ਚੰਡੀਗੜ੍ਹ, 16 ਮਈ (ਪੀ.ਟੀ.)-ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਮਿਲੇ-ਜੁਲੇ ਰਹੇ ਹਨ। 13 ਹਲਕਿਆਂ ’ਚੋਂ 4 ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ, 2 ਹਲਕਿਆਂ ਵਿੱਚ ਭਾਰਤੀ ਜਨਤਾ ਪਾਰਟੀ, 4 ਹਲਕਿਆਂ ਵਿੱਚ ਆਮ ਆਦਮੀ ਪਾਰਟੀ ਅਤੇ 3 ਹਲਕਿਆਂ ਵਿੱਚ ਕਾਂਗਰਸ ਜੇਤੂ ਰਹੀ ਹੈ। ਪੰਜਾਬ ਦੇ ਸਭ ਤੋਂ ਚਰਚਿੱਤ ਹਲਕੇ ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਬਜ਼ੇ ਨੂੰ ਕਾਇਮ ਰਖਿਆ ਹੈ। ਇਸ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਸੱਖਤ ਮੁਕਾਬਲੇ ਦੌਰਾਨ ਕਾਂਗਰਸ ਦੇ ਸ੍ਰੀ ਮਨਪ੍ਰੀਤ ਬਾਦਲ ਤੋਂ ਜਿੱਤ ਗਏ ਹਨ। ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਚੋਟੀ ਦੇ ਆਗੂ ਸ੍ਰੀ ਅਰੁਨ ਜੇਤਲੀ ਨੂੰ ਹਰਾ ਕੇ ਅੰਮ੍ਰਿਤਸਰ ਤੋਂ ਚੋਣ ਜਿੱਤੇ ਹਨ ਪ੍ਰੰਤੂ ਉਨ੍ਹਾਂ ਦੀ ਧਰਮਪਤਨੀ ਸਾਬਕਾ ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ ਪਟਿਆਲਾ ਹਲਕੇ ’ਚ ਆਮ ਆਦਮੀ ਪਾਰਟੀ ਦੇ ਧਰਮਵੀਰ ਗਾਂਧੀ
ਤੋਂ ਹਾਰ ਗਏ ਹਨ। ਅਕਾਲੀ ਦਲ ਦੇ ਉੱਚ ਆਗੂ ਸ੍ਰੀ ਸੁਖਦੇਵ ਸਿੰਘ ਢੀਂਡਸਾ, ਬੀਬੀ ਪਰਮਜੀਤ ਕੌਰ ਗੁਲਸ਼ਨ, ਸ੍ਰੀ ਪਵਨ ਟੀਨੂੰ, ਸ੍ਰੀ ਮਨਪ੍ਰੀਤ ਇਯਾਲੀ ਚੋਣ ਹਾਰ ਗਏ ਹਨ, ਜਦੋਂ ਕਿ ਸ੍ਰੀ ਚੰਦੂਮਾਜਰਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਸ਼ੇਰ ਸਿੰਘ ਘੋਬਾਇਆ ਫਿਰੋਜ਼ਪੁਰ ਤੋਂ, ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਖਡੂਰ ਸਾਹਿਬ ਤੋਂ, ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਜੇਤੂ ਰਹੇ ਹਨ। ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸ੍ਰੀ ਰਵਨੀਤ ਬਿੱਟੂ ਲੁਧਿਆਣਾ ਤੋਂ, ਚੌਧਰੀ ਸੰਤੋਖ ਸਿੰਘ ਜਲੰਧਰ ਤੋਂ ਜੇਤੂ ਰਹੇ ਹਨ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣਾ ਖਾਤਾ ਖੋਲ ਰਿਹਾ ਹੈ ਅਤੇ 4 ਸੀਟਾਂ ’ਤੇ ਜਿੱਤ ਹਾਸਿਲ ਕੀਤੀ ਹੈ। ਆਪ ਵੱਲੋਂ ਸ੍ਰੀ ਭਗਵੰਤ ਮਾਨ ਸੰਗਰੂਰ ਤੋਂ, ਸ੍ਰੀ ਧਰਮਵੀਰ ਗਾਂਧੀ ਪਟਿਆਲਾ ਤੋਂ, ਸ੍ਰੀ ਹਰਿੰਦਰ ਸਿੰਘ ਖਾਲਸਾ ਫਤਹਿਗੜ੍ਹ ਸਾਹਿਬ ਤੋਂ, ਪ੍ਰੋ. ਸਾਧੂ ਸਿੰਘ ਫਰੀਦਕੋਟ ਤੋਂ ਜੇਤੂ ਰਹੇ ਹਨ। ਭਾਜਪਾ ਨੇ ਬੇਸ਼ਕ ਅੰਮ੍ਰਿਤਸਰ ਸੀਟ ਗਵਾਂ ਲਈ ਹੈ ਪ੍ਰੰਤੂ ਦੋ ਸੀਟਾਂ ਉੱਪਰ ਜਿੱਤ ਪ੍ਰਾਪਤ ਕੀਤੀ ਹੈ। ਭਾਜਪਾ ਦੇ ਹੁਸ਼ਿਆਰਪੁਰ ਤੋਂ ਸ੍ਰੀ ਵਿਜੇ ਸਾਂਪਲਾ ਅਤੇ ਗੁਰਦਾਸਪੁਰ ਤੋਂ ਸ੍ਰੀ ਵਿਨੋਦ ਖੰਨਾ ਜੇਤੂ ਰਹੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਤੋਂ ਬੁਰੀ ਤਰ੍ਹਾਂ ਹਾਰ ਗਏ ਹਨ। ਇਨ੍ਹਾਂ ਚੋਣਾਂ ਵਿੱਚ ਸ਼ਹਿਰੀ ਵੋਟਰਾਂ ਨੇ ਅਕਾਲੀ ਭਾਜਪਾ ਗਠਜੋੜ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕਰ ਦਿੱਤੀ ਹੈ। ਕੁੱਲ ਮਿਲਾ ਕੇ ਪੰਜਾਬ ਵਿੱਚ ਚੋਣਾਂ ਦੇ ਨਤੀਜੇ ਅਕਾਲੀ ਦਲ ਅਤੇ ਕਾਂਗਰਸ ਲਈ ਇੱਕੋ ਜਿਹਾ ਸਬਕ ਛੱਡ ਗਏ ਹਨ। ਬਠਿੰਡਾ ਵਿੱਚ ਅਕਾਲੀ ਦਲ ਨੂੰ ਭਾਰੀ ਮੁਸ਼ਕੱਤ ਕਰਨ ਪਿਛੋਂ ਮਮੂਲੀ ਫਰਕ ਨਾਲ ਜਿੱਤ ਹਾਸਿਲ ਹੋਈ ਹੈ।