ਢਾਕਾ, 30 ਮਈ (ਪੀ.ਟੀ.)-ਮਿਆਂਮਾਰ ਦੀ ਸਰਹੱਦੀ ਪੁਲਿਸ ਦੁਆਰਾ ਇਕ ਬੰਗਲਾਦੇਸ਼ੀ ਫੌਜੀ ਦੀ ਗੋਲੀ ਮਾਰਕੇ ਹੱਤਿਆ ਕਰ ਦੇਣ ਉਪਰੰਤ ਬੰਗਲਾਦੇਸ਼-ਮਿਆਂਮਾਰ ਸਰਹੱਦ ਉਪਰ ਤਨਾਅ ਪੈਦਾ ਹੋ ਗਿਆ ਹੈ ਤੇ ਲੰਘੀ ਰਾਤ ਬੰਗਲਾਦੇਸ਼ ਨੇ ਨੀਮ ਫੌਜੀ ਬਲਾਂ ਦੀਆਂ ਹੋਰ ਟੁੱਕੜੀਆਂ ਮਿਆਂਮਾਰ ਨਾਲ ਲੱਗਦੀ ਦੱਖਣ ਪੂਰਬੀ ਸਰਹੱਦ ਉਪਰ ਤਾਇਨਾਤ ਕਰ ਦਿੱਤੀਆਂ ਹਨ। ਬੀਤੇ ਦਿਨ ਮਿਆਂਮਾਰ ਦੀ ਬਾਰਡਰ ਗਾਰਡ ਪੁਲਿਸ (ਬੀ.ਜੀ.ਪੀ) ਨੇ ਬਾਰਡਰ ਗਾਰਡ ਬੰਗਲਾਦੇਸ਼ (ਬੀ.ਜੀ.ਬੀ) ਦੀ ਗਸ਼ਤੀ ਟੁੱਕੜੀ ਉਪਰ ਗੋਲੀਆਂ ਚਲਾਕੇ ਇਕ ਬੰਗਲਾਦੇਸ਼ੀ ਜਵਾਨ ਦੀ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਪੈਦਾ ਹੋਏ ਤਨਾਅ ਦੇ ਮੱਦੇਨਜਰ ਬੰਗਲਾਦੇਸ਼ ਨੇ ਨਿਖੰਗਚਾਰੀ ਸਰਹੱਦ ਨਾਲ ਹੋਰ ਫੋਰਸਾਂ ਤਾਇਨਾਤ ਕਰਨ ਦਾ ਆਦੇਸ਼ ਦਿੱਤਾ ਹੈ। ਲੰਘੀ ਸ਼ਾਮ ਵਿਦੇਸ਼ ਮੰਤਰਾਲੇ ਨੇ ਢਾਕਾ ਵਿਚਲੇ ਮਿਆਂਮਾਰ ਦੇ ਰਾਜਦੂਤ ਥਾਨ ਮਾਇਓ
ਮਿਇੰਟ ਨੂੰ ਤਲਬ ਕਰਕੇ ਇਸ ਘਟਨਾ ਵਿਰੁੱਧ ਰੋਸ ਪ੍ਰਗਟਾਇਆ ਤੇ ਇਸ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ।


