ਜੰਮੂ, 20 ਮਈ (ਪੀ.ਟੀ.)-ਜੰਮੂ ਤੇ ਕਸ਼ਮੀਰ ਦੇ ਜੰਮੂ ਖੇਤਰ ’ਚ ਮੰਗਲਵਾਰ ਸਵੇਰੇ ਇੱਕ ਬੱਸ ਡੂੰਘੀ ਖਾਈ ’ਚ ਡਿੱਗ ਗਈ। ਇਸ ਹਾਦਸੇ ’ਚ 17 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 34 ਜ਼ਖ਼ਮੀ ਹੋ ਗਏ। ਬੱਸ ਜੰਮੂ ਤੋਂ ਕਸ਼ਮੀਰ ਘਾਟੀ ਵੱਲ ਜਾ ਰਹੀ ਸੀ। ਬੱਸ ’ਚ ਸਵਾਰ ਜ਼ਿਆਦਾਤਰ ਯਾਤਰੀ ਨੌਜਵਾਨ ਸਨ, ਜੋ ਘਾਟੀ ’ਚ ਕਿਸੇ ਭਰਤੀ ਪ੍ਰਕਿਰਿਆ ’ਚ ਹਿੱਸਾ ਲੈਣ ਜਾ ਰਹੇ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਦੁਰਘਟਨਾ ਜੰਮੂ ਤੋਂ 170 ਕਿਲੋਮੀਟਰ ਦੂਰ ਰਾਮਬਨ ਜ਼ਿਲ੍ਹੇ ’ਚ ਜੰਮੂ – ਸ੍ਰੀਨਗਰ ਰਾਜ ਮਾਰਗ ’ਤੇ ਡਿਗਡੋਲ ’ਚ ਹੋਈ, ਜਿੱਥੇ ਬੱਸ ਚਾਲਕ ਦੇ ਕਾਬੂ ਤੋਂ ਬਾਹਰ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ’ਚ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 34 ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹੈਲੀਕਾਪਟਰ ਰਾਹੀਂ ਜੰਮੂ ਲਿਆਇਆ ਗਿਆ ਹੈ
, ਜਿੱਥੇ ਹਸਪਤਾਲਾਂ ’ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਖੇਤਰ ’ਚ ਤੈਨਾਤ ਫੌਜ ਦੇ ਜਵਾਨ ਰਾਹਤ ਤੇ ਬਚਾਵ ਕਾਰਜਾਂ ’ਚ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ।