ਮਾਛੀਵਾੜਾ ਸਾਹਿਬ, 26 ਮਈ (ਕਰਮਜੀਤ ਸਿੰਘ ਆਜ਼ਾਦ)-ਕੱਲ ਦੇਰ ਸ਼ਾਮ ਚੱਲੇ ਤੇਜ਼ ਝੱਖੜ ਕਾਰਨ ਕਿਸਾਨਾਂ ਵੱਲੋਂ ਖੇਤਾਂ ਵਿਚ ਲੱਗੀ ਅੱਗ ਭਾਂਬੜ ਬਣਕੇ ਐਨੀ ਤੇਜ਼ੀ ਨਾਲ ਫੈਲੀ ਕਿ ਉਸਨੇ ਕਈ ਪਿੰਡਾਂ ਦੀ ਜਮੀਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਇਸ ਅੱਗ ਵਿਚ ਕਿਸਾਨਾਂ ਦੀ ਖੇਤਾਂ ਵਿਚ ਕਣਕ ਦਾ ਨਾੜ ਅਤੇ ਕਈ ਤੂੜੀ ਦੇ ਕੁੱਪ ਸੜਕੇ ਸੁਆਹ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬੇਟ ਖੇਤਰ ਦੇ ਪਿੰਡ ਹੰਬੋਵਾਲ ਨੇੜੇ ਕਿਸੇ ਕਿਸਾਨ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਈ ਹੋਈ ਸੀ ਕਿ ਇੱਕਦਮ ਤੇਜ਼ ਝੱਖੜ ਆਉਣ ਕਾਰਨ ਇਹ ਅੱਗ ਵੀ ਤੇਜ਼ੀ ਨਾਲ ਫੈਲ ਗਈ। ਇਸ ਅੱਗ ਨੇ ਹੰਬੋਵਾਲ, ਮੁਬਾਰਕਪੁਰ, ਬੈਰਸਾਲ ਖੁਰਦ ਅਤੇ ਹੋਰ ਇੱਕ ਦੋ ਪਿੰਡਾਂ ਦੇ ਖੇਤਾਂ ਨੂੰ ਚਪੇਟ ਵਿਚ ਲੈ ਲਿਆ ਤੇ ਇਨਾਂ ਖੇਤਾਂ ਵਿਚ ਡੇਰੇ ਬਣਾ ਕੇ ਰਹਿੰਦੇ ਲੋਕਾਂ ਨੂੰ ਆਪਣੇ ਜਾਨ ਮਾਲ ਦਾ ਡਰ ਬਣ ਗਿਆ। ਅੱਗ ਵਧਦੀ ਦੇਖ ਜਿੱਥੇ ਲੋਕਾਂ ਨੇ ਆਪਣੇ ਟਰੈਕਟਰਾਂ ਨਾਲ ਖੇਤ ਵਾਹੁਣੇ ਸ਼ੁਰੂ ਕਰ ਦਿੱਤੇ
ਤਾਂ ਜੋ ਅੱਗ ਦਾ ਫੈਲਾਅ ਰੋਕਿਆ ਜਾ ਸਕੇ ਉਥੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕਰ ਦਿੱਤਾ ਅਤੇ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ। ਇਸ ਅੱਗ ਕਾਰਨ ਮੋਹਣ ਸਿੰਘ ਹੰਬੋਵਾਲ ਦੇ ਤੂੜੀ ਦੇ ਦੋ ਕੁੱਪ ਅਤੇ ਕਿਸਾਨ ਵਰਿਆਮ ਸਿੰਘ ਈਸਾਪੁਰ ਦੇ ਚਾਰ ਕੁੱਪਾਂ ਤੋਂ ਇਲਾਵਾ ਕਈ ਏਕੜ ਕਣਕ ਦਾ ਨਾੜ ਜਿਸਤੋਂ ਤੂੜੀ ਤਿਆਰ ਹੋਣੀ ਸੀ ਉਹ ਵੀ ਅੱਗ ਦੀ ਭੇਂਟ ਚੜ੍ਹ ਗਏ ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।



