ਪੰਜਾਬੀ ਸਿਨੇਮਾ ’ਚ ਸੰਜੀਦਾ ਵਿਸ਼ਿਆਂ ਦਾ ਮੌਸਮ
ਸੁਨੀਲ ਕਟਾਰੀਆ
98768 53253
ਕਿਹਾ ਜਾਂਦਾ ਹੈ ਕਿ ਹਰ ਇੱਕ ਚੀਜ਼ ਦਾ ਆਪਣਾ ਇੱਕ ਮੌਸਮ ਤੇ ਸਮਾਂ ਹੁੰਦਾ ਹੈ। ਸਬਜ਼ੀਆਂ ਤੇ ਫਲਾਂ ਦਾ ਆਪਣਾ ਮੌਸਮ ਤੇ ਕਪੜਿਆਂ ਦਾ ਆਪਣਾ ਮੌਸਮ। ਇਸੇ ਤਰਾਂ ਸਾਡੇ ਪੰਜਾਬੀ ਸਿਨੇਮਾ ਦਾ ਮੌਸਮ ਵੀ ਬਦਲਦਾ ਰਹਿੰਦਾ ਹੈ। ਕਦੇ ਪਿਆਰ, ਮੁਹੱਬਤ ਤੇ ਲੜਾਈਆਂ ਵਾਲੀਆਂ ਫ਼ਿਲਮਾਂ ਦਾ ਮੌਮਮ, ਕਦੇ ਹਾਸੇ, ਲਤੀਫ਼ੇ ਤੇ ਕਮੇਡੀ ਦਾ ਮੌਸਮ। ਪਰ ਅੱਜ ਕੱਲ ਸਾਡੇ ਸਿਨੇਮਾ ਦੇ ਫ਼ਿਲਮਸਾਜਾਂ ਲਈ 1984 ਦੇ ਸਿੱਖ ਦੰਗਿਆਂ ’ਤੇ ਅਧਾਰਿਤ ਫ਼ਿਲਮਾਂ ਬਨਾਉਣ ਦਾ ਮੌਸਮ ਚੱਲ ਰਿਹਾ ਹੈ। ਇਸ ਵੇਲੇ ਇਸੇ ਮੁੱਦੇ ’ਤੇ ਦੋ-ਦੋ ਪੰਜਾਬੀ ਫ਼ਿਲਮਾਂ ਪਰਦੇ ਤੇ ਆਉਣ ਨੂੰ ਤਿਆਰ ਹਨ, ਜਿੰਨ੍ਹਾਂ ਚੋਂ ਇੱਕ ਹੈ ‘‘ਪੰਜਾਬ 1984’’ ਤੇ ਦੂਜੀ ਹੈ ‘‘47 ਤੋਂ 84’’। ਸਿਰਫ਼ ਪੰਜਾਬੀ ਸਿਨੇਮਾ ਹੀ ਨਹੀਂ ਬਾਲੀਵੁੱਡ ਵੀ ਇਸੇ ਵਿਸ਼ੇ ’ਤੇ ਹੀ ਇਸ ਵੇਲੇ ਪੰਜਾਬ ਦੇ ਵਿੱਚ ਆਪਣੀ ਟੀਮ ਦੇ ਨਾਲ ਸ਼ੁਟਿੰਗ ’ਚ ਲੱਗਿਆ ਹੈ। ਅਵਾਮ ਦੇ ਜਜ਼ਬਾਤਾਂ ਨਾਲ ਜੁੜੇ ਅਜੀਹੇ ਮੁੱਦਿਆਂ ’ਤੇ ਫ਼ਿਲਮਾਂ ਬਨਾਉਣਾ ਕੋਈ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰਾਂ ਦੀਆਂ ਇਤਿਹਾਸਿਕ ਤੇ ਕਦੇ ਨਾ ਭੁੱਲਣ ਵਾਲੀਆਂ ਘਟਨਾਵਾਂ ਨੂੰ ਪਰਦੇ ’ਤੇ ਪੇਸ਼ ਕੀਤਾ ਜਾ ਚੁੱਕਾ ਹੈ। ਅਜੀਹੇ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਦੇ ਸਬੰਧ ’ਚ ਇੱਕ ਅਹਿਮ ਪੱਖ ਇਹ ਵੀ ਰਿਹਾ ਹੈ ਕਿ ਇਸ ਤਰਾਂ ਦੀ ਫ਼ਿਲਮਾਂ ਨੂੰ ਸੈਂਸਰ ਬੋਰਡ ਦੀ ਕੈਂਚੀ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇਸ ਦਾ ਵੱਡਾ ਕਾਰਣ ਫ਼ਿਲਮਾਂ ’ਚ ਦਿਖਾਇਆ ਗਿਆ ਬਹੁਤਾ ਖੂਨ ਖਰਾਬਾ ਤੇ ਮਾੜੀ ਭਾਸ਼ਾ ਦਾ ਇਸਤੇਮਾਲ ਸ਼ਾਮਿਲ ਰਿਹਾ ਹੈ। ਕੁਝ ਉਹ ਫ਼ਿਲਮਾਂ ਜਿਨ੍ਹਾਂ ਨੂੰ ਸੈਂਸਰ ਬੋਰਡ ਦਾ ਸਾਹਮਣਾ ਕਰਨਾ ਪਿਆ ਉਹਨਾਂ ’ਚ ਅਮਿਤੋਜ ਮਾਨ ਦੀ ‘‘ਹਵਾਏਂ’’, ਸ਼ੇਖਰ ਕਪੂਰ ਦੀ ‘‘ਬੈਂਡਿਟ ਕਵੀਨ’’, ਬੀ ਆਰ ਚੌਪੜਾ ਦੀ ‘‘ਇਨਸਾਫ ਕਾ ਤਰਾਜੂ’’, ਰਾਮ ਗੋਪਾਲ ਵਰਮਾ ਦੀ ‘‘ਸੱਤਿਆ’ ਆਦਿ ਸ਼ਾਮਿਲ ਹਨ।
ਦਿੱਲੀ ਦੇ ਸਿੱਖ ਵਿਰੋਧੀ ਦੰਗੇ ਹਰ ਤਰਾਂ ਦੇ ਫ਼ਿਲਮਸਾਜਾਂ ਲਈ ਇੱਕ ਅਹਿਮ ਤੇ ਕਮਾਊ ਵਿਸ਼ਾ ਰਹੇ ਹਨ। ਇਹ ਨਹੀ ਕਈ ਨਾਵਲ ਵੀ ਇਸ ਵਿਸ਼ੇ ’ਤੇ ਲਿਖੇ ਜਾ ਚੁੱਕੇ ਹਨ। 2005 ’ਚ ਲੇਖਿਕਾ-ਨਿਰਦੇਸ਼ਕਾ ਸ਼ੋਨਾਲੀ ਬੋਸ ਦੇ ਹੀ ਨਾਵਲ ‘‘ਅਮੂ’’ ਨਾਮ ’ਤੇ ਹੀ ਅੰਗਰੇਜ਼ੀ ਫ਼ਿਲਮ ਬਣੀ, ਜਿਸ ’ਚ ਇੱਕ ਲੜਕੀ ਜੋ ਕਿ ਦੰਗਿਆਂ ਦੌਰਾਨ ਯਤੀਮ ਹੋ ਜਾਂਦੀ ਹੈ, ਦੀ ਕਹਾਣੀ ਦਿਖਾਈ ਗਈ ਹੈ। ਫ਼ਿਲਮ ਨੂੰ ਬੈਸਟ ਅੰਗਰੇਜ਼ੀ ਫੀਚਰ ਫ਼ਿਲਮ ਲਈ ਕੌਮੀ ਫ਼ਿਲਮ ਅਵਾਰਡ ਵੀ ਹਾਸਿਲ ਹੋਇਆ, ਪਰ ਹਿੰਦੁਸਤਾਨ ’ਚ ਫ਼ਿਲਮ ’ਤੇ ਸੈਂਸਰ ਨੇ ਰੋਕ ਲਗਾ ਦਿੱਤੀ। 2004 ’ਚ ਨਿਰਦੇਸ਼ਕ ਸ਼ਸ਼ੀ ਕੁਮਾਰ ਦੀ ਫ਼ਿਲਮ ‘‘ਕਾਯਾ ਤਰਨ’’ ’ਚ ਇੱਕ ਔਰਤ ਤੇ ਉਸਦੇ ਪੁੱਤਰ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ ਜੋ ਕਿ ਸਿੱਖ ਦੰਗਿਆਂ ਦੌਰਾਨ ਸ਼ਰਨਾਰਤੀ ਦੋ ਤੌਰ ’ਤੇ ਰਹਿੰਦੇ ਹਨ। 2003 ’ਚ ਅਮਿਤੋਜ ਮਾਨ ਦੀ ਫ਼ਿਲਮ ‘‘ਹਵਾਏਂ’’ ਵੀ ਖਾਸੀ ਚਰਚਾ ’ਚ ਰਹੀ, ਇੰਦਿਰਾ ਗਾਂਧੀ ਦੇ ਕਤਲ ਤੋਂ ਬਾਅਦ ਦੇ ਹਲਾਤਾਂ ਨੂੰ ਬਿਆਨ ਕਰਦੀ ਇਸ ਫ਼ਿਲਮ ’ਚ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਮੁੱਖ ਕਿਦਾਰ ਅਦਾ ਕੀਤੀ ਸੀ। ਫ਼ਿਲਮਾਂ ਤੋਂ ਅਲਾਵਾ ਕਈ ਲੇਖਕਾਂ ਨੇ ਇਸੇ ਵਿਸ਼ੇ ’ਤੇ ਕਈ ਨਾਵਲ ਵੀ ਲਿਖੇ ਜਿੰਨ੍ਹਾਂ ’ਚ ਮਰਹੂਮ ਖੁਸ਼ਵੰਤ ਸਿੰਘ, ਜਰਨੈਲ ਸਿੰਘ, ਐਚ ਐਸ ਫੂਲਕਾ, ਮੋਹਿਤ ਸ਼ਰਮਾ ਦੇ ਨਾਮ ਸਾਮਿਲ ਹਨ।
ਇਸ ਵੇਲੇ ਪੰਜਾਬੀ ਫ਼ਿਲਮਾਂ ’ਚ ਵੀ 1984 ਦੰਗਿਆਂ ਦਾ ਵਿਸ਼ਾ ਜੋਬਨ ’ਤੇ ਹੈ। ਆਉਂਦੇ ਦਿਨਾਂ ’ਚ ਦੋ-ਦੋ ਪੰਜਾਬੀ ਫ਼ਿਲਮਾਂ ਇਸੇ ਵਿਸ਼ੇ ’ਤੇ ਦੇਖਣ ਨੂੰ ਮਿਲਣਗੀਆਂ, ਜਿੰਨ੍ਹਾਂ ਵਿੱਚੋਂ ਇੱਕ ਹੈ ਨਿਰਦੇਸ਼ਕ ਅਨੁਰਾਗ ਸਿੰਘ ਦੀ ‘‘ਪੰਜਾਬ 1984’’, ਇਸ ਫ਼ਿਲਮ ’ਚ ਮੁੱਖ ਕਿਰਦਾਰ ’ਚ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨਜ਼ਰ ਆਉਣਗੇ ਤੇ ਉਹਨਾਂ ਦੇ ਨਾਲ ਕਿਰਣ ਖੇਰ, ਪਵਨ ਰਾਜ ਮਲਹੋਤਰਾ, ਰਾਣਾ ਰਣਬੀਰ, ਮਾਨਵ ਵਿਜ ਆਦਿ ਨਜ਼ਰ ਆਉਣਗੇ। ਹੁਣ ਤਕ ਫ਼ਿਲਮ ਦੇ 27 ਜੂਨ ਨੂੰ ਰੀਲੀਜ਼ ਹੋਣ ਦੀਆਂ ਹੀ ਖ਼ਬਰਾਂ ਹਨ ਤੇ ਇਸਨੂੰ ਦਿਲਜੀਤ ਦੋਸਾਂਝ ਦੇ ਡ੍ਰੀਮ ਪ੍ਰੋਜੈਕਟ ਵੀ ਕਿਹਾ ਜਾ ਰਿਹਾ ਹੈ। ਫ਼ਿਲਮ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਹਨ ਤੇ ਇਸ ਫ਼ਿਲਮ ਦੇ ਨਾਲ ਹੀ ਜੱਟ ਐਂਡ ਜੁਲੀੲਟ ਤੋਂ ਬਾਅਦ ਇੱਕ ਵਾਰ ਫਿਰ ਅਨੁਰਾਗ, ਦਿਲਜੀਤ ਤੇ ਗੁਣਬੀਰ ਦੀ ਤਿੱਕੜੀ ਲਈ ਇਹ ਪ੍ਰੋਜੈਕਟ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਫ਼ਿਲਮ ਇੱਕ ਨੌਜਵਾਨ ਦੀ ਕਹਾਣੀ ਹੈ ਜਿਸਨੂੰ ਪੰਜਾਬ ’ਚ ਮਾੜੇ ਹਲਾਤਾਂ ਵੇਲੇ ਘਰ ਛੱਡਣ ਲਈ ਮਜਬੂਰ ਹੋਣਾ ਪੈਂਦਾ ਹੈ, ਉਸਦੀ ਆਪਣੀ ਵੀ ਇੱਕ ਕਹਾਣੀ ਹੈ ਅਤੇ ਉਸਨੂੰ ਔਕੜਾਂ ਸਹਿੰਦਿਆਂ ਘਰ ਪਰਤਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫ਼ਿਲਮ ਦੇ ਟਰੇਲਰ ਨੂੰ ਯੂ-ਟਿਊਬ ’ਤੇ ਕੁਝ ਦਿਨਾਂ ’ਚ ਹੀ ਲੱਖਾਂ ਵਿਊਜ਼ ਹਾਸਿਲ ਹੋਏ ਹਨ। ਬਾਲੀਵੁੱਡ ਚੋਂ ਇਸ ਫ਼ਿਲਮ ’ਚ ਕਿਰਣ ਖੇਰ ਤੇ ਪਵਨ ਮਲਹੋਤਰਾ ਦੀ ਕਲਾ ਦੇਖਣ ਨੂੰ ਮਿਲੇਗੀ। ਕਿਰਣ ਖੇਰ ਦਿਲਜੀਤ ਦਾ ਮਾਂ ਦੇ ਕਿਰਦਾਰ ’ਚ ਨਜ਼ਰ ਆਉਣਗੇ ਤੇ ਪਵਨ ਮਲਹੋਤਰਾ ਇੱਕ ਪੁਲਿਸ ਇੰਸਪੈਕਟਰ ਦੇ ਕਿਰਦਾਰ ’ਚ। ਫ਼ਿਲਮ ਦਾ ਟਰੇਲਰ ਪ੍ਰਭਾਵੀ ਹੈ ਤੇ ਦਿਲਜੀਤ ਦੀ ਕਲਾ ਦਾ ਇੱਕ ਵੱਖਰਾ ਨਮੁੰਨਾ ਪੇਸ਼ ਕਰਦਾ ਹੈ।
ਇਸੇ ਸੰਜੀਦਾ ਵਿਸ਼ੇ ’ਤੇ ਦੂਜੀ ਫ਼ਿਲਮ ਕੌਮੀ ਅਵਾਰਡ ਜੇਤੂ ਫ਼ਿਲਮ ‘‘ਨਾਬਰ’’ ਦੇ ਨਿਰਦੇਸ਼ਕ ਰਾਜੀਵ ਸ਼ਰਮਾ ਵੱਲੋਂ ਬਣਾਈ ਗਈ ਹੈ। ਫ਼ਿਲਮ ਦਾ ਟਾਈਟਲ ਹੈ ‘‘47 ਤੋਂ 84…ਹੁਣ ਮੈਂ ਕਿਸਨੂੰ ਵਤਨ ਕਹੁੰਗਾ’’ ਦੇ ਨਿਰਮਾਤਾ ਬਬਲੀ ਸਿੰਘ ਹਨ ਤੇ ਉਹਨਾਂ ਦੇ ਹੀ ਬੈਨਰ ਸ਼ੇਮਾਰੂ ਫ਼ਿਲਮਜ਼ ਦੇ ਹੇਠਾਂ ਇਹ ਫ਼ਿਲਮ ਬਣਾਈ ਗਈ ਹੈ। ਫ਼ਿਲਮ 1984 ਦੇ ਦੰਗਿਆਂ ਵੇਲੇ ਦੀਆਂ ਕੁਝ ਸੱਚੀਆਂ ਕਹਾਣੀਆਂ ’ਤੇ ਅਧਾਰਿਤ ਹੈ। ਫ਼ਿਲਮ ਇੱਕ ਔਰਤ ਦੀ ਕਹਾਣੀ ਹੈ ਜੋ ਕਿ ਹਿੰਦ-ਪਾਕਿ ਦੀ ਵੰਡ ਵੇਲੇ ਤੋਂ ਸੁਰੂ ਹੁੰਦੀ ਹੈ ਤੇ ਜਦੋਂ ਉਸਦੀ ਜ਼ਿੰਦਗੀ ਲਾਈਨ ’ਤੇ ਆਉਣ ਲੱਗਦੀ ਹੈ ਤਾਂ 84 ਦੇ ਦੰਗੇ ਹੋ ਜਾਂਦੇ ਹਨ। ਸੋ ਸਾਫ ਹੈ ਕਿ ਕਹਾਣੀ 1947 ਦੀ ਵੰਡ ਤੋਂ ਸ਼ੁਰੂ ਹੋ ਕੇ 1984 ਦੇ ਆਲੇ ਦੁਆਲੇ ਘੁੰਮਦੀ ਹੈ। ਫ਼ਿਲਮ ਵਿੱਚ ਕੋਈ ਬਹੁਤੇ ਨਾਮੀ ਅਦਾਕਾਰ ਤਾਂ ਨਹੀਂ ਲਏ ਗਏ। ਪਰ ਇਸ ਵਿੱਚ ਜਾਣਕਾਰੀ ਮੁਤਾਬਿਕ ਥਿਏਟਰ ਨਾਲ ਜੁੜੇ ਅਦਾਕਾਰਾਂ ਨੇ ਕੰਮ ਕੀਤਾ ਹੈ। ਮੁੱਖ ਕਿਰਦਾਰਾਂ ’ਚ ਨਤਾਸ਼ਾ ਰਾਣਾ ਤੇ ਜ਼ਫਰ ਢਿੱਲੋਂ ਨਜ਼ਰ ਆਉਣਗੇ ਤੇ ਇਸ ਤੋਂ ਅਲਾਵਾ ਹਰਦੀਪ ਗਿੱਲ, ਨੀਲਮ ਸਿਵੀਆ ਤੇ ਲੱਖਾ ਲਹਿਰੀ ਫ਼ਿਲਮ ’ਚ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ। ਫ਼ਿਲਮ ਆਉਂਦੀ 30 ਮਈ ਨੂੰ ਰੀਲੀਜ਼ ਹੋਮ ਜਾ ਰਹੀ ਹੈ।
ਇਸੇ ਵਿਸ਼ੇ ਤੇ ਫ਼ਿਲਮ ਬਨਾਉਣ ਲਈ ਇਸ ਵੇਲੇ ਪੰਜਾਬ ’ਚ ਬਾਲੀਵੁੱਡ ਦੀ ਟੀਮ ਨੇ ਵੀ ਡੇਰੇ ਲਗਾਏ ਹੋਏ ਹਨ। ਜਿਸ ਲਈ ਮੁੱਖ ਕਿਰਦਾਰਾਂ ’ਚ ਸੋਹਾ ਅਲੀ ਖਾਨ ਤੇ ਵੀਰ ਦਾਸ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਲੁਧਿਆਣਾ ਦੇ ਆਲੇ-ਦੁਆਲੇ ਚੱਲ ਰਹੀ ਹੈ ਅਤੇ ਸ਼ੁਰੂਆਤ ’ਚ ਫ਼ਿਲਮ ਦਾ ਨਾਂ ‘‘ਅਕਤੂਬਰ 31’’ ਦੱਸਿਆ ਜਾ ਰਿਹਾ ਹੈ। ਨਾਮ ਤੋਂ ਸਾਫ ਹੈ ਕਿ ਕਹਾਣੀ ਕਿਤੇ ਨਾ ਕਿਤੇ ਇੰਦਿਰਾ ਗਾਂਧੀ ਦੇ ਕਤਲ ਦੀ ਤਾਰੀਖ਼ ਦੱਸ ਰਹੀ ਹੈ ਅਤੇ ਇਸੇ ਵਿਸ਼ੇ ਦੇ ਆਲੇ ਦੁਆਲੇ ਘੁੰਮਦੀ ਹੈ। ਫ਼ਿਲਮ ਦੇ ਨਿਰਦੇਸ਼ਕ ਕੌਮੀ ਅਵਾਰਡ ਜੇਤੂ ਸ਼ਿਵਾਜੀ ਲੋਟਨ ਪਾਟਿਲ ਹਨ।
84 ਦੰਗਿਆ ਵਰਗੇ ਸੰਜੀਦਾ ਵਿਸ਼ਿਆਂ ’ਤੇ ਫ਼ਿਲਮਾਂ ਇਸ ਤੋਂ ਪਹਿਲਾਂ ਵੀ ਬਣ ਚੁੱਕੀਆਂ ਹਨ ਤੇ ਇਸ ਵਾਰ ਵੀ ਸਿਨੇਮਾ ਇਸ ਬਾਬਤ ਆਪਣੇ ਤਜਰਬੇ ਕਰ ਰਿਹਾ ਹੈ। ਵਿਸ਼ਾ ਅਹਿਮ ਤਾਂ ਹੈ ਹੀ ਪਰ ਨਾਲ ਦੀ ਨਾਲ ਕਮਾਊ ਵੀ ਹੈ ਉਹ ਇਸ ਲਈ ਕਿਉਂਕਿ ਅਜੀਹੇ ਸੰਜੀਦਾ ਵਿਸ਼ਿਆਂ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਤੇ ਇਹ ਸੁਭਾਵਿਕ ਹੈ ਕਿ ਅਜਿਹੇ ਵਿਸ਼ੇ ਸਿੱਧੇ ਤੌਰ ’ਤੇ ਲੋਕਾਂ ਨਾਲ ਜੁੜੇ ਹੁੰਦੇ ਹਨ। ਪੰਜਾਬੀ ਸਿਨੇਮਾ ’ਚ ਕਾਮੇਡੀ ਫ਼ਿਲਮਾਂ ਦੇ ਮੌਸਮ ਤੋਂ ਬਾਅਦ ਮੌਜੂਦਾ ਸਮੇਂ ’ਚ 84 ਦੰਗਿਆਂ ’ਤੇ ਫ਼ਿਲਮਾਂ ਬਨਾਉਣ ਦਾ ਮੌਸਮ ਜੋਬਨ ’ਤੇ ਹੈ ਤੇ ਸਾਨੂੰ ਵੀ ਆਸ ਹੈ ਕਿ ਪੰਜਾਬੀ ਸਿਨੇਮਾ ਦਾ ਦਰਸ਼ਕ ਅਜੀਹੇ ਵਿਸ਼ਿਆਂ ’ਤੇ ਬਣੀਆਂ ਫ਼ਿਲਮਾਂ ਨੂੰ ਦੇਖ ਕੇ ਸਿਨੇਮਾ ਘਰਾਂ ਚੋਂ ਨਿਕਲਦੇ ਹੋਏ ਜ਼ਹਿਨੀ ਤੌਰ ’ਤੇ ਆਪਣੇ ਨਾਲ ਕੁਝ ਨਾ ਕੁਝ ਜ਼ਰੂਰ ਲੈ ਕੇ ਜਾਵੇਗਾ।