June 17, 2026 9:36 am

ਸਮਰਾਲਾ ‘ਚੋਂ ਤਿੰਨ ਨਾਬਾਲਗ ਬੱਚੇ ਹੋਏ ਗਾਇਬ

ਸਮਰਾਲਾ, 18 ਸਤੰਬਰ (ਕਮਲਜੀਤ)-ਸ਼ਹਿਰ ਵਿੱਚੋਂ 15 ਸਾਲ ਦੀ ਇੱਕ ਲੜਕੀ ਸਮੇਤ ਤਿੰਨ ਨਾਬਾਲਗ ਬੱਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਤੋਂ ਬਾਅਦ ਸ਼ਹਿਰ ਵਾਸੀ ਸਹਿਮ ਦੇ ਮਾਹੌਲ ਵਿੱਚ ਹਨ। ਲਾਪਤਾ ਬੱਚਿਆਂ ਦੇ ਮਾਪਿਆਂ ਵੱਲੋਂ ਸਥਾਨਕ ਪੁਲਸ ਸਟੇਸ਼ਨ ਵਿੱਚ ਇਨ੍ਹਾਂ ਬੱਚਿਆਂ ਬਾਰੇ ਇਤਲਾਹ ਦੇਣ ਤੋਂ ਬਾਅਦ ਐੱਸ.ਐੱਚ.ਓ. ਦੀ ਅਗਵਾਈ ਵਿੱਚ ਸਪੈਸ਼ਲ ਪੁਲਸ ਟੀਮ ਸਰਗਰਮੀ ਨਾਲ ਬੱਚਿਆਂ ਦੀ ਭਾਲ ਵਿੱਚ ਜੁਟ ਗਈ ਹੈ। ਜਾਣਕਾਰੀ ਅਨੁਸਾਰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਛੇਵੀਂ ਅਤੇ ਸੱਤਵੀਂ ਜਮਾਤ ਵਿੱਚ ਪੜ੍ਹਨ ਵਾਲੇ ਬੰਟੀ (11) ਪੁੱਤਰ ਅਬਦੁਲ ਯਾਸੀਨ ਵਾਸੀ ਚਾਵਾ ਰੋਡ ਅਤੇ ਮਨੋਜ ਕੁਮਾਰ (10) ਪੁੱਤਰ ਵਿਜੇ ਕੁਮਾਰ ਵਾਸੀ ਪਪੜੌਦੀ ਰੋਡ ਕੱਲ੍ਹ ਸਵੇਰੇ 8 ਵਜੇ ਸਕੂਲ ਗਏ, ਪਰ ਛੁੱਟੀ ਤੋਂ ਬਾਅਦ ਘਰ ਨਹੀਂ ਪਰਤੇ। ਇਹ ਦੋਵੇਂ ਲੜਕੇ ਆਪਸ ਵਿੱਚ ਦੋਸਤ ਹਨ ਅਤੇ ਹਰ ਰੋਜ਼ ਇਕੱਠੇ ਖੇਡਣ ਵੀ ਜਾਂਦੇ ਸਨ। ਹਾਲੇ ਇਨਾਂ ਬੱਚਿਆਂ ਦੀ ਤਾਲਾਸ਼ ਕੀਤੀ ਹੀ ਜਾ ਰਹੀ ਸੀ ਕਿ ਸ਼ਾਮ ਵੇਲੇ 15 ਸਾਲਾ ਲੜਕੀ ਮਹਿਕ ਰਾਣੀ ਜੋ ਕਿ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿਖੇ ਰਹਿੰਦੀ ਹੈ, ਉਹ ਵੀ ਭੇਦਭਰੀ ਹਾਲਤ ਵਿੱਚ ਗਾਇਬ ਹੋ ਗਈ। ਇਸ ਤੋਂ ਬਾਅਦ ਦੇਰ ਰਾਤ ਪੁਲਸ ਨੂੰ ਮਾਮਲੇ ਦੀ ਇਤਲਾਹ ਦਿੱਤੀ ਗਈ ਅਤੇ ਪੁਲਸ ਬੱਚਿਆਂ ਦੀ ਭਾਲ ਵਿੱਚ ਜੁਟ ਗਈ। ਇਨ੍ਹਾਂ ਤਿੰਨਾਂ ਨਾਬਾਲਗ ਬੱਚਿਆਂ ਦੇ ਗਾਇਬ ਹੋਣ ਪਿੱਛੇ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਸਵੇਰ ਵੇਲੇ ਗਾਇਬ ਹੋਏ ਦੋਵੇਂ ਲੜਕੇ ਅਤੇ ਸ਼ਾਮ ਨੂੰ ਗਾਇਬ ਹੋਣ ਵਾਲ਼ੀ ਲੜਕੀ ਤਿੰਨ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ ਹਨ। ਲਾਪਤਾ ਹੋਏ ਮਨੋਜ ਦੇ ਪਿਤਾ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਗੱਲ ਦਾ ਉਨ੍ਹਾਂ ਨੂੰ ਅੱਜ ਹੀ ਪਤਾ ਲੱਗਿਆ ਹੈ ਕਿ ਲਾਪਤਾ ਹੋਈ ਲੜਕੀ ਮਹਿਕ ਅਤੇ ਉਸਦਾ ਬੇਟਾ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਸ਼ਾਮ ਵੇਲੇ ਉਸਦਾ ਬੇਟਾ ਮਨੋਜ ਤੇ ਉਸਦਾ ਦੋਸਤ ਬੰਟੀ ਮਹਿਕ ਦੇ ਘਰ ਖੇਡਣ ਜਾਇਆ ਕਰਦੇ ਸਨ। ਓਧਰ ਇਸ ਮਾਮਲੇ ‘ਚ ਐੱਸ.ਐੱਚ.ਓ. ਸਮਰਾਲਾ ਸਿਕੰਦਰ ਸਿੰਘ ਨੇ ਗੱਲ ਕਰਦੇ ਹੋਏ ਦੱਸਿਆ ਕਿ ਬੱਚਿਆਂ ਦੀ ਭਾਲ ਲਈ ਪੁਲਸ ਪੂਰੀ ਮੁਸਤੈਦੀ ਨਾਲ ਜੁਟੀ ਹੋਈ ਹੈ ਅਤੇ ਪੁਲਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਮਹਿਕ ਕੋਲ ਮੋਬਾਈਲ ਫ਼ੋਨ ਵੀ ਸੀ, ਜਿਸ ਦੀ ਲੋਕੇਸ਼ਨ ਚੈੱਕ ਕੀਤੀ ਜਾ ਰਹੀ ਹੈ।

Send this to a friend