ਸਿੱਖ ਪੰਥ-ਕੌਮ ਵਰਗੇ ਗਤੀਸ਼ੀਲ ਅਤੇ ਭਵਿੱਖਮੁਖੀ ਲੋਕਾਂ ਲਈ ਉਨ੍ਹਾਂ ਦੀ ਮੂਲ ਦਿਸ਼ਾ ਅਥਵਾ ਏਜੰਡਾ ਬਣਿਆ ਰਹਿਣਾ ਜ਼ਰੂਰੀ ਹੁੰਦਾ ਹੈ। ਨੀਯਤ ਕੀਤੇ ਗਏ ਏਜੰਡੇ ਨੂੰ ਸਾਕਾਰ ਕਰਨ ਲਈ ਧਰਮ, ਰਾਜਨੀਤੀ, ਆਰਥਿਕਤਾ, ਵਿੱਦਿਆ, ਸੱਭਿਆਚਾਰ ਅਤੇ ਹੋਰ ਸੰਸਥਾਵਾਂ ਆਦਿ ਉਸੇ ਅਨੁਸਾਰ ਆਪਣੀਆਂ ਸਰਗਰਮੀਆਂ ਕਰਦੀਆਂ ਰਹਿੰਦੀਆਂ ਹਨ। 1947 ਵਿਚ ਸਮਕਾਲੀ ਸਿੱਖ ਆਗੂਆਂ ਨੇ ਸਿੱਖ ਪੰਥ ਦੀ ਤਕਦੀਰ ਭਾਰਤ ਨਾਲ ਜੋੜ ਦਿੱਤੀ ਸੀ। ਖੁੱਲ੍ਹੇ ਆਜ਼ਾਦ ਵਾਤਾਵਰਣ ਵਿਚ ਆਪਣੀ ਕੌਮੀ ਤਕਦੀਰ ਘੜ੍ਹਨ ਦੇ ਰਸਤੇ ਵਿਚ ਇਹ ਇਕ ਅਜਿਹੀ ਸੀਮਾ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਅਜਿਹੀਆਂ ਸੀਮਾਵਾਂ ਦੇ ਬਾਵਜੂਦ ਸਿੱਖਾਂ ਨੇ ਨਾ ਕੇਵਲ ਪੰਜਾਬ, ਸਗੋਂ ਵਿਸ਼ਵ ਦੇ ਹੋਰ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਜਾ ਕੇ ਆਪਣੀ ਹੋਂਦ ਨੂੰ ਬਰਕਰਾਰ ਰੱਖ ਕੇ ਆਪਣੀ ਵਿਸ਼ਵ ਪਹਿਚਾਣ ਬਣਾਈ ਹੈ। ਸਿੱਖ ਸੰਸਥਾਵਾਂ ਜਿਵੇਂ ਵੀ ਆਪਣੀ ਭੂਮਿਕਾ ਨਿਭਾ ਰਹੀਆਂ ਹਨ, ਉਹ ਸਿੱਖ ਪੰਥ ਦੀ ਇਕ ਵੱਡੀ ਪ੍ਰਾਪਤੀ ਹੈ।
ਭਾਰਤੀ ਸਿਸਟਮ ਦਾ ਭਾਵੇਂ ਸਾਰੀਆਂ ਸਿੱਖ ਸੰਸਥਾਵਾਂ ਉੱਤੇ ਦਬਾਅ ਬਣਿਆ ਰਹਿੰਦਾ ਹੈ, ਪਰ ਸਿੱਖ-ਪੰਥ ਦੀ ਵਿਚਾਰਧਾਰਕ ਅਤੇ ਰਾਜਨੀਤਿਕ ਦਿਸ਼ਾ ਵਿਚ ਕਮਜ਼ੋਰੀ ਅਥਵਾ ਅਵੇਸਲੇਪਣ ਕੁਝ ਵਧੇਰੇ ਹੀ ਪਾਇਆ ਜਾ ਰਿਹਾ ਹੈ। ਸੱਤਾ ਨੂੰ ਇਕ ਸਾਧਨ ਵਜੋਂ ਵਰਤ ਕੇ ਆਪਣੇ ਕੌਮੀ ਗੌਰਵ ਦੀ ਬਹਾਲੀ ਅਤੇ ਇਸ ਨੂੰ ਬਣਾਈ ਰੱਖਣ ਵਿਚ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਜਾਂਦੀਆਂ ਆ ਰਹੀਆਂ ਹਨ। ਸਥਾਪਿਤ ਅਕਾਲੀ ਦਲ ਅਨੰਦਪੁਰ ਸਾਹਿਬ ਦੇ ਮਤੇ ਵਿਚ ਦਰਜ ਵਿਚਾਰਧਾਰਕ ਉਦੇਸ਼ਾਂ ਨੂੰ ਕਦੋਂ ਦਾ ਤਿਆਗ ਚੁੱਕਾ ਹੈ ਅਤੇ ਕੇਵਲ ਪੰਜਾਬ ਦੀ ਸੱਤਾ ਲਈ ਸੱਤਾ ਪ੍ਰਾਪਤੀ ਇਸ ਦੇ ਮੁੱਖ ਨਿਸ਼ਾਨਾ ਬਣ ਗਿਆ ਹੈ। ਵੱਖਰੇ ਦੇਸ਼ ਖਾਲਿਸਤਾਨ ਲਈ ਇਤਨੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ ਇਸ ਦੀ ਪ੍ਰਾਪਤੀ ਲਈ ਲੜ ਰਹੀਆਂ ਜਥੇਬੰਦੀਆਂ ਆਗੂ 1994-95 ਤੋਂ ਬਾਅਦ ਆਪਣਾ ਕੋਈ ਠੋਸ ਰੋਡਮੈਪ ਅਤੇ ਕਾਰਜਯੋਜਨਾ ਨਹੀਂ ਬਣਾ ਸਕੇ। ਅਜਿਹੇ ਹਾਲਾਤ ਵਿਚ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਸਿੱਖ ਪੰਥ ਨੂੰ ਆਪਣੀ ਨਵੀਂ ਰਾਜਨੀਤਿਕ ਦਿਸ਼ਾ ਅਥਵਾ ਏਜੰਡਾ ਜ਼ਰੂਰ ਪੰਥ ਅਤੇ ਦੁਨੀਆਂ ਸਾਹਮਣੇ ਲਿਆਉਣਾ ਚਾਹੀਦਾ ਹੈ ਜੋ ਨਾ ਕੇਵਲ ਸਿੱਖ ਪੰਥ ਨੂੰ ਹੋਰ ਸ਼ਕਤੀਸ਼ਾਲੀ ਕਰੇ, ਸਗੋਂ ਨਵੇਂ ਵਿਸ਼ਵ ਦੀ ਉਸਾਰੀ ਵਿਚ ਸਿੱਖ ਵਿਚਾਰਧਾਰਾ ਅਤੇ ਸੰਸਥਾਵਾਂ ਦੇ ਯੋਗਦਾਨ ਨੂੰ ਵੀ ਯਕੀਨੀ ਬਣਾਏ।
ਅਜਿਹੇ ਹਾਲਾਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਅਰਧ-ਸ਼ਤਾਬਦੀ ਸਮਾਗਮ ਜਿਵੇਂ ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਮਨਾਏ ਗਏ ਹਨ, ਉਹ ਕੁਝ ਵਿਸ਼ੇਸ਼ ਪਹਿਲੂਆਂ ਤੋਂ ਨਾ ਕੇਵਲ ਸਿੱਖ ਪੰਥ, ਸਗੋਂ ਵਿਸ਼ਵ ਮਾਨਵਤਾ ਦੇ ਉੱਜਵਲ ਭਵਿੱਖ ਲਈ ਕਈ ਤਰ੍ਹਾਂ ਦੀਆਂ ਇਤਿਹਾਸਕ ਪੈੜਾਂ ਛੱਡ ਗਏ ਹਨ। ਸ਼ਤਾਬਦੀ ਸਮਾਗਮਾਂ ਦੌਰਾਨ ਮੁੱਖ ਤੌਰ ‘ਤੇ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨਾਲ ਪਿਛਲੀਆਂ ਮਨਾਈਆਂ ਗਈਆਂ ਸ਼ਤਾਬਦੀਆਂ ਤੋਂ ਉਲਟ ਇਸ ਸ਼ਤਾਬਦੀ ਦੇ ਭਵਿੱਖ ਵਿਚ ਚੰਗੇ ਸਾਰਥਿਕ ਨਤੀਜੇ ਨਿਕਲਣ ਦੀ ਆਸ ਬੱਝੀ ਹੈ। ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲ੍ਹਣਾ ਆਪਣੇ ਆਪ ਵਿਚ ਵਿਸ਼ਵ ਪੱਧਰ ਦੀ ਇਕ ਘਟਨਾ ਹੈ। ਭਾਰਤ, ਪਾਕਿਸਤਾਨ ਅਤੇ ਪੰਜਾਬ ਸਰਕਾਰਾਂ ਦੇ ਆਪਸੀ ਸਹਿਯੋਗ ਨਾਲ ਉਸਾਰਿਆ ਗਿਆ ਕਰਤਾਰਪੁਰ ਸਾਹਿਬ ਲਾਂਘਾ ਕੇਵਲ ਗੁਰਦੁਆਰਾ ਸਾਹਿਬ ਦੀ ਯਾਤਰਾ ਕਰਨ ਵਾਲਾ ਲਾਂਘਾ ਹੀ ਨਹੀਂ ਹੈ, ਸਗੋਂ ਇਹ ਭਾਰਤੀ ਉੱਪ-ਮਹਾਂਦੀਪ ਦੇ ਇਸਲਾਮਿਕ, ਹਿੰਦੂ ਅਤੇ ਸਿੱਖ ਤਿੰਨ ਸੱਭਿਆਚਾਰਾਂ ਦੇ ਆਪਸੀ ਸੰਵਾਦ ਅਤੇ ਸੱਭਿਆਚਾਰਕ ਸਹਿਹੋਂਦ ਵਾਲੇ ਨਵੇਂ ਵਿਸ਼ਵ ਦੇ ਆਧਾਰ ਤਿਆਰ ਕਰਦਾ ਹੈ। ਇਸ ਲਾਂਘੇ ਦਾ ਇਕ ਸਿਰਾ ਪੰਜਾਬ-ਭਾਰਤੀ ਸੰਸਕ੍ਰਿਤੀ ਵੱਲ ਅਤੇ ਦੂਸਰਾ ਸਿਰਾ ਏਸ਼ੀਆਈ, ਚੀਨੀ, ਇਸਲਾਮਿਕ, ਪੱਛਮੀ-ਅਫ਼ਰੀਕੀ-ਅਮਰੀਕੀ ਸੱਭਿਆਤਾਵਾਂ ਵੱਲ ਖੁੱਲ੍ਹਦਾ ਹੈ। ਇਹ ਲਾਂਘਾ ਵਿਸ਼ਵ ਸੱਭਿਆਚਾਰਾਂ ਅਤੇ ਸੱਭਿਆਤਾਵਾਂ ਵਿਚਕਾਰ ਸੱਚਮੁੱਚ ਰੂਪ ਵਿਚ ਬਫਰ ਬਣ ਕੇ ਨਵੇਂ ਵਿਸ਼ਵ ਆਰਡਰ ਸਿਰਜਣ ਦਾ ਇਕ ਕਾਰਨ ਵੀ ਬਣ ਸਕਦਾ ਹੈ। ਕਰਤਾਰਪੁਰ ਸਾਹਿਬ ਲਾਂਘੇ ਦੇ ਵੱਡੇ ਅਰਥਾਂ ਅਤੇ ਰਮਜ਼ਾਂ ਨੂੰ ਸਮਝ ਕੇ ਨਵਾਂ ਪੰਥਕ ਏਜੰਡਾ ਨਿਰਧਾਰਿਤ ਕਰਨ ਦੀ ਦਿਸ਼ਾ ਪ੍ਰਥਾਇ ਇਕ ਵੱਡੀ ਸ਼ੁਰੂਆਤ ਹੋ ਗਈ ਹੈ, ਜਿਸਦਾ ਸ਼ਾਖ਼ਸ਼ਾਤ ਪ੍ਰਮਾਣ 12 ਨਵੰਬਰ, 2019 ਨੂੰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਸੰਦੇਸ਼ ਅਥਵਾ ਐਲਾਨਨਾਮਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਜਾਰੀ ਕੀਤਾ ਗਿਆ ਸੰਦੇਸ਼ ਇਕੋ ਸਮੇਂ ਸਿੱਖ ਪੰਥ, ਕੌਮ ਅਤੇ ਸਿੱਖ ਸੱਭਿਆਚਾਰ ਨੂੰ ਸ਼ਕਤੀਸ਼ਾਲੀ ਕਰਨ ਨਾਲ ਜੁੜੇ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਕੇ ਪੰਥ ਅਤੇ ਮਾਨਵ ਸੱਭਿਅਤਾ ਨੂੰ ਦਰਪੇਸ਼ ਸੰਕਟਾਂ ਨੂੰ ਸੰਬੋਧਿਤ ਹੋਇਆ ਹੈ। ਇਨ੍ਹਾਂ ਸੰਕਟਾਂ ਦੇ ਨਿਵਾਰਣ ਪ੍ਰਥਾਇ ਜਿਵੇਂ ਪੂੰਜੀਵਾਦ-ਸਮਾਜਵਾਦ ਦੇ ਰਾਜਨੀਤਿਕ ਪ੍ਰਬੰਧਾਂ ਤੋਂ ਹੱਟਵੇਂ ਸਿੱਖ ਫਿਲਾਸਫ਼ੀ ਆਧਾਰਿਤ ਤੀਸਰੇ ਬਦਲ ਬਾਰੇ ਸਿੱਖ ਚਿੰਤਕਾਂ ਅਤੇ ਵਿਸ਼ਵ ਪੱਧਰ ਦੇ ਵਿਦਵਾਨਾਂ ਨੂੰ ਸੁਚੇਤ ਕਰ ਗਿਆ ਹੈ, ਉਹ ਇਨ੍ਹਾਂ ਸਮਾਗਮਾਂ ਦੀ ਆਪਣੇ ਆਪ ਵਿਚ ਇਕ ਵੱਡੀ ਇਤਿਹਾਸਕ ਪ੍ਰਾਪਤੀ ਹੈ। ਇਸ ਸੰਦੇਸ਼ ਵਿਚ ਸਮੇਂ ਦੀ ਲੋੜ ਅਨੁਸਾਰ ਸਿੱਖ ਪੰਥ ਅਤੇ ਮਾਨਵ ਸੱਭਿਅਤਾ ਨੂੰ ਭਵਿੱਖ ਵਿਚ ਇਨ੍ਹਾਂ ਸਰੋਕਾਰਾਂ ਉੱਤੇ ਕੇਂਦਰਿਤ ਰਹਿ ਕੇ ਇਕ ਨਵਾਂ ਬਦਲਵਾਂ ਸਮਾਜੋ-ਰਾਜਨੀਤਿਕ ਪ੍ਰਬੰਧ ਸਿਰਜਣ ਲਈ ਪੰਥ ਨੂੰ ਸੁਚੇਤ ਕਰਦਿਆਂ ਭਵਿੱਖ ਦਾ ਪੰਥਕ ਏਜੰਡਾ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਸ ਸੰਦੇਸ਼ ਦੇ ਇਕੋ ਸਮੇਂ ਦੋ ਪਹਿਲੂ ਹਨ। ਸਿੱਖ ਪੰਥ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫ਼ੀ ਆਧਾਰਿਤ ਆਪਣੇ ਮੌਲਿਕ ਸਮਾਜਿਕ ਪ੍ਰਬੰਧ ਨੂੰ ਨਾ ਉਸਾਰਨ ਵੱਲ ਸਿੱਖ ਪੰਥ ਦਾ ਧਿਆਨ ਦਿਵਾਇਆ ਗਿਆ ਹੈ। ਪੰਥ ਨਾਲ ਉਸ ਦਰਦ ਦੀ ਸਾਂਝ ਪਾਈ ਗਈ ਹੈ ਕਿ ਕਿਉਂ ਸਾਡੀ ਕੌਮੀ ਤਕਦੀਰ ਦੇ ਫੈਸਲੇ ਇਤਿਹਾਸ ਅਤੇ ਵਰਤਮਾਨ ਵਿਚ ਕਿਸੇ ਹੋਰ (ਸੱਤਾਧਾਰੀ) ਧਿਰਾਂ ਕੋਲ ਕਿਵੇਂ ਚਲੇ ਗਏ ਸਨ(ਹਨ)। ਪੰਥ ਦੀ ਆਪਣੀ ਵਿਸ਼ਾਲ ਕੈਨਵਸ ਵਾਲੀ ਕੋਈ ਸਮਾਜੋ-ਰਾਜਨੀਤਿਕ, ਸਿਧਾਂਤਿਕ ਦਸਤਾਵੇਜ਼ ਦੇ ਨਾ ਹੋਣ ਕਾਰਨ ਖਾਲਸਾ ਪੰਥ ਦਾ ਨੀਤੀ ਸ਼ਾਸਤਰ ਸਿਰਜਣ ਵੱਲ ਪੰਥ ਦੇ ਦਾਨਿਸ਼ਵਰਾਂ ਦਾ ਧਿਆਨ ਦਿਵਾਇਆ ਗਿਆ ਹੈ, ਤਾਂ ਜੋ ਭਵਿੱਖ ਦੇ ਖਾਲਸਾ ਯੁੱਗ ਦੀਆਂ ਮੰਜ਼ਿਲਾਂ ਦੇ ਪੈਂਡੇ ਤੈਅ ਕੀਤੇ ਜਾ ਸਕਣ। ਇਸ ਦਰਦ ਦੇ ਦੂਸਰੇ ਅਰਥ ਸਿੱਖ ਪੰਥ ਦੀ ਮੰਜ਼ਿਲ ਨੂੰ ਮਹਿਜ਼ ਪੰਜਾਬ ਦੀ ਸੱਤਾ ਸਥਾਪਤੀ ਤੱਕ ਹੀ ਸੀਮਿਤ ਨਾ ਰੱਖ ਕੇ ਸਗੋਂ ਇਸ ਨੂੰ ਇਕ ਮਾਧਿਅਮ ਵਾਂਗ ਵਰਤ ਕੇ ਸਿੱਖ ਪੰਥ ਦੇ ਆਪਣੇ ਪ੍ਰਭੂਤਾ-ਸੰਪੰਨ ਰਾਜ ਦੇ ਸੰਕਲਪ, ਅਮਲ ਅਤੇ ਮਾਡਲ ਤਿਆਰ ਕਰਨ ਵਿਚ ਨਿਕਲਦੇ ਹਨ।
ਇਸ ਸੰਦੇਸ਼ ਵਿਚ ਉਭਾਰਿਆ ਗਿਆ ਦੂਜਾ ਦ੍ਰਿਸ਼ਟੀਕੋਣ ਵਿਗਾਸ ਦਾ ਰਾਹ ਤਿਆਗ ਕੇ ਵਿਨਾਸ਼ ਵੱਲ ਜਾ ਰਹੇ ਵਿਸ਼ਵ ਨੂੰ ਸਿੱਖ ਫਿਲਾਸਫੀ ਅਨੁਸਾਰ ਦਿਸ਼ਾ ਦੇਣ ਨਾਲ ਸਬੰਧ ਰੱਖਦਾ ਹੈ। ਮਾਨਵ ਸੱਭਿਅਤਾ ਨੂੰ ਦਰਪੇਸ਼ ਵੱਡੇ ਸੰਕਟਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਵਿਸ਼ਵ ਸੱਚ ਨਾਲ ਜੁੜੇ ਚਿੰਤਕਾਂ ਦੇ ਨਾਲ-ਨਾਲ ਸਿੱਖ ਪੰਥ ਨੂੰ ਵੀ ਇਨ੍ਹਾਂ ਸੰਕਟਾਂ ਦੇ ਨਿਵਾਰਣ ਲਈ ‘ਚੜਿਆ ਸੋਧਣੁ ਧਰਤ ਲੋਕਾਈ’ ਦੀ ਪ੍ਰੰਪਰਾ ਵਿਚ ਸਿੱਖ ਵਿਦਵਾਨਾਂ, ਆਗੂਆਂ ਅਤੇ ਆਮ ਸੰਗਤ ਨੂੰ ਆਪਣਾ ਯੋਗਦਾਨ ਪਾਉਣ ਦੀ ਵੰਗਾਰ ਪਾਈ ਗਈ ਹੈ। ਸਿੱਖ ਵਿਦਵਤਾ ਵਿਚ ਵਿਕਸਿਤ ਹੋ ਚੁੱਕੇ ਵਿਸਮਾਦੀ ਸਿਲਸਿਲੇ (ਵਿਸਮਾਦੀ ਸਕੂਲ ਆਫ਼ ਥਾਟ) ਨੂੰ ਮਾਨਤਾ-ਪ੍ਰਵਾਨਤਾ ਦਿੰਦੇ ਹੋਏ ‘ਵਿਸਮਾਦੀ ਵਿਸ਼ਵ ਆਰਡਰ’ ਸਿਰਜਣ ਵਾਲੇ ਵਿਦਵਾਨਾਂ ਅਤੇ ਸ਼ਕਤੀਆਂ ਨੂੰ ਕੁਦਰਤਮੁਖੀ ਮਨੁੱਖ, ਸਮਾਜ-ਵਿਵਸਥਾ ਸਿਰਜਣ ਅਤੇ ਕੁਦਰਤ ਅਨੁਸਾਰੀ ਜੀਊਣ ਲਈ ਵਿਸਮਾਦੀ ਸਮਾਜੋ-ਰਾਜਨੀਤਿਕ ਪ੍ਰਬੰਧ ਦੀਆਂ ਹੋਰ ਪਰਤਾਂ ਅਤੇ ਅੰਤਰ-ਦ੍ਰਿਸ਼ਟੀਆਂ ਨੂੰ ਵਿਸ਼ਵ ਸਾਹਮਣੇ ਲਿਆਉਣ ਲਈ ਇਕ ਨਵੀਂ ਬਹਿਸ ਚਲਾਉਣ ਲਈ ਕਿਹਾ ਗਿਆ ਹੈ। ਅਕਾਲ ਤਖ਼ਤ ਸਾਹਿਬ ਦੀ ਠੰਢੀ-ਮਿੱਠੀ ਛਾਂ ਹੇਠ ਮੌਜੂਦਾ ਹਾਲਾਤ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਤਲਾਸ਼ ਕਰਨ ਦਾ ਪੰਥ ਅਤੇ ਵਿਸ਼ਵ ਨੂੰ ਜੋ ਸੁਨੇਹਾ ਦਿੱਤਾ ਗਿਆ ਹੈ, ਉਹ ਸਮੁੱਚੇ ਸਿੱਖ ਪੰਥ ਅਤੇ ਸੰਘਰਸ਼ਸ਼ੀਲ ਧਿਰਾਂ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ।
ਗੁਰੂ ਕਾਲ ਤੋਂ ਬਾਅਦ, ਵਿਸ਼ੇਸ਼ ਕਰਕੇ 1947 ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਇਹ ਸੰਦੇਸ਼ ਪੰਥ ਅਤੇ ਮਾਨਵ ਜਾਤੀ ਦੀਆਂ ਨਵੀਆਂ ਮੰਜ਼ਿਲਾਂ ਲਈ ਨਵੀਂ ਦਿਸ਼ਾ ਨਿਰਧਾਰਿਤ ਕਰਦਾ ਹੈ। ‘ਨਾਨਕ ਨਾਮ ਦੀ ਚੜ੍ਹਦੀਕਲਾ’ ਕਰਦਿਆਂ ‘ਸਰਬੱਤ ਦਾ ਭਲਾ’ ਕਿਵੇਂ ਕੀਤਾ ਜਾ ਸਕਦਾ ਹੈ, ਇਹ ਸੰਦੇਸ਼ ਪੰਥ ਦੇ ਸਿਆਣਿਆਂ, ਕਥਵਾਚਕਾਂ, ਪ੍ਰਚਾਰਕਾਂ, ਆਗੂਆਂ, ਸੰਸਥਾਵਾਂ ਅਤੇ ਆਮ ਸਿੱਖਾਂ ਨੂੰ ਉਸ ਮੰਜ਼ਿਲ ਦੀ ਦੱਸ ਪਾਉਂਦਾ ਹੈ, ਜੋ ਹਾਲਾਤ ਦੇ ਧੁੰਦਲਕਿਆਂ ਵਿਚ ਪਿਛਲੇ ਕੁਝ ਦਹਾਕਿਆਂ ਤੋਂ ਸਾਡੇ ਚੇਤਿਆਂ ਵਿਚੋਂ ਵਿਸਰ ਗਈ ਸੀ। ਪਿਛਲੇ ਸਮਿਆਂ ਵਿਚ ਪੰਥ ਦੇ ਗੌਰਵ ਦੀ ਮੁੜ ਬਹਾਲੀ ਲਈ ਜੋ ਵੀ ਕੁਰਬਾਨੀਆਂ, ਸ਼ਹਾਦਤਾਂ, ਸਾਕੇ ਅਤੇ ਘਟਨਾਵਾਂ ਵਾਪਰੀਆਂ ਸਨ, ਇਹ ਸੰਦੇਸ਼ ਉਨ੍ਹਾਂ ਕੁਰਬਾਨੀਆਂ ਨੂੰ ਨਵੇਂ ਰੂਪ ਵਿਚ ਸ਼ਬਦ, ਬੋਲ ਅਤੇ ਅਰਥ ਦਿੰਦਾ ਹੈ। ਪੰਜਾਬ ਦੀ ਸੱਤਾ ਦੀ ਲੜਾਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਕਮੇਟੀਆਂ ਉਤੇ ਕਬਜ਼ੇ ਦੀ ਲੜਾਈ, ਆਪਸੀ ਵਿਰੋਧ-ਫੁੱਟ ਵਿਚ ਜਕੜੇ ਹੋਏ ਰਾਜਨੀਤਿਕਾਂ ਨੂੰ ਵੀ ਇਹ ਸੰਦੇਸ਼ ਸੁਚੇਤ ਕਰਦਾ ਇਕ ਵੱਡਾ ਮਕਸਦ ਦਿੰਦਾ ਹੈ। ਸੱਤਾ ਨੂੰ ਕਿਵੇਂ ਇਕ ਵੱਡੇ ਮਾਧਿਅਮ ਵਾਂਗ ਵਰਤ ਕੇ ਪੰਥ ਅਤੇ ਮਾਨਵ ਜਾਤੀ ਦੇ ਉੱਜਵਲ ਭਵਿੱਖ ਲਈ ਸਿੱਖ ਸਿਧਾਂਤਾਂ ਨੂੰ ਸਟੇਟ ਨੀਤੀ ਦਾ ਹਿੱਸਾ ਬਣਾ ਕੇ ਨਵੇਂ ਰਾਹ ਤਿਆਰ ਕੀਤੇ ਜਾਣੇ ਚਾਹੀਦੇ ਹਨ, ਉਸ ਦੀਆਂ ਸੰਭਾਵਨਾਵਾਂ ਇਹ ਸੰਦੇਸ਼ ਉਜਾਗਰ ਕਰਦਾ ਹੈ। ਪੰਥ ਅਤੇ ਹੋਰ ਸੱਭਿਆਚਾਰਾਂ ਦੇ ਦਾਨਿਸ਼ਵਰਾਂ ਤੋਂ ਇਨ੍ਹਾਂ ਮੰਜ਼ਿਲਾਂ ਦੀ ਪ੍ਰਾਪਤੀ ਲਈ ਜੋ ਕੁਝ ਕਰਨ ਦੀ ਆਸ ਰੱਖੀ ਗਈ ਹੈ, ਇਹ ਐਲਾਨਨਾਮਾ ਦੇਸ਼-ਵਿਦੇਸ਼ਾਂ ਵਿਚ ਵੱਸਦੇ ਸਿੱਖਾਂ, ਵਿਸ਼ੇਸ਼ ਕਰਕੇ ਨਵੀਂ ਪੀੜ੍ਹੀ ਦੇ ਨੌਜੁਆਨਾਂ ਦੇ ਮੋਢਿਆਂ ਉੱਤੇ ਇਕ ਵੱਡੀ ਜ਼ਿੰਮੇਵਾਰੀ ਪਾਉਂਦਾ ਹੈ।
ਅਕਾਲ ਤਖ਼ਤ ਸਾਹਿਬ ਦੇ ਸੰਦੇਸ਼ ਦੇ ਹਰ ਹੁਕਮ ਅੱਗੇ ਸੀਸ ਨਿਵਾਉਣ ਵਾਲੇ ਅਕਾਲੀ ਆਗੂ, ਸ਼੍ਰੋ.ਗੁ.ਪ੍ਰ. ਕਮੇਟੀ, ਧਾਰਮਿਕ-ਰਾਜਨੀਤਿਕ-ਸਮਾਜਿਕ ਸੰਸਥਾਵਾਂ ਅਤੇ ਸਮੁੱਚੇ ਤੌਰ ‘ਤੇ ਸਿੱਖ ਪ੍ਰਤਿੱਭਾ ਦਾ ਇਹ ਫਰਜ਼ ਬਣਦਾ ਹੈ ਕਿ ਇਸ ਸੰਦੇਸ਼ ਦੀਆਂ ਬਹੁ-ਪਰਤੀ ਦਿਸ਼ਾਵਾਂ ਨੂੰ ਵਿਸ਼ਵ ਸਾਹਮਣੇ ਲਿਆਉਣ ਅਤੇ ਪੰਥਕ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਇਕ ਕਾਰਜਯੋਜਨਾ ਤਿਆਰ ਕਰਨ ਦੀ ਦਿਸ਼ਾ ਵੱਲ ਕੰਮ ਕਰਨ। ਇਹ ਸਮਾਂ ਇਕ ਸਮਾਂਬੱਧ ਯੋਜਨਾ ਅਨੁਸਾਰ ਮਿੱਥ ਕੇ ਇਤਿਹਾਸ ਸਿਰਜਣ ਦਾ ਹੈ। ਇਹ ਸੰਦੇਸ਼ ਅਕਾਲ ਤਖ਼ਤ ਸਾਹਿਬ ਦਾ ‘ਇਕ ਹੋਰ’ ਸੰਦੇਸ਼ ਬਣ ਕੇ ਨਹੀਂ ਰਹਿਣਾ ਚਾਹੀਦਾ। ਭਵਿੱਖ ਦੀ ਬੁੱਕਲ ਵਿਚ ਸਮਾਏ ਬਦਲਵੇਂ ਵਿਸਮਾਦੀ ਸਮਾਜੋ-ਰਾਜਨੀਤਿਕ ਪ੍ਰਬੰਧ ਨੂੰ ਪ੍ਰਗਟ ਕਰਨ ਦੀ ਅਕਾਲ ਤਖ਼ਤ ਸਾਹਿਬ ਦੇ ਸੰਦੇਸ਼ ਦੀ ਦਸਤਕ ਨੂੰ ਵਿਸ਼ਵ ਪਾਸਾਰ ਦੇਣੇ ਹੁਣ ਪੰਥਕ ਪ੍ਰਤਿੱਭਾ ਅਤੇ ਵਿਸ਼ਵ ਸਿਆਣਿਆਂ ਦੀ ਸਾਂਝੀ ਜ਼ਿੰਮੇਵਾਰੀ ਅਤੇ ਫਰਜ਼ ਹਨ। ਪੰਥ ਦੀ ‘ਪਾਰਲੀਮੈਂਟ’ ਦਾ ਦਾਅਵਾ ਕਰਨ ਵਾਲੀ ਸ਼੍ਰੋ.ਗੁ.ਪ੍ਰ.ਕਮੇਟੀ ਨੂੰ ਇਸ ਸੰਦੇਸ਼ ਬਾਰੇ ਬਹਿਸ ਦਾ ਆਗਾਜ਼ ਕਰਨ ਲਈ ਫੌਰੀ ਤੌਰ ‘ਤੇ ਆਪਣਾ ਵਿਸ਼ੇਸ਼ ਸੈਸ਼ਨ ਬੁਲਾਉਣਾ ਚਾਹੀਦਾ ਹੈ।
ਮੁਖੀ, ਭਾਈ ਗੁਰਦਾਸ ਇੰਸਟੀਚੂਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਅਨੰਦਪੁਰ ਸਾਹਿਬ।ਮੋ. 9872591713