ਵਾਸ਼ਿੰਗਟਨ, 20 ਮਈ (ਪੀ.ਟੀ.)-ਭਾਰਤ ਨੂੰ ਮਹੱਤਵਪੂਰਣ ਕੂਟਨੀਤਕ ਸਹਿਯੋਗੀ ਮੰਨਣ ਵਾਲੇ ਅਮਰੀਕਾ ਨੂੰ ਆਸ ਹੈ ਕਿ ਨਰਿੰਦਰ ਮੋਦੀ ਦੇ ਵੀਜ਼ਾ ਵਿਵਾਦ ਦੇ ਬਾਵਜੂਦ ਉਨ੍ਹਾਂ ਦੀ ਅਗਵਾਈ ’ਚ ਬਣਨ ਵਾਲੀ ਸਰਕਾਰ ਨਾਲ ਉਨ੍ਹਾਂ ਦੀ ਸਾਂਝੇਦਾਰੀ ਮਜ਼ਬੂਤ ਹੋਵੇਗੀ। ਵਿਦੇਸ਼ ਵਿਭਾਗ ਦੇ ਬੁਲਾਰੇ ਜੇਨ ਸਾਕੀ ਨੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਸੱਦੇ ਦੇ ਸਬੰਧ ’ਚ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਨਾਲ ਸਾਡੀ ਸਥਾਈ ਤੇ ਲੰਮੀ ਸਾਂਝੇਦਾਰੀ ਹੈ। ਇਹ ਸਾਂਝੇਦਾਰੀ ਅੱਗੇ ਵੀ ਜਾਰੀ ਰਹੇਗੀ ਤੇ ਭਵਿੱਖ ’ਚ ਵੀ ਇਸ ਦੇ ਮਜ਼ਬੂਤ ਹੋਣ ਦੀ ਆਸ ਹੈ। ਭਾਵੇਂਕਿ ਓਬਾਮਾ ਵੱਲੋਂ ਮੋਦੀ ਨੂੰ ਮਿਲੇ ਸੱਦੇ ਦੇ ਬਾਵਜੂਦ ਅਮਰੀਕਾ ਉਨ੍ਹਾਂ ਦੇ ਵੀਜ਼ੇ ਦੇ ਮੁੱਦੇ ’ਤੇ ਗੋਲਮੋਲ ਜਵਾਬ ਦੇ ਰਿਹਾ ਹੈ। 2002 ’ਚ ਗੁਜਰਾਤ ਦੰਗਿਆਂ ’ਚ ਮੋਦੀ ਦੀ ਕਥਿਤ ਭੂਮਿਕਾ ਨੂੰ ਲੈ ਕੇ ਅਮਰੀਕਾ ਨੇ 2005 ’ਚ ਮੋਦੀ ਦਾ ਵੀਜ਼ਾ ਖਾਰਜ ਕਰ ਦਿੱਤਾ ਸੀ।