ਮਾਲੇਰਕੋਟਲਾ, 14 ਅਕਤੂਬਰ, (ਅਸ਼ਰਫ ਅਨਸਾਰੀ)- ਡਾ. ਸੰਦੀਪ ਗਰਗ ਐਸ.ਐਸ.ਪੀ. ਸੰਗਰੂਰ ਦੀ ਯੋਗ ਰਹਿਨੁਮਾਈ, ਹਰਪ੍ਰੀਤ ਸਿੰਘ ਅਪ੍ਰੇਸ਼ਨ ਵਾਧੂ ਚਾਰਜ ਐਸ.ਪੀ. ਮਾਲੇਰਕੋਟਲਾ, ਡੀ.ਐਸ.ਪੀ. ਸਮਿਤ ਸੂਦ ਸਬ ਡਵੀਜ਼ਨ ਮਾਲੇਰਕਟੋਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਦੀਪਇੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਮਾਲੇਰਕੋਟਲਾ ਵੱਲੋਂ ਡੇਢ ਸਾਲ ਦੀ ਇੱਕ ਮਾਸੂਮ ਬੱਚੀ ਦੇ ਕਤਲ ਦੀ ਗੁੱਥੀ ਕੁੱਝ ਹੀ ਘੰਟਿਆਂ ‘ਚ ਸੁਲਝਾ ਕੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਿਲ ਕਰਨ ਦਾ ਸਮਾਚਾਰ ਮਿਲਿਆ ਹੈ। ਸਿਟੀ-2 ਵਿਖੇ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਅਫਸਰ ਨੇ ਦੱਸਿਆ ਕਿ ਇੱਕ ਡੇਢ ਸਾਲਾ ਬੱਚੀ
ਨੂੰ ਉਸ ਦੀ ਮਾਂ ਵੱਲੋਂ ਆਪਣੇ ਆਸ਼ਕ ਨਾਲ ਮਿਲ ਕੇ ਕਤਲ ਕਰ ਦੇਣ ਜਿਹਾ ਦਿਲ ਹਿਲਾਊ ਮਾਮਲਾ ਸਾਹਮਣੇ ਆਇਆ ਹੈ। ਉਨਾਂ ਅਨੁਸਾਰ ਜਗਦੀਪ ਸਿੰਘ ਪੁੱਤਰ ਨਰਜੋਤ ਸਿੰੰਘ ਵਾਸੀ ਜੀਰਖ ਜ਼ਿਲ੍ਹਾ ਲੁਧਿਆਣਾ ਨੇ ਕਤਲ ਦਾ ਮਾਮਲਾ ਉਨਾਂ ਕੋਲ ਦਰਜ ਕਰਾਇਆ ਹੈ। ਜਗਦੀਪ ਸਿੰਘ ਵੱਲੋਂ ਦਰਜ ਕਰਾਏ ਬਿਆਨਾਂ ‘ਤੇ ਮਾਲੇਰਕੋਟਲਾ ਪੁਲਸ ਨੇ ਮਨਦੀਪ ਕੌਰ ਪੁੱਤਰੀ ਰੂਪ ਸਿੰਘ ਵਾਸੀ ਪਿੰਡ ਰਾਮਗੜ੍ਹ ਸਰਦਾਰਾਂ ਥਾਣਾ ਮਲੌਦ (ਲੁਧਿਆਣਾ) ਅਤੇ ਸੰਦੀਪ ਸਿੰਘ ਉਰਫ ਨਵੀ ਪੁੱਤਰ ਹਰਦੀਪ ਸਿੰਘ ਵਾਸੀ ਮੁਹੱਲਾ ਬੇਗਮਪੁਰਾ ਮਾਲੇਰਕੋਟਲਾ ਖਿਲਾਫ਼ ਧਾਰਾ 302, 34 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਗਦੀਪ ਸਿੰਘ ਮੁਤਾਬਿਕ ਉਸ ਦੀ ਪਤਨੀ ਮਨਦੀਪ ਕੌਰ ਅਤੇ ਉਸ ਦੇ ਆਸ਼ਕ ਨਵੀ ਨੇ ਰਲ ਕੇ ਉਸ ਦੀ ਡੇਢ ਸਾਲ ਦੀ ਬੇਟੀ ਨੂੰ ਕੁੱਟ ਕੁੱਟ ਅਤੇ ਉਸ ਮਾਸੂਮ ਦੇ ਪੇਟ ‘ਚ ਕੜੇ ਮਾਰ ਮਾਰ ਕੇ ਮਾਰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਸ ਦਾ ਦੋ ਮਹੌਨੇ ਪਹਿਲਾਂ ਮਨਦੀਪ ਕੌਰ ਨਾਲ ਪੰਚਾਇਤੀ ਤਲਾਕ ਹੋ ਚੁੱਕਿਆ ਹੈ ਅਤੇ ਡੇਢ ਸਾਲਾ ਬੇਟੀ ਸਾਹਿਬਜੋਤ ਕੌਰ ਉਸ ਦੀ ਮਾਂ ਨੇ ਆਪਣੇ ਕੋਲ ਰੱਖੀ ਹੋਈ ਸੀ। ਉਸ ਨੂੰ ਆਪਣੀ ਪਤਨੀ ਨਾਲ ਤਲਾਕ ਦਾ ਕਾਰਨ ਉਸ ਦੇ ਨਵੀ ਨਾਂ ਦੇ ਲੜਕੇ ਨਾਲ ਨਜ਼ਾਇਜ ਸਬੰਧਾਂ ਦਾ ਸ਼ੱਕ ਦੱਸਿਆ। ਉਸ ਨੇ ਦੱਸਿਆ ਕਿ 10 ਅਕਤੂਬਰ ਨੂੰ ਉਸ ਨੂੰ ਬੇਟੀ ਸਾਹਿਬਜੋਤ ਕੌਰ ਦੇ ਬਿਮਾਰ ਹੋਣ ਦਾ ਪਤਾ ਲੱਗਣ ‘ਤੇ ਜਦੋਂ ਉਹ ਪਤਾ ਕਰਨ ਲਈ ਪਹੁੰਚਿਆ ਤਾਂ ਬੱਚੀ ਦੀ ਲਾਸ਼ ਦੇਖ ਕੇ ਮਾਮਲਾ ਸੱਕੀ ਲੱਗਿਆ। ਐਸ.ਐਚ.ਓ. ਅਨੁਸਾਰ ਪੋਸਟ ਮਾਰਟਮ ਰਿਪੋਰਟ ‘ਚ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਦੇ ਪੇਟ ‘ਚ ਮਾਰੇ ਗਏ ਕੜੇ ਕਾਰਨ ਉਸ ਦੇ ਅੰਦਰਲੇ ਸਾਰੇ ਅੰਗ ਨਸ਼ਟ ਹੋ ਗਏ ਸਨ ਜਿਸ ਕਾਰਨ ਉਸ ਦੀ ਮੌਤ ਹੋ ਗਈ।ਪੁਲਸ ਨੇ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।ਪੁਲਸ ਅਨੁਸਾਰ ਦੋਵੇਂ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰਕੇ ਉਨਾਂ ਦਾ ਰਿਮਾਂਡ ਮੰਗਿਆ ਜਾਵੇਗਾ ਤਾਂ ਕਿ ਉਕਤ ਕੇਸ ‘ਚ ਹੋਰ ਤੱਥ ਸਾਹਮਣੇ ਆ ਸਕਣ ਅਤੇ ਵਰਤਿਆ ਗਿਆ ਹਥਿਆਰ ਭਾਵ ਲੋਹੇ ਦਾ ਕੜਾ ਬ੍ਰਾਮਦ ਕੀਤਾ ਜਾ ਸਕੇ।



