ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਬਾਦਲ ਨੇ ਸਿਆਸੀ ਵਿਰੋਧੀਆਂ ਨੂੰ ਪਛਾੜਿਆ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ
ਜਲੰਧਰ, 26 ਮਈ – ਬਠਿੰਡਾ ਤੋਂ ਲਗਾਤਾਰ ਦੂਜੀ ਵਾਰ ਐੱਮ.ਪੀ. ਚੁਣੀ ਗਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ. ਸਿੰਘ ਬਾਦਲ ਦੀ ਨੂੰਹ ਤੇ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਸੁਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਦੇੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਚ ਕੈਬਿਨਟ ਮੰਤਰੀ ਬਣ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਸਿਆਸੀ ਤੌਰ ’ਤੇ ਪਹਿਲਾ ਦੇ ਮੁਕਾਬਲੇ ਮਜ਼ਬੂਤ ਸਥਿਤੀ ਵਿੱਚ ਆ ਗਿਆ ਹੈ ਅਤੇ ਉਸ ਦੀ ਭਾਜਪਾ ਨਾਲ ਸਾਂਝ ਹੋਰ ਪੀਡੀ ਹੋ ਗਈ ਹੈ। ਇਸ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਐੱਨ.ਡੀ.ਏ. ਵਿੱਚ ਡੂੰਘਾ ਸਿਆਸੀ ਪ੍ਰਭਾਵ ਦਾ ਇੱਕ ਵਾਰ ਫੇਰ ਪੁਸ਼ੱਟ ਹੋ ਗਿਆ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ
ਮੰਡਲ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਅਹਿਮ ਮੰਤਰਾਲਾ ਹਾਸਿਲ ਕਰਕੇ ਆਪਣੇ ਸਾਰੇ ਸਿਆਸੀ ਵਿਰੋਧੀਆਂ ਨੂੰ ਚਿੱਤ ਕਰ ਦਿੱਤਾ ਹੈ। ਕੇਂਦਰੀ ਮੰਤਰੀ ਮੰਡਲ ਵਿੱਚ ਸ਼ਮੂਲੀਅਤ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਦਾ ਸਿਆਸੀ ਕੱਦ ਵੀ ਹੋਰ ਉੱਚਾ ਹੋ ਗਿਆ ਹੈ। ਪੰਜਾਬ ਦੇ ਮਸਲਿਆਂ ਦੇ ਹੱਲ ਲਈ ਉਹ ਕੇਂਦਰ ਅਤੇ ਪੰਜਾਬ ਸਰਕਾਰ ਵਿੱਚ ਇੱਕ ਅਹਿਮ ਕੜੀ ਸਾਬਿਤ ਹੋ ਸਕਦੇ ਹਨ।
ਬੀਬੀ ਹਰਸਿਮਰਤ ਦਾ ਜਨਮ 25 ਜੁਲਾਈ 1996 ਨੂੰ ਪਿਤਾ ਸੱਤਿਆਜੀਤ ਸਿੰਘ ਮਜੀਠੀਆ ਤੇ ਮਾਤਾ ਸੁਖਮੰਜਸ ਮਜੀਠੀਆ ਦੇ ਘਰ ਦਿੱਲੀ ਵਿਖੇ ਹੋਇਆ ਜਦਕਿ ਪੰਜਾਬ ਦੇ ਲੋਕ ਸੰਪਰਕ ਤੇ ਰੈਵਨਿਊ ਮੰਤਰੀ ਬਿਕਰਮ ਸਿੰਘ ਮਜੀਠੀਆ ਹਰਸਿਮਰਤ ਦੇ ਛੋਟੇ ਭਰਾ ਹਨ। ਉਨਾਂ ਦਿੱਲੀ ਵਿਖੇ ਹੀ ਟੈਕਸਟਾਈਲ ਡਿਜਾਈਨਿੰਗ ਚ ਗਰੈਜੂਏਸ਼ਨ ਤਕ ਦੀ ਪੜ੍ਹਾਈ ਕੀਤੀ। ਇਸ ਉਪਰੰਤ 1991 ਚ ਉਨ੍ਹਾਂ ਦਾ ਵਿਆਹ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਹੋਇਆ। ਦੋਵਾਂ ਦੇ ਘਰ ਚ 3 ਬੱਚੇ ਹਨ ਅਤੇ ਵੱਡੀ ਧੀ ਦਾ ਨਾਂ ਹਰਕੀਰਤ ਕੌਰ ਬਾਦਲ, ਛੋਟੀ ਦਾ ਨਾਂ ਗੁਰਲੀਨ ਕੌਰ ਅਤੇ ਸਭ ਤੋਂ ਛੋਟੇ ਸਪੁੱਤਰ ਦਾ ਨਾਂ ਅਨੰਤਬੀਰ ਸਿੰਘ ਹੈ।
ਮਿੱਠਬੋਲੜੇ ਤੇ ਮਿਲਣਸਾਰ ਸੁਭਾਅ ਦੀ ਮਾਲਕ ਹਰਸਿਮਰਤ ਪੇਸ਼ੇ ਤੋਂ ਸਿਆਸਤਦਾਨ ਤੇ ਸੋਸ਼ਲ ਵਰਕਰ ਹਨ? 2009 ਚ ਉਹ ਬਠਿੰਡਾ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਨੂੰ ਹਰਾ ਕੇ ਪਹਿਲੀ ਵੇਰ ਐਮ ਪੀ ਬਣੇ ਸਨ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਚ ਵੀ ਉਨ੍ਹਾਂ ਬਠਿੰਡਾ ਤੋਂ ਲਗਾਤਾਰ ਦੂਜੀ ਵਾਰ ਜਿੱਤ ਪ੍ਰਾਪਤ ਕਰਦਿਆਂ ਕਾਂਗਰਸ ਤੇ ਪੀਪੀਪੀ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਹੈ ਤੇ ਲਗਾਤਾਰ ਦੂਜੀ ਵਾਰ ਐਮ ਪੀ ਬਣੇ ਹਨ। ਹਰਸਿਮਰਤ 2009 ਚ ਕੇਂਦਰ ਸਰਕਾਰ ਦੀ ਐਸਟੀਮੇਟ ਕਮੇਟੀ ਤੇ ਸਮਾਜਕ ਨਿਆਂ ਤੇ ਸ਼ਕਤੀਕਰਨ ਸਬੰਧੀ ਕਮੇਟੀਆਂ ਦੀ ਮੈਂਬਰ ਵੀ ਰਹਿ ਚੁੱਕੀ ਹੈ। ਇਸ ਤੋਂ ਇਲਾਵਾ 2010 ਚ ਉਹ ਫੂਡ ਤੇ ਜਨਤਕ ਵੰਡ ਸਬੰਧੀ ਕਮੇਟੀ ਚ ਵੀ ਮੈਂਬਰ ਰਹੇ ਹਨ।
ਪੰਜਾਬ ਚ ਹਰਸਿਮਰਤ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲੜਕੀਆਂ ਨੂੰ ਕੁੱਖ ਚੋਂ ਮਾਰਨ ਖਿਲਾਫ ਨੰਨੀ ਛਾਂ ਮੁਹਿੰਮ ਛੇੜੀ ਸੀ, ਜਿਸ ਨੂੰ ਸੂਬੇ ਦੇ ਲੋਕਾਂ ਨੇ ਭਰਵਾਂ ਹੁੰਘਾਰਾ ਦਿਤਾ ਅਤੇ ਪਹਿਲਾਂ ਦੇ ਮੁਕਾਬਲੇ ਪੰਜਾਬ ਚ ਕੁੱਖਾਂ ਚ ਧੀਆਂ ਕਤਲ ਕਰਨ ਦਾ ਘਟੀਆ ਕਾਰਾ ਕਾਫੀ ਹੱਦ ਤਕ ਠੱਲਿਆ ਗਿਆ ਹੈ। ਇਹ ਵੀ ਪਤਾ ਲਗਦਾ ਹੈ ਕਿ ਅਕਾਲੀ ਦਲ ਦੇ ਦੋ ਹੋਰ ਨੇਤਾਵਾਂ ਨੂੰ ਕੇਂਦਰ ਵਿੱਚ ਕਾਫੀ ਅਹਿਮ ਆਹੁਦੇ ਮਿਲਣ ਵਾਲੇ ਹਨ।



