ਨਵੀਂ ਦਿੱਲੀ, 26 ਮਈ (ਪੀ.ਟੀ.)-ਅੱਜ ਸੁਪਰੀਮ ਕੋਰਟ ਨੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਖਿਲਾਫ ਬੰਗਲੌਰ ਅਦਾਲਤ ਸਾਹਮਣੇ ਬੇਹਿਸਾਬੀ ਜਾਇਦਾਦ ਮਾਮਲੇ ਦੀ ਚਲ ਰਹੀ ਸੁਣਵਾਈ ’ਤੇ 10 ਦਿਨ ਲਈ ਰੋਕ ਲਾ ਦਿੱਤੀ ਹੈ। ਜਸਟਿਸ ਬੀ. ਐਸ. ਚੌਹਾਨ ਅਤ ਜਸਟਿਸ ਏ. ਕੇ. ਸੀਕਰੀ ’ਤੇ ਆਧਾਰਤ ਬੈਂਚ ਨੇ ਕਿਹਾ ਕਿ ਬੰਗਲੌਰ ਵਿਚ ਇਸੇ ਆਦਾਲਤ ਦੇ ਸਾਹਮਣੇ ਦਿਵਾਨੀ ਮਾਮਲੇ ਦੀ ਸੁਣਵਾਈ ਜਾਰੀ ਰਹੇਗੀ। ਦਿਵਾਨੀ ਮਾਮਲਾ ਵੱਖ-ਵੱਖ ਕੰਪਨੀਆਂ ਦੀ ਅਪੀਲ ਨਾਲ ਸਬੰਧਤ ਹੈ ਜਿਨ੍ਹਾਂ ਨੇ ਦੋਸ਼ ਲਾਇਆ ਕਿ ਤਾਮਿਲਨਾਡੂ ਦੀ ਮੁੱਖ ਮੰਤਰੀ ਦੀ ਬੇਹਿਸਾਬੀ ਜਾਇਦਾਦ ਦੇ ਹਿੱਸੇ ਵਜੋਂ ਦਿਖਾਈ ਕੁਝ ਜਾਇਦਾਦ ਅਸਲ ਵਿਚ ਉਨ੍ਹਾਂ ਦੀ ਹੈ। ਬੈਂਚ ਨੇ ਕਿਹਾ ਕਿ ਅਸੀਂ 10 ਦਿਨਾਂ ਲਈ ਅਪਰਾਧਿਕ ਮਾਮਲੇ ਦੀ ਸੁਣਵਾਈ ‘ਤੇ ਰੋਕ ਲਾ ਰਹੇ ਹਾਂ ਪਰ ਉਨ੍ਹਾਂ ਸਪਸ਼ਟ ਕੀਤਾ ਕਿ ਦਿਵਾਨੀ ਕਾਰਵਾਈ ਜਾਰੀ ਰਹੇਗੀ। ਬੈਂਚ ਅੱਨਾ ਡੀ. ਐਮ. ਕੇ. ਦੀ ਮੁਖੀ
ਜੈਲਲਿਤਾ ਵਲੋਂ ਦਾਇਰ ਪਟੀਸ਼ਨ ‘ਤੇ ਵਿਜੀਲੈਂਸ ਦੇ ਡਾਇਰਕੈਟਰ ਜਨਰਲ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਬਿਨੇਕਾਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਰਣਜੀਤ ਕੁਮਾਰ ਨੇ ਕਿਹਾ ਕਿ ਜੇਕਰ ਆਪਰਾਧਿਕ ਮਾਮਲੇ ਦੀ ਸੁਣਵਾਈ ਨਾ ਰੋਕੀ ਗਈ ਤਾਂ ਇਹ ਗੰਭੀਰ ਪੱਖਪਾਤ ਹੋਵੇਗਾ। ॥
ਜੈਲਲਿਤਾ ਆਪਣੀ ਆਮਦਨ ਦੇ ਜਾਣਕਾਰ ਵਸੀਲਿਆਂ ਤੋਂ 66 ਕਰੋੜ ਰੁਪਏ ਮੁੱਲ ਦੀ ਵੱਧ ਜਾਇਦਾਦ ਆਪਣੇ ਕੋਲ ਰੱਖਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ।



