ਅੰਮ੍ਰਿਤਸਰ, 26 ਮਈ (ਪੀ.ਟੀ.)- ਬੀਬੀ ਗਗਨਦੀਪ ਕੌਰ ਤੇ ਬੀਬੀ ਗੁਰਮੀਤ ਕੌਰ ਨੇ ਆਪਣੇ ਸਵਰਗਵਾਸੀ ਭਰਾ ਭਾਈ ਨਵਤੇਜ ਸਿੰਘ ਦੀਆਂ ਦੋ ਐੱਫ. ਡੀ. ਆਰ. ਜਿਨਾਂ ਦੀ ਰਕਮ ਤਕਰੀਬਨ 321654 ਰੁਪਏ ਹੈ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸੌਂਪੀਆਂ।ਸਵਰਗੀ ਭਾਈ ਨਵਤੇਜ ਸਿੰਘ ਜੋ ਕ੍ਰਿਸ਼ਨਾ ਨਗਰ, ਮੁਰੱਬੇ ਵਾਲੀ ਗਲੀ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾਵਾਨ ਹੋਣ ਕਰਕੇ ਇਥੇ ਹੀ ਸੇਵਾ ਕਰਦਾ ਸੀ। ਉਸ ਵੱਲੋਂ ਆਪਣੇ ਨਾਮ ਸਟੇਟ ਬੈਂਕ ਆਫ ਪਟਿਆਲਾ ਤੋਂ ਕਰਵਾਈਆਂ ਦੋ ਐਫ. ਡੀ. ਆਰ. ‘ਚ ਵਾਰਸ ਸ੍ਰੀ ਦਰਬਾਰ ਸਾਹਿਬ ਲਿਖਿਆ ਹੈ। ਨਵਤੇਜ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੇ
ਉਸ ਦੀਆਂ ਭੈਣਾਂ ਵੱਲੋਂ ਐਫ. ਡੀ. ਆਰ. ਤੇ ਤਕਰੀਬਨ ਏਨੀ ਹੀ ਰਕਮ ਦੀਆਂ ਦੋ ਪਾਸ ਬੁੱਕਾਂ ਪੰਜਾਬ ਐਂਡ ਸਿੰਧ ਬੈਂਕ ਦੀਆਂ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸੌਂਪੀਆਂ। ਬੀਬੀ ਗਗਨਦੀਪ ਕੌਰ ਤੇ ਬੀਬੀ ਗੁਰਮੀਤ ਕੌਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ ਨੇ ਸਨਮਾਨਿਤ ਕੀਤਾ।



