June 18, 2026 6:28 pm

ਚੋਰੀ ਦੀਆਂ 3 ਸਕੂਟਰੀਆਂ ਅਤੇ 1 ਮੋਟਰਸਾਈਕਲ ਸਮੇਤ 3 ਪੁਲਿਸ ਅੜਿਕੇ

ਬਰਨਾਲਾ, 26 ਸਤੰਬਰ (ਗਰਗ)- ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਇੱਕ ਮੋਟਰਸਾਈਕਲ ਚੋਰ ਗਿਰੋਹ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਵੀਰ ਸਿੰਘ ਨੇ ਦੱਸਿਆ ਕਿ ਐਸਐਸਪੀ ਹਰਜੀਤ ਸਿੰਘ ਦੇ ਦਿਸਾ ਨਿਰਦੇਸ਼ਾਂ ਅਤੇ ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਦੀ ਅਗਵਾਈ ਵਿੱਚ ਸਮਾਜ ਵਿਰੋਧੀ ਗੁੰਡਾ ਅਨਸਰਾਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਪੁਲਿਸ ਵਲੋਂ ਇਸ ਚੋਰ ਗਿਰੋਹ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਥਾਣੇਦਾਰ ਸੁਰਿੰਦਰਪਾਲ ਬਬਲੂ ਦੀ ਪੁਲਿਸ ਪਾਰਟੀ ਵਲੋਂ ਇਸ ਚੋਰ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਗੌਰਵ ਕੁਮਾਰ ਨਿਵਾਸੀ ਲੱਖੀ ਕਲੋਨੀ ਬਰਨਾਲਾ ਦੀ ਸਕੂਟਰੀ ਨੂੰ ਜਸਪਾਲ ਦਾਸ ਜੰਬੂ ਵਾਸੀ ਸੰਘੇੜਾ ਨੇ ਚੋਰੀ ਕੀਤਾ ਸੀ। ਜਸਪਾਲ ਦਾਸ ਨੂੰ ਕਾਬੂ ਕਰਕੇ ਇਸਤੋਂ ਚੋਰੀ ਕੀਤੀ ਸਕੂਟਰੀ ਅਤੇ ਇੱਕ ਹੋਰ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕਰਵਾਇਆ ਗਿਆ। ਦੋਸ਼ੀ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ, ਜਿਸ ਦੌਰਾਨ ਉਸਨੇ ਦੱਸਿਆ ਕਿ ਇਸਦੇ ਆਪਣੇ ਸਾਥੀਆਂ ਮਨਦੀਪ ਸਿੰਘ ਅਤੇ ਕ੍ਰਿਸ਼ਨਦੀਪ ਘੋਲੂ ਵਾਸੀ ਸੰਘੇੜਾ ਨਾਲ ਮਿਲ ਕੇ ਇਹ ਵਾਹਨ ਚੋਰੀ ਕੀਤੇ ਹਨ। ਜਿਸਤੋਂ ਇਹਨਾਂ ਦੋਵਾਂ ਨੂੰ ਮਾਮਲੇ ‘ਚ ਸ਼ਾਮਲ ਕੀਤਾ ਗਿਆ। ਉਕਤ ਦੋਵੇਂ ਦੋਸ਼ੀ ਕਿਸੇ ਮਾਮਲੇ ‘ਚ ਬਰਨਾਲਾ ਜੇਲ੍ਹ ‘ਚ ਬੰਦ ਸਨ। ਜਿਹਨਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਗ੍ਰਿਫ਼ਤਾਰ ਕਰਨ ਉਪਰੰਤ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਜਸਪਾਲ ਦਾਸ ਪਾਸੋਂ ਚੋਰੀ ਕੀਤੇ ਹੋਰ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਐਸਐਚਓ ਗੁਰਵੀਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਤੋਂ ਰਿਮਾਂਡ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਥਾਣਾ ਸਿਟੀ ਦੇ ਮੁੱਖ ਮੁਨਸ਼ੀ ਰਣਜੀਤ ਸਿੰਘ, ਸੰਦੀਪ ਸਿੰਘ, ਗੁਰਦੀਪ ਸਿੰਘ, ਜਸਪਾਲ ਸਿੰਘ ਵੀ ਹਾਜ਼ਰ ਸਨ।

Send this to a friend