May 30, 2026 9:34 pm

ਪੰਜਾਬੀ ਫ਼ਿਲਮਾਂ ਦੀ ਪ੍ਰਮੋਸ਼ਨ ਲਈ ਨਵੇਂ ਤਜੁਰਬੇ

ਸੁਨੀਲ ਕਟਾਰੀਆ
98768 53253

ਵਪੰਜਾਬੀ ਫ਼ਿਲਮਾਂ ਦੀ ਚਰਚਾ ਅੱਜ ਹਰ ਪਾਸੇ ਹੋ ਰਹੀ ਹੈ, ਕਾਰਨ ਭਾਵੇਂ ਪੰਜਾਬੀ ਫ਼ਿਲਮਾਂ ਦਾ ਵਿਸ਼ਾ ਹੋਵੇ, ਵਪਾਰ ਹੋਵੇ ਜਾਂ ਫਿਰ ਇਸ ਦੀ ਫ਼ਿਲਮੀ ਮੇਲਿਆਂ ਤੱਕ ਪਹੁੰਚ ਹੋਵੇ। ਕਿਸੇ ਵੀ ਫ਼ਿਲਮ ਲਈ ਹਵਾ ਜਾਂ ਮਾਹੌਲ ਬਣਾਉਣ ਲਈ ਇੱਕ ਹੋਰ ਵੱਡਾ ਕਾਰਨ ਉਸ ਫ਼ਿਲਮ ਦੀ ਰੱਜ ਕੇ ਪ੍ਰਮੋਸ਼ਨ ਕਰਨਾ ਵੀ ਬੀਤੇ ਕੁਝ ਸਾਲਾਂ ’ਚ ਸ਼ਾਮਿਲ ਰਿਹਾ ਹੈ ਤੇ ਇਹੀ ਰੁਝਾਨ ਸਾਨੂੰ ਇਸ ਸਾਲ ਵੀ ਵੇਖਣ ਨੂੰ ਮਿਲ ਰਹੇ ਹਨ, ਪਰ ਜ਼ਰਾ ਵੱਖਰੇ ਅੰਦਾਜ਼ ’ਚ। ਪੰਜਾਬੀ ਫ਼ਿਲਮਸਾਜ਼ਾਂ ਨੇ ਇਸ ਵਾਰ ਫ਼ਿਲਮਾਂ ਦੀ ਪ੍ਰਮੋਸ਼ਨ ਦੇ ਵੱਖੋ ਵੱਖਰੇ ਢੰਗ ਤਰੀਕੇ ਇਖ਼ਤਿਆਰ ਕਰ ਲਏ ਹਨ। ਹਾਲਾਂਕਿ ਪ੍ਰਮੋਸ਼ਨ ਦੇ ਇਹ ਢੰਗ ਤਰੀਕੇ ਹਾਲੀਵੁੱਡ ਤੇ ਬਾਲੀਵੁੱਡ ’ਚ ਕਾਫ਼ੀ ਦੇਰ ਤੋਂ ਕੀਤੇ ਜਾ ਰਹੇ ਸਨ ਪਰ ਇਸ ਵਾਰ ਇਹ ਤਜੁਰਬੇ ਪੰਜਾਬੀ ਫ਼ਿਲਮਾਂ ਲਈ ਵੀ ਕੀਤੇ ਜਾ ਰਹੇ ਹਨ। ਇਸ ਸਾਲ ਹੁਣ ਤਕ ਦੋ-ਤਿੰਨ ਅਜਿਹੀਆਂ ਫ਼ਿਲਮਾਂ ਸਾਹਮਣੇ ਆਈਆਂ ਹਨ ਜਿੰਨ੍ਹਾਂ ਨੇ ਪ੍ਰਮੋਸ਼ਨ ਦੇ ਹਵਾਲੇ ਤੋਂ ਕੁਝ ਵੱਖਰਾ ਕਰਨ ਦੀ ਹਿੰਮਤ ਕੀਤੀ ਹੈ। ਇੰਨ੍ਹਾਂ ਵਿੱਚ ਸਭ ਤੋਂ ਪਹਿਲਾਂ ਨਿਰਦੇਸ਼ਕ ਅਨੁਰਾਗ ਸਿੰਘ ਦੀ ਫ਼ਿਲਮ ਡਿਸਕੋ ਸਿੰਘ ਸ਼ਾਮਿਲ ਹੈ, ਜਿਸਨੇ ਪ੍ਰਮੋਸ਼ਨ ਦੇ ਹਵਾਲੇ ਤੋਂ ਨਵੇਂ ਟਰੇਂਡ ਸਾਹਮਣੇ ਲੈ ਕੇ ਆਉਂਦੇ ਹਨ। ਰੰਗ ਬਿਰੰਗੀਆਂ ਤੇ ਵੱਡੀਆਂ – ਵੱਡੀਆਂ ਐਨਕਾਂ ਦੀ ਗੱਲ ਹੋਵੇਂ ਜਾ ਫਿਰ ਦਿੱਲ ਖਿੱਚਵੀਆਂ ਪੰਚ ਲਾਈਨਾਂ ਹੋਣ, ਦਿਲਜੀਤ ਦੀ ਜਾਤੀ ਦਿਲਚਸਪੀ ਇੰਨ੍ਹਾਂ ਪ੍ਰਮੋਸ਼ਨ ਦੀਆਂ ਕੋਸ਼ਿਸ਼ਾਂ ’ਚ ਸਾਫ਼ ਨਜ਼ਰ ਆਉਂਦੀ ਹੈ। ਇਹ ਸਭ ਲੋਕਾਂ ਖਾਸ ਕਰ ਨੌਜਵਾਨ ਦਰਸ਼ਕ ਵਰਗ ਦੇ ਦਿਲ-ਓ-ਦਿਮਾਗ ’ਤੇ ਅਸਰ ਕਰਨ ਵਿੱਚ ਵੀ ਕਿਤੇ ਨਾ ਕਿਤੇ ਸਫ਼ਲ ਸਾਬਤ ਹੋਈਆਂ ਹਨ। ਇਸ ਤੋਂ ਬਾਅਦ ਗੱਲ ਆਉਂਦੀ ਹੈ ਨਿਰਦੇਸ਼ਕ ਰੋਹਿਤ ਜੁਗਰਾਜ ਦੀ ਫ਼ਿਲਮ ਜੱਟ

ਜੇਮਜ਼ ਬੌਂਡ ਦੀ। ਜੱਟ ਜੇਮਜ਼ ਬੌਂਡ ਦੇ ਹਵਾਲੇ ਤੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੰਜਾਬੀ ਫ਼ਿਲਮ ਦੀ 3 ਡੀ ਗੇਮ ਬਣੀ ਹੋਵੇ। ਪ੍ਰਮੋਸ਼ਨ ਦੇ ਨਜ਼ਰੀਏ ਤੋਂ ਇਸ ਤਰ੍ਹਾਂ ਦਾ ਇੱਕ ਨਿਵੇਕਲਾ ਕਦਮ ਚੰਡੀਗੜ੍ਹ ਦੀ ਪਰੀਂਦੇ ਨਾਮ ਦੀ ਇੱਕ ਪੀ ਆਰ ਕੰਪਨੀ ਨੇ ਚੁੱਕਿਆ ਹੈ। ਇਸ ਗੇਮ ਨੂੰ ਐਂਡਰਾਇਡ ਸਮਾਰਫੋਨਾਂ ਤੇ ਡਾਉਨਲੋਡ ਕਰਕੇ ਖੇਡਿਆ ਜਾ ਸਕਦਾ ਹੈ ਜਿਸ ਵਿੱਚ ਅਦਾਕਾਰ ਗਿੱਪੀ ਗਰੇਵਾਲ ਨਜ਼ਰੀ ਆਉਂਦੇ ਹਨ। ਬੱਚਿਆਂ ਤੋਂ ਲੈ ਕੇ ਨੌਜਵਾਨ ਵਰਗ ਤਕ ਇਸ ਗੇਮ ਨੇ ਚੰਗੀ ਚਰਚਾ ਬਣਾਕੇ ਰੱਖੀ ਹੈ। ਹੁਣ ਗੱਲ ਇਸ ਸਾਲ ਦੀ ਤੀਸਰੀ ਅਜਿਹੀ ਫ਼ਿਲਮ ਦੀ ਜਿਸਨੇਂ ਪ੍ਰਮੋਸ਼ਨ ਦੇ ਨਾਮ ’ਤੇ ਕੁੱਝ ਵੱਖਰਾ ਤੇ ਨਵਾਂ ਕੀਤਾ ਹੈ। ਇਹ ਫ਼ਿਲਮ ਹੈ ਇਸ ਸ਼ੁੱਕਰਵਾਰ ਰੀਲੀਜ਼ ਹੋਈ ਰੋਮੀਓ ਰਾਂਝਾ। ਨਿਰਦੇਸ਼ਕ ਨਵਨੀਅਤ ਸਿੰਘ ਦੀ ਇਸ ਫ਼ਿਲਮ ’ਚ ਮੁੱਖ ਅਦਾਕਾਰ ਹਨ ਜੈਜ਼ੀ ਬੀ ਅਤੇ ਗੈਰੀ ਸੰਧੂ। ਇਸ ਫ਼ਿਲਮ ਦੀ ਪ੍ਰਮੋਸ਼ਨ ਨਾਲ ਜੁੜਿਆ ਇੱਕ ਨਵੇਕਲਾ ਪਹਿਲੂ ਇਹ ਹੈ ਕਿ ਇਸ ਫ਼ਿਲਮ ਦੇ ਲਈ ਪਰੀਂਦੇ ਕੰਪਨੀ ਨੇ ਜੈਜ਼ੀ ਤੇ ਗੈਰੀ ਦੇ ਪਪੇਟਸ ਤਿਆਰ ਕੀਤੇ ਹਨ। ਗੱਤੇ ਦੇ ਬਣੇ ਇਹਨਾਂ ਕਾਗਜ਼ੀ ਬੁੱਤਾਂ (ਪਪੇਟਸ) ਨੂੰ ਪ੍ਰਮੋਸ਼ਨਲ ਟੂਰ ਦੇ ਦੌਰਾਨ ਸਟੇਜਾਂ ’ਤੇ ਵੀ ਇਸਤੇਮਾਲ ਕੀਤਾ ਗਿਆ ਤੇ ਦਰਸ਼ਕਾਂ ਨੂੰ ਵੀ ਤੋਹਫ਼ੇ ਦੇ ਤੌਰ ’ਤੇ ਪੇਸ਼ ਕੀਤਾ ਗਿਆ।
ਵਿਦਿਅਕ ਅਦਾਰਿਆਂ ’ਚ ਤਾਂ ਪੰਜਾਬੀ ਫ਼ਿਲਮਾਂ ਦੀ ਟੀਮ ਅਕਸਰ ਹੀ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਪ੍ਰਮੋਸ਼ਨ ਲਈ ਪੁੱਜ ਜਾਂਦੀ ਹੈ। ਇਸ ਮਾਮਲੇ ’ਚ ਵਿਦਿਅਕ ਅਦਾਰਿਆਂ ਨਾਲ ਜੁੜੇ ਲੋਕਾਂ ਦਾ ਆਪਣਾ ਸਵਾਰਥ ਵੀ ਸ਼ਾਮਿਲ ਹੁੰਦਾ ਹੈ, ਤਾਂ ਜੋ ਉਹਨਾਂ ਦੇ ਅਦਾਰਿਆਂ ਦੀ ਵੀ ਕਲਾਕਾਰਾਂ ਕਰਕੇ ਮਸ਼ਹੂਰੀ ਹੋ ਸਕੇ। ਧਾਰਮਿਕ ਸਥਾਨ ਖ਼ਾਸ ਤੌਰ ’ਤੇ ਸ਼੍ਰੀ ਦਰਬਾਰ ਸਾਹਿਬ ਦਾ ਦੌਰਾ ਅਤੇ ਫ਼ੇਰ ਹੱਥ ਜੋੜ ਕੇ ਮੀਡਿਆ ’ਚ ਤਸਵੀਰਾਂ ਦਾ ਆਉਣਾ, ਸ਼ੋਪਿੰਗ ਮਾਲਜ਼, ਸੋਸ਼ਲ ਨੈਟਵਰਕਿੰਗ ਸਾਈਟਸ ਖ਼ਾਸ ਤੌਰ ’ਤੇ ਫੇਸਬੁੱਕ ਅਤੇ ਯੂ ਟਿਉਬ ’ਤੇ ਪ੍ਰਮੋਸ਼ਨ ਤੋਂ ਲੈ ਕੇ ਸੜਕਾਂ ਦੇ ਆਲੇ ਦੁਆਲੇ ਵੱਡੇ ਵੱਡੇ ਫਲੈਕਸ ਬੋਰਡ, ਮੀਡਿਆ ਅਦਾਰਿਆਂ ’ਚ ਫ਼ਿਲਮੀ ਕਲਾਕਾਰਾਂ ਦਾ ਦੌਰਾ, ਮੀਡਿਆ ’ਚ ਆਉਣ ਵਾਲੀਆਂ ਫ਼ਿਲਮਾਂ ਸਬੰਧੀ ਲੇਖ ਤੇ ਇੰਟਰਵੀਉ ਆਦਿ ਰਾਹੀਂ ਪ੍ਰਮੋਸ਼ਨ, ਟਰਾਂਸਪੋਰਟ ਪ੍ਰਮੋਸ਼ਨ, ਬਿਜ਼ਨਸ ਟਾਈ-ਅਪਸ, ਡਿਜਿਟਲ ਪੋਸਟਰ, ਫ਼ਿਲਮ ਮੇਕਿੰਗ ਦੀ ਵੀਡਿਓ, ਗਾਣਿਆਂ ਦੀ ਕਾੱਲਰ ਟਿਉਨਜ਼ ਆਦਿ।
ਫ਼ਿਲਮਾਂ ਦੀ ਪ੍ਰਮੋਸ਼ਨ ਲਈ ਅੱਜ ਫ਼ਿਲਮਾਂ ਨਾਲ ਜੁੜੇ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਹਰ ਇੱਕ ਉਹ ਸੰਭਵ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਉਹਨਾਂ ਦੀ ਆਉਣ ਵਾਲੀ ਫ਼ਿਲਮ ਦਾ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ। ਪਰ ਇਹਨਾਂ ਫ਼ਿਲਮਾਂ ਦੀ ਪ੍ਰਮੋਸ਼ਨ ਲਈ ਹੁਣ ਖਾਸ ਤੌਰ ’ਤੇ ਪ੍ਰਮੋਸ਼ਨ ਨਾਲ ਜੁੜੀਆਂ ਪ੍ਰੋਫੈਸ਼ਨਲ ਕੰਪਨੀਆਂ ਵੀ ਸਾਹਮਣੇ ਆ ਰਹੀਆਂ ਹਨ ਜਿੰਨਾ ਚੋਂ ਇੱਕ ਹੈ ਪਰੀਂਦੇ, ਇਸ ਕੰਪਨੀ ਦੇ ਸੰਚਾਲਕ ਹਨ ਪ੍ਰਭਜੋਤ ਕੌਰ ਮਹੰਤ। ਢਾਬਿਆਂ ਤੋਂ ਲੈ ਕੇ ਬਜ਼ਾਰਾਂ ਤੱਕ ਅਤੇ ਵਿਦੇਸ਼ਾਂ ਦੇ ਡਿਪਾਰਟਮੈਂਟਲ ਸਟੋਰਜ਼ ਤੋਂ ਲੈ ਕੇ ਇਨਸਟਾਗਰਾਮਜ਼ ਦੀ ਵੀਡਿਓਜ਼ ਤੱਕ ਫ਼ਿਲਮਾਂ ਦੀ ਖ਼ੂਬ ਪ੍ਰਮੋਸ਼ਨ ਹੋ ਰਹੀ ਹੈ। ਫ਼ਿਲਮਾਂ ਦੀ ਪ੍ਰਮੋਸ਼ਨ ਦੇ ਮਾਮਲੇ ’ਚ ਇਹਨਾਂ ਨਾਲ ਜੁੜੇ ਨਿਰਮਾਤਾ, ਨਿਰਦੇਸ਼ਕ ਤੇ ਕਲਾਕਾਰ ਆਦਿ ਆਪਣੇ ‘‘ਮਾਲ’’ ਨੂੰ ਵੇਚਣ ’ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ।

Send this to a friend