ਰਾਜਨਾਥ, ਜੇਤਲੀ, ਸ਼ੁਸ਼ਮਾ, ਨਾਇਡੂ, ਗਡਕਰੀ ਅਤੇ ਹਰਸਿਮਰਤ ਸਮੇਤ 45 ਮੰਤਰੀ
ਮੋਦੀ ਮੰਗਲਵਾਰ ਸਵੇਰੇ 8 ਵਜੇ ਅਹੁਦਾ ਸੰਭਾਲਣਗੇ
ਨਵੀਂ ਦਿੱਲੀ, 26 ਮਈ (ਪੀ.ਟੀ.ਬਿਊਰੋ)-ਦੇਸ਼ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵੱਲੋਂ ਅੱਜ ਇੱਥੇ ਰਾਸ਼ਟਰਪਤੀ ਭਵਨ ਵਿਖੇ ਦੇਸ਼ ਵਿਦੇਸ਼ ਤੋਂ ਪਹੁੰਚੇ ਸੈਂਕੜੇ ਪੰਤਵੰਤਿਆਂ ਦੀ ਹਾਜ਼ਰੀ ਵਿੱਚ ਸ੍ਰੀ ਨਰਿੰਦਰ ਦਮੋਦਰ ਦਾਸ ਮੋਦੀ ਨੂੰ ਆਹੁਦੇ ਦੀ ਸਹੁੰ ਚੁਕਾਉਣ ਨਾਲ ਉਹ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਰਾਜਨਾਥ ਸਿੰਘ, ਸ੍ਰੀਮਤੀ ਸ਼ੁਸ਼ਮਾ ਸਵਰਾਜ, ਸ੍ਰੀ ਅਰੁਨ ਜੇਤਲੀ, ਐੱਮ.ਵੈਨਕਈਆ ਨਾਇਡੂ, ਸ੍ਰੀ ਨਿਤਿਨ ਗਡਕਰੀ, ਡੀ.ਵੀ ਸਦਾਨੰਦ ਗੌੜਾ, ਰਾਮਵਿਲਾਸ ਪਾਸਵਾਨ, ਉਮਾ ਭਾਰਤੀ, ਨਜਮਾ ਹੈਪਦੁੱਲਾ, ਗੋਪੀਨਾਥ ਮੁੰਡੇ, ਰਾਮਵਿਲਾਸ ਪਾਸਵਾਨ, ਬੀਬੀ ਹਰਸਿਮਰਤ ਕੌਰ ਬਾਦਲ, ਮੇਨਕਾ ਗਾਂਧੀ, ਅਨੰਤ ਕੁਮਾਰ, ਅਸ਼ੋਕ ਗਜਪਤੀ ਰਾਜੂ, ਅਨੰਤ ਗੀਤੇ, ਨਰਿੰਦਰ ਤੋਮਰ, ਜੋਏਲ ਉਰਾਂਵ, ਰਾਧਾ
ਮੋਹਨ ਸਿੰਘ ਅਤੇ ਥਾਵਰ ਚੰਦ ਗਹਿਲੋਤ ਨੇ ਕੈਬਨਟ ਮੰਤਰੀਆਂ ਵਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ ਸਾਬਕਾ ਫੌਜ ਮੁਖੀ ਵੀ ਕੇ ਸਿੰਘ ਨੇ ਰਾਜ ਮੰਤਰੀ, ਰਾਓ ਇੰਦਰਜੀਤ ਸਿੰਘ, ਸੰਤੋਸ਼ ਗੰਗਵਾਲ, ਸ੍ਰੀਪਦ ਨਾਇਕ, ਧਰਮਿੰਦਰ ਪ੍ਰਧਾਨ, ਪ੍ਰਕਾਸ਼ ਜਾਵੜੇਕਰ, ਪਿਊਸ਼ ਗੋਇਲ, ਡਾ. ਜਤਿੰਦਰ ਸਿੰਘ ਨੇ ਰਾਜ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਦੇ ਖੁੱਲੇ ਵੇਹੜੇ ਵਿੱਚ ਕੀਤਾ ਗਿਆ।
ਸ੍ਰੀ ਨਰਿੰਦਰ ਮੋਦੀ ਨੇ ਇਸ ਮੌਕੇ ’ਤੇ ਸਹੁੰ ਚੁਕਦੇ ਹੋਏ ਆਖਿਆ ਕਿ ਮੈਂ ਪਰਮਾਤਮਾ ਦੀ ਸਹੁੰ ਲੈਂਦਾ ਹੈ ਕਿ ਜਦੋਂ ਕਾਰਜਭਾਰ ਮੈਂ ਸੌਂਪਿਆ ਗਿਆ ਹੈ ਮੈਂ ਉਸ ਦੀ ਤਨ-ਮਨ ਨਾਲ ਸੇਵਾ ਕਰਾਂਗਾ। ਮੰਤਰੀ ਮੰਡਲ ਵਿੱਚ ਭਾਜਪਾ ਤੋਂ ਇਲਾਵਾ ਐੱਨ.ਡੀ.ਏ. ਦੀਆਂ ਸਹਿਯੋਗੀ ਧਿਰਾ ਨੂੰ ਵੀ ਹਿੱਸੇਦਾਰੀ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਰਾਜ ਮੰਤਰੀ ਵਜੋਂ ਸਹੁੰ ਚੁਕਾਈ ਗਈ।
ਸ੍ਰੀ ਮੋਦੀ ਦੇ 15ਵੇਂ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁਕਣ ਸਮੇਂ ਦੇਸ਼ ਵਿਦੇਸ਼ ਤੋਂ ਕਈ ਅਹਿਮ ਸਖਸ਼ੀਅਤਾ ਨੇ ਹਾਜ਼ਰੀ ਭਰੀ। ਸਮਾਰੋਹ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਹੋਰ ਵਿਦੇਸ਼ੀ ਮੰਤਰੀਆਂ ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੋਦੀ ਠੀਕ 6 ਵਜੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀੇ। ਉਨ੍ਹਾਂ ਦੇ ਸਹੁੰ ਚੁੱਕ ਸਮਾਰੋਹ ਵਿਚ ਅਬਦੁੱਲ ਕਲਾਮ ਅਤੇ ਡਾ. ਮਨਮੋਹਨ ਸਿੰਘ ਵੀ ਮੌਜੂਦ ਹਨ। ਇਸ ਦੇ ਨਾਲ ਹੀ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਉੱਪ ਪ੍ਰਧਾਨ ਰਾਹੁਲ ਗਾਂਧੀ ਵੀ ਪਹੁੰਚੇ ਸਨ। ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਸੁਸ਼ਮਾ ਸਵਰਾਜ ਅਤੇ ਭਾਜਪਾ ਦੇ ਹੋਰ ਕਈ ਨੇਤਾ ਪਹੁੰਚੇ। ਮੁਕੇਸ਼ ਅੰਬਾਨੀ, ਪ੍ਰਫੁੱਲ ਪਟੇਲ ਰਾਸ਼ਟਰਪਤੀ ਭਵਨ ਪਹੁੰਚੇ। ਵਿਦੇਸ਼ੀ ਮੰਤਰੀਆਂ ਵਿਚੋਂ ਨੇਪਾਲ ਦੇ ਪ੍ਰਧਾਨ ਮੰਤਰੀ ਸੁਸ਼ੀਲ ਕੋਈਰਾਲਾ ਵੀ ਪਹੁੰਚੇ। ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਰਾਸ਼ਟਰਪਤੀ ਭਵਨ ਪਹੁੰਚੇ। ਧਰਮਿੰਦਰ, ਰਜਨੀਕਾਂਤ, ਸਲਮਾਨ ਖਾਨ ਸਮੇਤ ਕਈ ਬਾਲੀਵੁੱਡ ਹਸਤੀਆਂ ਵੀ ਪੁੱਜੀਆਂ। ਕੇਂਦਰੀ ਮੰਤਰੀਆਂ ਨੂੰ ਆਹੁਦੇ ਵੀ ਵੰਡ ਦਿੱਤੇ ਗਏ ਹਨ। ਮੋਦੀ ਨੇ ਆਪਣੇ ਕੋਲ ਸੁਰੱਖਿਆ ਮੰਤਰਾਲਾ ਰੱਖਿਆ ਹੈ। ਰਾਜਨਾਥ ਸਿੰਘ ਨੇ ਦੇਸ਼ ਦੇ ਗ੍ਰਹਿ ਮੰਤਰੀ, ਅਰੁਣ ਜੇਤਲੀ ਨੇ ਵਿੱਤ ਮੰਤਰੀ, ਸੁਸ਼ਮਾ ਸਵਰਾਜ ਨੇ ਵਿਦੇਸ਼ ਮੰਤਰੀ, ਨਿਤਿਨ ਗਡਕਰੀ ਨੇ ਟਰਾਂਸਪੋਰਟ ਮੰਤਰੀ, ਸਦਾਨੰਦ ਗੌੜਾ ਨੇ ਰੇਲ ਮੰਤਰੀ, ਬਠਿੰਡਾ ਤੋਂ ਐਮ ਪੀ ਹਰਸਿਮਰਤ ਬਾਦਲ ਨੂੰ ਫੂਡ ਪ੍ਰੋਸੈਸਿੰਗ ਦਾ ਕੈਬਨਟ ਮੰਤਰੀ ਬਨਾਇਆ ਗਿਆ ਹੈ। ਮੋਦੀ ਕੈਬਨਟ ’ਚ ਕੁੱਲ 25 ਕੈਬਨਟ, 11 ਰਾਜ ਮੰਤਰੀ ਸਮੇਤ 45 ਮੰਤਰੀ ਹਨ। ਕਾਂਗਰਸ ਦੀ ਯੂਪੀਏ ਸਰਕਾਰ ਤੋਂ ਮੋਦੀ ਕੈਬਨਟ ਦੇ ਮੰਤਰੀਆਂ ਦੀ ਗਿਣਤੀ ਕਾਫੀ ਘੱਟ ਹੈ। ਮੋਦੀ ਮੰਗਲਵਾਰ ਸਵੇਰੇ 8 ਵਜੇ ਅਹੁਦਾ ਸੰਭਾਲਣਗੇ।
ਨਿਤਿਸ਼ ਨੇ ਦਿੱਤੀਆਂ ਮੋਦੀ ਨੂੰ ਸ਼ੁੱਭ ਕਾਮਨਾਵਾਂ
ਪਟਨਾ – ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਨਰਿੰਦਰ ਮੋਦੀ ਨੂੰ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਿਹਾਰ ਨੂੰ ਮੋਦੀ ਤੋਂ ਕਾਫੀ ਉਮੀਦਾਂ ਹਨ। ਪਟਨਾ ‘ਚ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੋਦੀ ਦੇ ਸਹੁੰ ਚੁੱਕਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਮੋਦੀ ਪ੍ਰਧਾਨ ਮੰਤਰੀ ਬਣ ਰਹੇ ਹਨ ਇਸ ‘ਤੇ ਉਨ੍ਹਾਂ ਨੂੰ ਵਧਾਈ ਅਤੇ ਸ਼ੁੱਭ ਕਾਮਨਾਵਾਂ। ਉਨ੍ਹਾਂ ਕਿਹਾ ਕਿ ਮੋਦੀ ਦੇ ਸਹੁੰ ਚੁੱਕ ਸਮਾਰੋਹ ‘ਚ ਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਜੀ ਜਾ ਰਹੇ ਹਨ ਅਤੇ ਉਨ੍ਹਾਂ ਨਾਲ ਪਾਰਟੀ ਦਾ ਪ੍ਰਤੀਨਿਧ ਵੀ ਸ਼ਾਮਿਲ ਹੋਵੇਗਾ। ਬਿਹਾਰ ਦੀਆਂ ਮੋਦੀ ਤੋਂ ਉਮੀਦਾਂ ਬਾਰੇ ਉਨ੍ਹਾਂ ਕਿਹਾ ਕਿ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲੇ ਅਤੇ ਵਿਸ਼ੇਸ਼ ਪੈਕੇਜ ਦੀ ਰਾਸ਼ੀ ਵੀ ਵਧਾਈ ਜਾਏ। ਉਨ੍ਹਾਂ ਕਿਹਾ ਕਿ ਕਈ ਰਾਜਾਂ ਦੇ ਲੋਕ ਰੁਜ਼ਗਾਰ ਦੀ ਤਲਾਸ਼ ‘ਚ ਦੂਜੇ ਰਾਜ ‘ਚ ਜਾਂਦੇ ਹਨ। ਅਜਿਹੇ ਪ੍ਰਵਾਸੀ ਲੋਕਾਂ ਨੂੰ ਦੂਸਰੇ ਰਾਜਾਂ ‘ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਰੋਕਣ ਲਈ ਇਕ ਕੇਂਦਰੀ ਕਾਨੂੰਨ ਬਣਾਉਣ ਦੀ ਲੋੜ ਹੈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਰਾਜ ਸਰਕਾਰ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਨਿਤਿਸ਼ ਕੁਮਾਰ ਨੇ ਫੇਸਬੁੱਕ ‘ਤੇ ਵੀ ਨਵੀਂ ਸਰਕਾਰ ਤੋਂ ਬਿਹਾਰ ਦੀਆਂ ਉਮੀਦਾਂ ਗਿਣਾਈਆਂ ਸਨ ਜਿਸ ‘ਚ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਜਾਣਾ, ਵਿਸ਼ੇਸ਼ ਪੈਕੇਜ ਅਤੇ ਬਕਾਇਆ ਰੇਲ ਯੋਜਨਾਵਾਂ ਨੂੰ ਜਲਦ ਪੂਰਾ ਕਰਨ ਦੀ ਗੱਲ ਸ਼ਾਮਿਲ ਹੈ। ਨਿਤਿਸ਼ ਨੇ ਕਿਹਾ ਸਾਡੀਆਂ ਉਮੀਦਾਂ ਦਾ ਆਧਾਰ ਹੈ ਬਿਹਾਰ ਦਾ ਵਿਕਾਸ ਅਤੇ ਦੇਸ਼ ਦੇ ਵਿਕਾਸ ਦੀ ਸਮਾਨਤਾ।



