ਭਵਾਨੀਗੜ੍ਹ, 18 ਸਤੰਬਰ (ਕ੍ਰਿਸ਼ਨ ਗਰਗ)- ਸਥਾਨਕ ਸ਼ਹਿਰ ਦੇ ਨਿਵਾਸੀ ਅਤੇ ਬੀ.ਐਸ.ਐਨ.ਐਲ ਵਿਚ ਕੰਮ ਕਰਦੇ ਇਕ ਅਧਿਕਾਰੀ ਦੀ ਡੇਂਗੂ ਨਾਲ ਮੌਤ ਹੋ ਜਾਣ ਕਾਰਨ ਸ਼ਹਿਰ ਵਿਚ ਜਿਥੇ ਡਰ ਅਤੇ ਸਹਿਮ ਦਾ ਮਹੋਲ ਪਾਇਆ ਜਾ ਰਿਹਾ ਹੈ ਉਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਿਚ ਸਿਹਤ ਵਿਭਾਗ ਅਤੇ ਪ੍ਰਸਾਸ਼ਨ ਪ੍ਰਤੀ ਸਖ਼ਤ ਰੋਸ ਵੀ ਪਇਆ ਗਿਆ। ਬੀਤੇ ਦਿਨ ਡੇਂਗੂ ਨਾਲ ਮੌਤ ਦਾ ਸ਼ਿਕਾਰ ਹੋਏ ਬੀ.ਐਸ.ਐਨ.ਐਲ ਵਿਭਾਗ ਵਿਚ ਬਤੌਰ ਜੂਨੀਅਰ ਇੰਜੀਨੀਅਰ ਸੁਰਿੰਦਰ ਕੁਮਾਰ ਸ਼ਰਮਾ ਦੇ ਪੁੱਤਰ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਪਹਿਲਾਂ ਬੁਖਾਰ ਦੀ ਸ਼ਿਕਾਇਤ ਹੋਣ ‘ਤੇ ਉਨ੍ਹਾਂ ਆਪਣੇ ਪਿਤਾ ਨੂੰ ਸਥਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿਥੇ ਹਾਲਤ ਜ਼ਿਆਦਾ ਵਿਗੜਦੀ ਦੇਖ ਫਿਰ ਉਨ੍ਹਾਂ ਵੱਲੋਂ ਆਪਣੇ ਪਿਤਾ ਨੂੰ ਇਲਾਜ ਲਈ ਪੰਚਕੁਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਡੇਂਗੂ ਦੀ ਜਕੜ ਜ਼ਿਆਦਾ ਹੋਣ ਕਾਰਨ ਪਲੇਅਲੈਟਸ ਜ਼ਿਆਦਾ ਘੱਟ ਜਾਣ ਕਾਰਨ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਪ੍ਰਤੀ ਸਖਤ ਰੋਸ ਜਾਹਿਰ ਕਰਦਿਆਂ ਕਿਹਾ ਕਿ ਸਥਾਨਕ ਸ਼ਹਿਰ ਵਿਚ ਹਰ ਸਾਲ ਡੇਂਗੂ ਨਾਲ ਇਕ ਜਾ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੇ ਬਾਵਜੂਦ ਵੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਜਿਸ ਕਰਕੇ ਹੀ ਇਥੇ ਡੇਂਗੂ ਨਾਲ ਮੌਤਾਂ ਦਾ ਦੌਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੁਰਿੰਦਰ ਕੁਮਾਰ ਦੀ ਇਸੇ ਮਹੀਨੇ 30 ਤਾਰੀਖ ਨੂੰ ਬੀ.ਐਸ.ਐਨ.ਐਲ ਵਿਚੋਂ ਸੇਵਾ ਮੁਕਤੀ ਸੀ। ਜਿਸ ਨੂੰ ਲੈ ਕੇ ਸਾਰਾ ਪਰਿਵਾਰ ਤਿਆਰੀਆਂ ਵਿਚ ਜੁਟਿਆ ਹੋਇਆ ਸੀ। ਡੇਂਗੂ ਨਾਲ ਹੋਈ ਮੌਤ ਨੂੰ ਲੈ ਕੇ ਆਮ ਲੋਕਾਂ ਵਿਚ ਵੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ।