‘ਕਾਂਗਰਸ’ ਅਤੇ ‘ਆਪ’ ਦੀ ਕਰਾਰੀ ਹਾਰ, ਡਾ. ਮਨਮੋਹਨ ਸਿੰਘ ਵੱਲੋਂ ਅਸਤੀਫ਼ਾ ਅੱਜ, ਮੋਦੀ 21 ਨੂੰ ਲੈਣਗੇ ਹਲਫ਼
ਨਵੀਂ ਦਿੱਲੀ, 16 ਮਈ (ਪੀ.ਟੀ. ਬਿਊਰੋ)-16ਵੀਂ ਲੋਕ ਸਭਾ ਲਈ ਹੋਈਆਂ ਆਮ ਚੋਣਾਂ ਦੇ ਸਿਆਸੀ ਮੁਕਾਬਲੇ ’ਚ ਭਾਰਤੀ ਜਨਤਾ ਪਾਰਟੀ ਵੱਡੀ ਪਾਰਟੀ ਬਣ ਕੇ ਉਭਰੀ ਹੈ ਅਤੇ ਉਸਨੂੰ ਇਕਲੇ ਤੋਰ ’ਤੇ ਸਪਸ਼ਟ ਬਹੁਮੱਤ ਪ੍ਰਾਪਤ ਹੋ ਗਿਆ ਹੈ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਆਹੁਦੇ ਦੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐੱਨ.ਡੀ.ਏ. ਨੂੰ 316 ਤੋਂ ਵੱਧ ਸੀਟਾਂ ਮਿਲਣ ਦੀ ਉਮੀਦ ਹੈ। ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੱਤਾ ਦੀ ਇਸ ਲੜਾਈ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਨਿਰਾਸ਼ਾ ਹੀ ਹੱਥ ਲੱਗੀ ਹੈ। ਕਾਂਗਰਸ ਨੇ ਚੋਣਾਂ ਵਿੱਚ ਆਪਣੀ ਹਾਰ ਮੰਜੂਰ ਕਰ ਲਈ ਹੈ। ਆਪ ਨੂੰ ਪੰਜਾਬ ਤੋਂ ਇਲਾਵਾ ਹੋਰ ਕਿਧਰੇ ਵੀ ਹੁੰਗਾਰਾ ਨਹੀਂ ਮਿਲਿਆ। ਸ੍ਰੀ ਅਰਵਿੰਦ ਕੇਜਰੀਵਾਲ ਖੁੱਦ ਵਾਰਾਨਸੀ ਤੋਂ ਚੋਣ ਹਾਰ
ਗਏ ਹਨ। ਕਾਂਗਰਸ ਦੇ ਉੱਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਮੇਠੀ ਤੋਂ ਮੁੜ ਚੋਣ ਜਿੱਤ ਗਏ ਹਨ ਪ੍ਰੰਤੂ ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਂਗਰਸ ਦੇ ਵੱਡੇ ਆਗੂ ਅਤੇ ਕੇਂਦਰੀ ਮੰਤਰੀ ਵੀ ਚੋਣ ਨਹੀਂ ਜਿੱਤ ਸਕੇ। ਚੋਣ ਨਤੀਜਿਆਂ ਤੋਂ ਫੋਰੀ ਬਾਅਦ ਭਾਜਪਾ ਨੇ ਕੇਂਦਰ ਵਿੱਚ ਨਵੀਂ ਸਰਕਾਰ ਬਣਾਉਣ ਲਈ ਸਰਗਰਮੀ ਤੇਜ਼ ਕਰ ਦਿੱਤੀ ਹੈ। ਭਾਜਪਾ ਬੇਸ਼ਕ ਇਕੱਲੇ ਤੋਰ ’ਤੇ ਬਹੁਮੱਤ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ ਪ੍ਰੰਤੂ ਉਸ ਵੱਲੋਂ ਆਪਣੇ ਗੱਠਜੋੜ ਸਹਿਯੋਗੀਆਂ ਨਾਲ ਰੱਲ ਕੇ ਹੀ ਸਰਕਾਰੀ ਬਣਾਈ ਜਾਵੇਗੀ। ਇਸ ਸਬੰਧੀ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਰਾਜ ਨਾਥ ਸਿੰਘ ਪਹਿਲਾਂ ਹੀ ਐਲਾਨ ਕਰ ਚੁਕੇ ਹਨ। ਭਾਜਪਾ ਨੂੰ ਦਿੱਲੀ ਸਟੇਟ ਦੀਆਂ ਸੱਤੇ ਸੀਟਾਂ ਤੋਂ ਜਿੱਤ ਹਾਸਿਲ ਹੋਈ ਹੈ। ਭਾਜਪਾ ਦੀ ਪੂਰੇ ਦੇਸ਼ ਵਿੱਚ ਫੈਲੀ ਲਹਿਰ ਨੇ ਖੇਤਰੀ ਪਾਰਟੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਨਤੀਜਿਆਂ ਨਾਲ ਕਾਂਗਰਸ ਦੇ ਨੌਜਵਾਨ ਉੱਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀਆਂ ਖਾਹਸ਼ਾ ਧਰੀਆਂ ਹੀ ਰਹੀ ਗਈਆਂ ਹਨ। ਕਾਂਗਰਸ ਲਈ ਸਿਆਸੀ ਤੋਰ ਤੇ ਇਹ ਸਭ ਤੋਂ ਬੁਰਾ ਸਮਾਂ ਹੈਂ। ਐਮਰਜੰਸੀ ਤੋਂ ਬਾਅਦ ਕਾਂਗਰਸ ਦੀ ਇਹ ਵੱਡੀ ਹਾਰ ਹੈ। 20 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੇਂਦਰ ਵਿੱਚ ਇਕ ਮਜ਼ਬੂਤ ਸਰਕਾਰ ਬਣਨ ਜਾ ਰਹੀ ਹੈ। ਰਾਜਸਥਾਨ, ਹਿਮਾਚਲ, ਪੰਜਾਬ, ਦਿੱਲੀ, ਯੂ.ਪੀ., ਅਸਾਮ ’ਚ ਭਾਜਪਾ ਨੂੰ ਵੱਡੀ ਜਿੱਤ ਮਿਲੀ ਹੈ। ਸ਼ਾਮ 7 ਵਜੇ ਤੱਕ ਪ੍ਰਾਪਤ ਅੰਕੜਿਆਂ ਮੁਤਾਬਿਕ ਐੱਨ.ਡੀ.ਏ. ਨੂੰ 326, ਕਾਂਗਰਸ ਨੂੰ 70 ਅਤੇ ਹੋਰਾਂ ਨੂੰ 147 ਸੀਟਾਂ ਮਿਲਦੀਆਂ ਨਜ਼ਰ ਆ ਰਹਿਆਂ ਹਨ। ਭਾਜਪਾ ਦੇ ਸੀਨੀਅਰ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਖਿਆ ਹੈ ਕਿ ਚੋਣਾਂ ਵਿੱਚ ਭਾਜਪਾ ਦੀ ਇਤਿਹਾਸਿਕ ਜਿੱਤ ਬਾਰੇ ਖੋਜ਼ ਹੋਣੀ ਚਾਹੀਦੀ ਹੈ। ਉਨ੍ਹਾਂ ਮੁਤਾਬਿਕ ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਕੁਸ਼ਾਸਨ ਕਾਰਨ ਹੀ ਭਾਜਪਾ ਨੂੰ ਇਹ ਜਿੱਤ ਮਿਲੀ ਹੈ। ਵੱਡੀ ਜਿੱਤ ਤੋਂ ਬਾਅਦ ਸ੍ਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡਿਆ ਰਾਹੀਂ ਇਹ ਆਖਿਆ ਹੈ ਕਿ ਭਾਰਤ ਜਿੱਤ ਗਿਆ ਹੈ ਅਤੇ ਚੰਗੇ ਦਿਨ ਆਉਣ ਵਾਲੇ ਹਨ। ਉਨ੍ਹਾਂ ਨੇ ਜਿੱਤ ਤੋਂ ਬਾਅਦ ਆਪਣੀ ਮਾਂ ਤੋਂ ਆਸ਼ੀਰਵਾਦ ਵੀ ਲਿਆ।
ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਤੋਂ ਬਾਅਦ ਏ. ਆਈ. ਏ. ਡੀ. ਐੱਮ. ਕੇ. ਨੂੰ 35 ਸੀਟਾਂ ਮਿਲਣ ਦੀ ਉਮੀਦ ਹੈ, ਜਦੋਂ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀ. ਐੱਮ. ਸੀ. ਨੂੰ 33 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।
ਇਨ੍ਹਾਂ ਤੋਂ ਇਲਾਵਾ ਬਾਕੀ ਰਾਸ਼ਟਰੀ ਪਾਰਟੀਆਂ ਦਹਾਈ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੀਆਂ।
ਸਿਰਫ ਸ਼ਿਵ ਸੈਨਾ ਨੇ 18 ਅਤੇ ਟੀ. ਡੀ. ਪੀ. ਨੇ 13 ਸੀਟਾਂ ‘ਤੇ ਲੀਡ ਹਾਸਲ ਕੀਤੀ ਹੋਈ ਹੈ, ਜਦੋਂ ਕਿ ਜਨਤਾ ਦਲ (ਯੂ) 2 ਸੀਟਾਂ, ਐੱਨ. ਸੀ. ਪੀ. 2 ਸੀਟਾਂ, ਸਪਾ 5 ਸੀਟਾਂ, ਸੀ. ਪੀ. ਆਈ. 2 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਬਹੁਜਨ ਸਮਾਜ ਪਾਰਟੀ ਦਾ ਇਨ੍ਹਾਂ ਚੋਣਾਂ ‘ਚ ਖਾਤਾ ਵੀ ਨਹੀਂ ਖੁੱਲ ਸਕਿਆ ਹੈ।