ਚੰਡੀਗੜ੍ਹ, 26 ਮਈ (ਪੀ.ਟੀ.)-ਪੰਜਾਬ ਸਰਕਾਰ ਨੇ ਖੂਨ ਦੇ ਰਿਸ਼ਤੇ ਵਿਚ ਜਾਇਦਾਦ ਤਬਦੀਲ ਕਰਨ ਤੇ ਸਟੈਂਪ ਡਿਊਟੀ ਤੇ ਪੂਰਨ ਛੋਟ ਦਿੰਦਿਆਂ ਐਲਾਨ ਕੀਤਾ ਹੈ ਕਿ ਕੋਈ ਵੀ ਵਿਅਕਤੀ ਆਪਣੇ ਜੀਵਨ ਵਿਚ ਆਪਣੇ ਖੂਨ ਦੇ ਰਿਸ਼ਤੇ (ਭਾਵ: ਬੱਚਿਆਂ, ਪੋਤੇ ਪੋਤੀਆਂ, ਭਰਾ ਅਤੇ ਭੈਣ) ਨੂੰ ਅਚੱਲ ਜਾਇਦਾਦ ਬਿਨਾਂ ਕਿਸੇ ਸਟੈਂਪ ਡਿਊਟੀ ਭਰੇ ਤਬਦੀਲ ਕਰ ਸਕੇਗਾ। ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਨੇ ਦੱਸਿਆ ਕਿ ਇਸ ਸਬੰਧੀ ਮਾਲ ਮਹਿਕਮੇ ਵਲੋਂ ਹੁਕਮ ਜ਼ਾਰੀ ਕਰ ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧਾ ਪੋਤੇ-ਪੋਤੀਆਂ ਨੂੰ ਜ਼ਾਇਦਾਦ ਤਬਦੀਲ ਕਰਨ ਲਈ ਪੰਜ ਫੀਸਦੀ ਸਟੈਂਪ ਡਿਊਟੀ ਦੇਣੀ ਪੈਂਦੀ ਸੀ।ਔਰਤਾਂ ਦੇ ਮਾਮਲੇ ਵਿਚ ਇਹ ਫੀਸ ਤਿੰਨ ਫੀਸਦੀ ਸੀ। ਪਰ ਸਰਕਾਰ ਵਲੋਂ ਜ਼ਾਰੀ ਕੀਤੇ ਗਏ ਤਾਜ਼ਾ ਹੁਕਮਾਂ ਦੇ ਤਹਿਤ ਅਜਿਹੀਆਂ ਜ਼ਾਇਦਾਦਾਂ ਦੇ ਤਬਾਦਲਿਆਂ ਦੀ ਰਜਿਸਟਰੀ ਤੇ ਕੋਈ ਵੀ ਸਟੈਂਪ ਡਿਊਟੀ ਨਹੀਂ ਲੱਗੇਗੀ।
ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਭਰਾ ਅਤੇ ਭੈਣ ਨੂੰ ਛੋਟ ਵਾਲੀ ਕੈਟਾਗਿਰੀ ਵਿਚ ਨਹੀਂ ਰੱਖਿਆ ਗਿਆ ਸੀ ਅਤੇ ਉਨ੍ਹਾਂ ਨੂੰ ਅਜਿਹੇ ਤਬਾਦਲਿਆਂ ਤੇ ਸਟੈਂਪ ਡਿਊਟੀ ਦੇਣੀ ਪੈਂਦੀ ਸੀ।ਪਰ ਸਰਕਾਰ ਦੇ ਨਵੇਂ ਹੁਕਮਾਂ ਦੇ ਤਹਿਤ ਭਰਾ-ਭੈਣ ਅਤੇ ਭੈਣ-ਭਰਾ ਵਿਚਕਾਰ ਜਾਇਦਾਦ ਤਬਦਾਲੇ ਤੇ ਕੋਈ ਸਟੈਂਪ ਡਿਊਟੀ ਨਹੀਂ ਲੱਗੇਗੀ।
ਪੰਜਾਬ ਸਰਕਾਰ ਨੇ ਇਕ ਹੋਰ ਹੁਕਮ ਜ਼ਾਰੀ ਕਰਦਿਆਂ ਗੈਰ ਰਵਾਇਤੀ ਊਰਜ਼ਾ ਪਾਲਸੀ-2012 ਦੇ ਤਹਿਤ ਪੇਡਾ ਤੋਂ ਮਨਜ਼ੂਰਸ਼ੁਦਾ ਪ੍ਰੋਜੈਕਟ ਲਾਉਣ ਲਈ ਲਈ ਵੀ ਸਟੈਂਪ ਡਿਊਟੀ ਤੋਂ ਛੋਟ ਦਿੱਤੀ ਗਈ ਹੈ।ਨਵੇਂ ਹੁਕਮਾਂ ਦੇ ਤਹਿਤ ਪੇਡਾ ਵਲੋਂ ਬਣਾਈ ਗਈ ਗੈਰ ਰਵਾਇਤੀ ਊਰਜ਼ਾ ਪਾਲਸੀ-2012 ਤਹਿਤ ਮਨਜ਼ੂਰ ਪ੍ਰੋਜੈਕਟ ਸਥਾਪਿਤ ਕਰਨ ਲਈ ਕਿਸੇ ਵੀ ਫਰਮ/ਕੰਪਨੀ/ਸੁਸਾਇਟੀ ਵਲੋਂ ਜਮੀਨ ਖਰੀਦਣ ਤੇ ਕੋਈ ਵੀ ਰਜਿਸਟਰੇਸ਼ਨ ਫੀਸ ਨਹੀਂ ਲੱਗੇਗੀ।



