਦਾਵਰੀ ਅਤੇ ਸਬੰਧਤ ਕੇਸਾਂ ਵਿਚ ਮੁਆਵਜ਼ੇ ਦੀ ਵੰਡ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਕਾਰੀਆਂ ਨੂੰ ਮਾਲ ਵਿਭਾਗ ਦੇ ਅਹਿਮ ਕੰਮਾਂ ਦੀ ਲਗਾਤਾਰ ਨਜ਼ਰਸਾਨੀ ਕਰਨ ਦੇ ਨਿਰਦੇਸ਼ ਦਿੱਤੇ।



