Skip to content
Independent perspectives. Global stories.
BREAKING

ਪਿੰਡ ਦਾਨੇ ਵਾਲਾ ਦੇ ਹਾਈ ਅਤੇ ਪ੍ਰਾਇਮਰੀ ਸਕੂਲਾਂ ‘ਚ ਪਾਣੀ ਦਾ ਪ੍ਰਬੰਧ ਨਹੀਂ

Share this story

ਮਲੋਟ, 19  (ਹਰਦੀਪ ਸਿੰਘ ਖਾਲਸਾ)-ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸਾਹਬ ਸੂਬੇ ਦੇ ਸਰਕਾਰੀ ਸਕੂਲਾਂ ‘ਚ ਸਿਖਿਆ ‘ਚ ਸੁਧਾਰ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਲਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ, ਪਰ ਸਿਖਿਆ ਮੰਤਰੀ ਦੇ ਦਾਅਵਿਆਂ ਦੇ ਉਲਟ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਜ਼ਿਲ੍ਹੇ ਦੇ ਕਈ ਸਕੂਲਾਂ ‘ਚ ਪੀਣ ਵਾਲੇ ਪਾਣੀ ਦਾ ਮੰਦਾ ਹਾਲ ਹੈ।
school-child
ਅੱਤ ਦੀ ਪੈ ਰਹੀ ਗਰਮੀ ‘ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੀਣ ਵਾਲੇ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੇ ਮਜਬੂਰਨ ਵਿਦਿਆਰਥੀਆਂ ਤੋਂ ਮਿਡ-ਡੇ-ਮੀਲ ਖਾਣੇ ਲਈ ਪਾਣੀ ਮੰਗਵਾਇਆ ਜਾਂਦਾ ਹੈ ਉਥੇ ਹੀ ਅਧਿਆਪਕਾਂ ਦੇ ਪੀਣ ਲਈ ਪਾਣੀ ਦਾ ਪ੍ਰਬੰਧ ਹਰ ਰੋਜ਼ ਕਰਨਾ ਪੈਂਦਾ ਹੈ। ਸ਼ਹਿਰ ਦੇ ਨਾਲ ਲਗਦੇ ਪਿੰਡ ਦਾਨੇਵਾਲਾ ਦੇ ਸਰਕਾਰੀ ਹਾਈ ਸਕੂਲ ਜਿਥੇ 406 ਅਤੇ ਪ੍ਰਾਇਮਰੀ ਸਕੂਲ ‘ਚ ਲਗਭਗ 273 ਦੇ ਕਰੀਬ ਵਿਦਿਆਰਥੀ ਸਿਖਿਆ ਪ੍ਰਾਪਤ ਕਰਦੇ ਹਨ, ਜਿਨ੍ਹਾਂ ਨੂੰ ਬੀਤੇ ਕਈ ਮਹੀਨਿਆਂ ਤੋਂ ਪੀਣ ਵਾਲਾ ਪਾਣੀ ਸਪਲਾਈ ਨਹੀ ਹੋ ਰਿਹਾ। ਰੋਜ਼ਾਨਾ ਸਕੂਲ ਦੀ ਘੰਟੀ ਵੱਜਦਿਆਂ ਹੀ ਵਿਦਿਆਰਥੀਆਂ ਦੀਆਂ ਟੀਮਾਂ ਸਕੂਲ ‘ਚ ਮਿਡ-ਡੇ-ਮੀਲ ‘ਚ ਤਿਆਰ ਹੁੰਦੇ ਖਾਣੇ ਅਤੇ ਸਟਾਫ ਮੈਂਬਰਾਂ ਦੇ ਪੀਣ ਲਈ ਪਾਣੀ ਦਾ ਪ੍ਰਬੰਧ ਕਰਦੇ ਹਨ। ਅਧਿਆਪਕਾਂ ਦੇ ਜਾਰੀ ਆਦੇਸ਼ਾਂ ਨੂੰ ਪੂਰਿਆਂ ਕਰਨ ਲਈ ਹਾਈ ਅਤੇ ਪ੍ਰਾਇਮਰੀ ਸਕੂਲ ਦੇ ਬੱਚੇ 200 ਮੀਟਰ ਦੀ ਵਿੱਥ ਤੇ ਖੇਤੀਬਾੜ੍ਹੀ ਦੇ ਸੰਦ ਤਿਆਰ ਕਰਨ ਵਾਲੀ ਫੈਕਟਰੀ ਦੇ ਬਾਹਰ ਲੱਗੇ ਆਰ.ਓ. ਤੋਂ ਪਾਣੀ ਭਰਕੇ ਅਧਿਆਪਕਾਂ ਦੀ ਪਿਆਸ ਬੁਝਾਉਣ ਦਾ ਪ੍ਰਬੰਧ ਕਰਦੇ ਹਨ ਤੇ ਵਿਦਿਆਰਥੀਆਂ ਨੂੰ ਖੁਦ ਘਰੋਂ ਆਪਣਾ ਆਪਣਾ ਪਾਣੀ ਲਿਆਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਕਈ ਵਿਦਿਆਰਥੀ ਸਕੂਲ ਦੇ ਨਾਲ ਚਲਦੀਆਂ ਫੈਕਟਰੀਆਂ, ਦੁਕਾਨਾਂ ਆਦਿ ਤੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਦੇਂ ਹਨ। ਇਸ ਸਬੰਧ ‘ਚ ਸਰਕਾਰੀ ਹਾਈ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਜੈਨ ਦਾ ਕਹਿਣਾ ਹੈ ਕਿ ਵਿਦਿਆਰਥੀ ਸਕੂਲ ਦੇ ਸਟਾਫ ਲਈ ਪਾਣੀ ਨਹੀ ਭਰਦੇ ਕੇਵਲ ਮਿਡ-ਡੇ-ਮੀਲ ‘ਚ ਬਣਦੇ ਖਾਣੇ ਲਈ ਹੀ ਪਾਣੀ ਮੰਗਵਾਇਆ ਜਾਂਦਾ ਹੈ। ਸਕੂਲ ਦਾ ਸਟਾਫ ਆਪਣੇ ਪੀਣ ਲਈ ਪਾਣੀ ਆਪਣੇ ਆਪਣੇ ਘਰਾਂ ਤੋਂ ਲੈ ਕੇ ਆਉਂਦਾ ਹੈ। ਉਹਨਾਂ ਦੇ ਸਕੂਲ ਨੂੰ ਬੇਸ਼ੱਕ ਪਿੰਡ ਦੇ ਵਾਟਰ ਵਰਕਸ ਤੋਂ ਪਾਣੀ ਦੀ ਸਿੱਧੀ ਸਪਲਾਈ ਹੰਦੀ ਹੈ। ਪਰ ਪਿੰਡ ਦੇ ਵਾਟਰ ਵਰਕਸ ਦਾ ਲੱਖਾਂ ਰੁਪਏ ਬਿਜਲੀ ਬਿੱਲ ਬਕਾਇਆ ਹੋਣ ਕਰਕੇ ਬਿਜ਼ਲੀ ਦਾ ਕੁਨੈਕਸ਼ਨ ਕੱਟਿਆ ਹੋਇਆ ਹੈ ਜਿਸ ਕਾਰਨ ਪਾਣੀ ਦੀ ਸਪਲਾਈ ਨਹੀ ਹੋ ਰਹੀ। ਸਕੂਲ ‘ਚ ਲੱਗੇ ਹੈਂਡ ਪੰਪ ਤੇ ਆਰਓ ਵੀ ਲਗਾਇਆ ਹੋਇਆ ਹੈ। ਸਕੂਲ ਦੇ ਬਾਹਰ ਪਿੰਡ ਦਾ ਗੰਦਾ ਪਾਣੀ ਜਮ੍ਹਾਂ ਰਹਿੰਦਾ ਹੈ, ਜਿਸ ਕਾਰਨ ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਕਰਕੇ ਟੀਡੀਐਸ ਦੀ ਮਾਤਰਾ 12 ਹਜਾਰ ਤੋਂ ਵਧੇਰੇ ਆਉਦੀ ਹੈ ਜਿਸ ਕਾਰਨ ਆਰਓ ਦੇ ਫਿਲਟਰ ਆਦਿ ਖਰਾਬ ਹੋ ਜਾਂਦੇ ਹਨ ਤੇ ਪਾਣੀ ਪੀਣ ਦੇ ਲਾਇਕ ਨਹੀ ਰਹਿੰਦਾ। ਇਸੇ ਲਈ ਬੱਚਿਆਂ ਨੂੰ ਆਪਣੇ ਪੀਣ ਲਈ ਪਾਣੀ ਦੀਆਂ ਬੋਤਲਾਂ ਘਰਾਂ ਤੋਂ ਹੀ ਭਰਕੇ ਲਿਆਉਣ ਲਈ ਆਖਿਆ ਜਾਂਦਾ ਹੈ। ਫਿਰ ਵੀ ਕਈ ਬੱਚੇ ਪਾਣੀ ਪੀਣ ਲਈ ਬਾਹਰ ਚਲੇ ਜਾਂਦੇ ਹਨ। ਉਧਰ ਪ੍ਰਾਇਮਰੀ ਸਕੂਲ ਦੀ ਪ੍ਰਿੰਸੀਪਲ ਬਲਜਿੰਦਰ ਕੌਰ ਨੇ ਕਿਹਾ ਕਿ ਉਹਨਾਂ ਵੱਲੋਂ ਬੱਚਿਆਂ ਨੂੰ ਪਾਣੀ ਭਰਨ ਲਈ ਨਹੀ ਭੇਜ਼ੀਆ ਜਾਂਦਾ ਮਿਡ-ਡੇ-ਮੀਲ ਦੇ ਖਾਣਾ ਤਿਆਰ ਕਰਨ ਵਾਲੇ ਖੁਦ ਹੀ ਪਾਣੀ ਦਾ ਪ੍ਰਬੰਧ ਕਰਦੇ ਹਨ।

WRITTEN BY