ਸ੍ਰੀਨਗਰ, 19 ਜੁਲਾਈ (ਵਿਸ਼ਵ ਵਾਰਤਾ)-ਜੰਮੂ ਕਸ਼ਮੀਰ ਦੇ ਗੁਰੇਜ਼ ਸੈਕਟਰ ‘ਚ ਕੰਟਰੋਲ ਰੇਖਾ ਕੋਲ ਭਾਰਤੀ ਸੈਨਾ ਨੇ ਅੱਜ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ, ਇਸ ਮੁਹਿੰਮ ਵਿਚ ਇਕ ਅੱਤਵਾਦੀ ਮਾਰਿਆ ਗਿਆ ਹੈ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਤਿੰਨ ਤੋਂ ਚਾਰ ਹਥਿਆਰਬੰਦ ਅੱਤਵਾਦੀ ਨਨੀ ਚੌਕੀ ਨੇੜੇ ਗੁਰੇਜ਼ ਸੈਕਟਰ ਤੋਂ ਭਾਰਤੀ ਸੀਮਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਸੂਤਰਾਂ ਨੇ ਕਿਹਾ ਕਿ ਭਾਰਤੀ ਸੈਨਿਕਾਂ ਨੇ ਇਨ੍ਹਾਂ ਘੁਸਪੈਠੀਆਂ ਨੂੰ ਰੋਕਿਆ ਅਤੇ ਸਮਰਪਣ ਕਰਨ ਨੂੰ ਕਿਹਾ। ਹਾਲਾਂਕਿ ਅੱਤਵਾਦੀਆਂ ਨੇ ਸੈਨਿਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਜਵਾਨਾਂ ਨੇ ਜਵਾਬ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਗੋਲੀਬਾਰੀ ਵਿਚ ਇਕ ਅਣਪਛਾਤਾ ਅੱਤਵਾਦੀ ਮਾਰਿਆ ਗਿਆ, ਜਦੋਂਕਿ ਉਸ ਦੇ ਬਾਕੀ ਸਾਥੀ ਕੰਟਰੋਲ ਰੇਖਾ ਦੇ ਦੂਜੇ ਪਾਸੇ ਵੱਲ ਭੱਜ ਗਏ। ਸੂਤਰਾਂ ਨੇ ਦੱਸਿਆ ਕਿ ਉਸ ਖੇਤਰ ਵਿਚ ਹਾਲੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ। ਇਸ ਇਕ ਮਹੀਨੇ ਦੌਰਾਨ ਅੱਤਵਾਦੀਆਂ ਦੁਆਰਾ ਘੁਸਪੈਠ ਦੀ ਇਹ ਦੂਸਰੀ ਕੋਸ਼ਿਸ਼ ਸੀ। ਇਸ ਤੋਂ ਪਹਿਲਾਂ 9 ਜੁਲਾਈ ਨੂੰ ਕੇਰਨ ਸੈਕਟਰ ਵਿਚ ਸੈਨਾ ਨੇ ਘੁਸਪੈਠ ਕੀਤੀ, ਇਕ ਅਜਿਹੀ ਹੀ ਕੋਸ਼ਿਸ਼ ਨੂੰ ਨਾਕਾਮ ਕੀਤਾ ਸੀ, ਜਿਸ ਵਿਚ ਪੰਜ ਅੱਤਵਾਦੀ ਮਾਰੇ ਗਏ ਸਨ।



