ਖਰੜ, 19 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਸਥਾਪਤੀ ਦਾ ਇਕ ਸਾਲ ਪੂਰਾ ਕਰ ਲਿਆ ਹੈ। ਵਰਸਿਟੀ ਦਾ ਪਹਿਲਾ ਸਾਲ ਬੇਮਿਸਾਲ ਪ੍ਰਾਪਤੀਆਂ ਅਤੇ ਤੇਜ ਵਿਕਾਸ ਨਾਲ ਭਰਪੂਰ ਰਿਹਾ ਹੈ। ਅਮਰੀਕਾ ਦੀ ਪੁਲਾੜ ਖੋਜ ਸੰਸਥਾ ਨਾਸਾ ਵੱਲੋਂ ਕਰਵਾਏ ਗਏ ਵਿਸ਼ਵ ਮੁਕਾਬਲੇ ਚੰਡੀਗੜ੍ਹ ਯੂਨੀਵਰਸਿਟੀ ਨੇ ਏਸ਼ੀਆ ‘ਚੋਂ ਪਹਿਲਾ ਸਥਾਨ ਹਾਸਲ ਕਰਕੇ ਵਿਲੱਖਣ ਪਹਿਚਾਣ ਕਾਇਮ ਕੀਤੀ ਹੈ। ਵਕਾਰੀ ਮੀਡੀਆ ਹਾਊਸ ਈ.ਟੀ.ਨਾਊ ਚੈਨਲ ਅਤੇ ਡਿਸਕਵਰੀ ਐਜੂਕੇਸ਼ਨ ਵੱਲੋਂ ਵੀ ਵਰਸਿਟੀ ਨੂੰ ਸਰਵੋਤਮ ਐਲਾਣਿਆਂ ਗਿਆ ਹੈ। ਕੇਂਦਰੀ ਸੈਰ ਸਪਾਟਾ ਵਿਭਾਗ ਵੱਲੋਂ ਵੀ ਸੰਸਥਾ ਨੂੰ ਰਾਸ਼ਟਰੀ ਐਵਾਰਡ ਨਾਲ ਨਿਵਾਜਿਆ ਗਿਆ। ਵਰਸਿਟੀ ਵਿਪਰੋ, ਉਰੈਕਲ ਅਤੇ ਮਾਈਕਰੋਸਾਫ਼ਟ ਜਿਹੀਆਂ ਕੰਪਨੀਆਂ ਦੇ ਸਹਿਯੋਗ ਨਾਲ ਪਹਿਲੇ ਸਾਲ ਵਿੱਚ ਹੀ ਰਿਸਰਚ ਸੈਂਟਰ ਸਥਾਪਿਤ ਕਰਨ ਵਿੱਚ ਵੀ ਸਫਲ ਰਹੀ। ਸਿੰਘਾਪੁਰ ਵਿਖੇ ਹੋਈ ਕੌਮਾਂਤਰੀ ਨਿਸ਼ਾਨੇਬਾਜ਼ੀ ਚੈਪੀਅਨਸ਼ਿਪ ਵਿੱਚ ਤਾਂਬੇ ਦਾ ਤਗਮਾ ਹਾਸਲ ਕਰਕੇ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਖੇਡ ਖੇਤਰ ਵਿੱਚ ਉੱਚਾ ਮੁਕਾਮ ਹਾਸਲ ਕੀਤਾ ਹੈ। ਅੱਜ ਇਥੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਕੈਂਪਸ ਵਿੱਚ ਪਹਿਲਾ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ Îਭੋਗ ਪਾਏ ਗਏ। ਇਸ ਅਵਸਰ ‘ਤੇ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸ੍ਰ. ਸਤਨਾਮ ਸਿੰਘ ਸੰਧੂ ਨੇ ਆਖਿਆ ਕਿ ਵਰਸਿਟੀ ਸਥਾਪਨਾ ਦੇ ਪਹਿਲੇ ਹੀ ਸਾਲ ਵਿੱਚ ਆਪਣੀ ਵਿਲੱਖਣ ਹਸਤੀ ਕਾਇਮ ਕਰਨ ਵਿੱਚ ਕਾਮਯਾਬ ਰਹੀ ਹੈ। ਭਾਵੇਂ ਕਿ ਕਿਸੇ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਪਰਖਣ ਲਈ ਇਕ ਸਾਲ ਦਾ ਸਮਾਂ ਕੋਈ ਬਹੁਤੀ ਮਹੱਤਤਾ ਨਹੀਂ ਰੱਖਦਾ ਹੈ ਪਰ ਇਸ ਦੇ ਬਾਵਜੂਦ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਬਹੁਤ ਕਾਬਲ ਅਤੇ ਜੋਸ਼ੀਲੀ ਟੀਮ ਨੇ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸ੍ਰ. ਸੰਧੂ ਨੇ ਆਖਿਆ ਕਿ ਲੋਕਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਉੱਪਰ ਜੋ ਅਥਾਹ ਭਰੋਸਾ ਪ੍ਰਗਟਾਇਆ ਹੈ ਉਹ ਉਸ ‘ਤੇ ਸੌ ਫੀਸਦੀ ਖਰੇ ਉੱਤਰਨਗੇ। ਉਨ੍ਹਾਂ ਦੱਸਿਆ ਕਿ ਇਸ ਸਾਲ ਵਰਸਿਟੀ ਨੇ ਪੰਜਾਬ ਭਰ ‘ਚੋਂ ਸਭ ਤੋਂ ਵੱਧ ਪੀ.ਐਚ.ਡੀ. ਅਧਿਆਪਕ ਭਰਤੀ ਕੀਤੇ ਹਨ। ਲਗਭਗ 125 ਕਰੋੜ ਦੀ ਲਾਗਤ ਨਾਲ ਬਹੁਤ ਹੀ ਉੱਚ ਕੋਟੀ ਦਾ ਇਨਫਾਰਸਟਰਕਚਰ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਰਸਿਟੀ ਆਉਂਦੇ ਪੰਜ ਸਾਲਾਂ ਵਿੱਚ 500 ਕਰੋੜ ਰੁਪਿਆ ਵਿਕਾਸ ਕਾਰਜਾਂ ‘ਤੇ ਖਰਚ ਕਰੇਗੀ। ਇਸ ਮੌਕੇ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ ਡਾ. ਆਰ.ਐਸ. ਬਾਵਾ ਨੇ ਆਖਿਆ ਕਿ ਉਹ ਆਪਣੀ ਪੂਰੀ ਟੀਮ ਸਮੇਤ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ। ਯੂਨੀਵਰਸਿਟੀ ਦੀਆਂ ਨੀਤੀਆਂ ਵਿਸ਼ਵ ਮੁਕਾਬਲੇ ਅਤੇ ਵਿਦਿਆਰਥੀਆਂ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਗਈਆਂ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਪ੍ਰੈਜ਼ੀਡੈਂਟ ਸ੍ਰ. ਰਸ਼ਪਾਲ ਸਿੰਘ ਧਾਲੀਵਾਲ, ਸ੍ਰ. ਗੁਰਮੀਤ ਸਿੰਘ ਗਿੱਲ, ਸ੍ਰ. ਰਾਜਵਿੰਦਰ ਸਿੰਘ ਸੋਢੀ, ਸ੍ਰ. ਪਰਮਪਾਲ ਸਿੰਘ ਢਿੱਲੋਂ, ਡਾ. ਐਸ.ਐਸ. ਗਰੇਵਾਲ, ਡਾ. ਗੁਰਦੀਪ ਸਿੰਘ ਵੀ ਹਾਜ਼ਰ ਸਨ।



