ਸਮਰਾਲਾ, 12 ਸਤੰਬਰ (ਕਮਲਜੀਤ)- ਲੁਧਿਆਣਾ-ਚੰਡੀਗੜ੍ਹ ਸੜਕ ਨੂੰ ਛੇ ਮਾਰਗੀ ਕਰਨ ਲਈ ਕੱਢੇ ਜਾ ਰਹੇ ਸਮਰਾਲਾ ਬਾਈਪਾਸ ’ਤੇ 40 ਤੋਂ ਵੱਧ ਪਿੰਡਾਂ ਦੇ ਲਾਂਘੇ ਲਈ ਪੁਲ ਲਗਾਏ ਜਾਣ ਦੀ ਮੰਗ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਦੇ ਹੋਏ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਸੰਘਰਸ਼ ਕਰ ਰਹੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਅਕਾਲੀ ਦਲ ਇਸ ਲੋਕ ਮਸਲੇ ਦੀ ਤਰਜਮਾਨੀ ਕਰਦੇ ਹੋਏ ਪੁਲ ਲਗਾਏ ਜਾਣ ਦੀ ਮੰਗ ਨੂੰ ਪੂਰਾ
ਕਰਵਾਏਗਾ। ਸ. ਭੂੰਦੜ ਨੇ ਇਲਾਕੇ ਦੀਆਂ ਜਥੇਬੰਦੀਆਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਲਾਂਘਾ ਬੰਦ ਹੋਣ ਦੇ ਖਿਲਾਫ਼ ਆਰੰਭੇ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਮਰਾਲਾ ਬਾਈਪਾਸ ’ਤੇ ਪੁਲ ਲਗਾਏ ਜਾਣ ਦੇ ਮਸਲੇ ਤੋਂ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨੂੰ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਕਿਹਾ ਹੈ ਕਿ ਇਸ ਸੜਕ ਤੋਂ ਲਾਂਘੇ ਲਈ ਪੁਲ ਬਣਾਉਣਾ ਬੇਹੱਦ ਜ਼ਰੂਰੀ ਹੈ। ਸ. ਭੂੰਦੜ ਨੇ ਕਿਹਾ ਕਿ ਸ਼੍ਰੀ ਗਡਕਰੀ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਹੈ ਕਿ ਪੁਲ ਤੋਂ ਬਿਨ੍ਹਾਂ ਇਲਾਕੇ ਦੇ ਚਾਲੀ ਤੋਂ ਵੱਧ ਪਿੰਡਾਂ ਦਾ ਸੰਪਰਕ ਸ਼ਹਿਰ ਨਾਲੋਂ ਟੁੱਟ ਜਾਵੇਗਾ ਅਤੇ ਇਸ ਦਾ ਖਾਮਿਆਜ਼ਾ ਸੈਂਕੜੇ ਪਿੰਡ ਵਾਸੀਆਂ ਤੋਂ ਇਲਾਵਾ ਸ਼ਹਿਰ ਦੇ ਦੁਕਾਨਦਾਰਾਂ ਅਤੇ ਸਕੂਲ-ਕਾਲਜ ਜਾਣ ਵਾਲ਼ੇ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰੀ ਸੜਕ ਮੰਤਰੀ ਸ਼੍ਰੀ ਗਡਕਰੀ ਵੱਲੋਂ ਹਾਈਵੇ ਅਥਾਰਿਟੀ ਕੋਲੋਂ ਇਸ ਸਮੁੱਚੇ ਕੰਮ ਦੀ ਰਿਪੋਰਟ ਮੰਗਵਾਈ ਗਈ ਹੈ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਕੁੱਝ ਦਿਨਾਂ ਵਿੱਚ ਹੀ ਇਸ ਮਸਲੇ ਦਾ ਸਥਾਈ ਤੌਰ ’ਤੇ ਹੱਲ ਹੋ ਜਾਵੇਗਾ। ਇਸ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਹਲਕੇ ਦੇ ਲੋਕਾਂ ਨਾਲ ਡਟ ਕ ਖੜ੍ਹੇ ਹਨ ਅਤੇ ਹੁਣ ਵੀ ਉਹ ਪੂਰੀ ਵਾਹ ਲਾ ਕੇ ਪਿੰਡਾਂ ਦੇ ਲਾਂਘੇ ਲਈ ਪੁਲ ਬਣਵਾਉਣ ਲਈ ਸ਼ੁਰੂ ਕੀਤੇ ਸੰਘਰਸ਼ ’ਚ ਸਭ ਤੋਂ ਮੂਹਰੇ ਹੋ ਕੇ ਸਾਥ ਦਿੰਦੇ ਹੋਏ ਹਲਕੇ ਲਈ ਆਪਣਾ ਫਰਜ਼ ਨਿਭਾਉਣਗੇ। ਪੁਲ ਦੀ ਮੰਗ ਨੂੰ ਲੈ ਕੇ ਚੱਲ ਰਹੀ ਲੜੀਵਾਰ ਭੁੱਖ ਹੜ੍ਹਤਾਲ ’ਚ ਅੱਜ ਪ੍ਰੀਤਮ ਸਿੰਘ, ਅਮਰਜੀਤ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ ਅਤੇ ਜਰਨੈਲ ਸਿੰਘ ਸ਼ਾਮਿਲ ਹੋਏ। ਅੱਜ ਦੇ ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ, ਸੰਤਾ ਸਿੰਘ ਉਮੈਦਪੁਰੀ, ਲਾਲਾ ਮੰਗਤ ਰਾਏ ਮਾਲਵਾ, ਸਤਵੀਰ ਸਿੰਘ ਸੇਖੋਂ, ਹਰਜਤਿੰਦਰ ਸਿੰਘ ਬਾਜਵਾ, ਸੁਰਿੰਦਰਪਾਲ ਸਿੰਘ ਢਿੱਲਂ, ਹਰਪ੍ਰੀਤ ਸਿੰਘ ਬਾਲਿਉਂ, ਸੰਘਰਸ਼ ਕਮੇਟੀ ਆਗੂ ਅਮਰਜੀਤ ਸਿੰਘ ਬਾਲਿਓਂ, ਸੰਤੋਖ ਸਿੰਘ ਨਾਗਰਾ, ਅਵਤਾਰ ਸਿੰਘ ਗਹਿਲੇਵਾਲ, ਮਿੱਤਰਪਾਲ ਸਿੰਘ ਲਵਲੀ, ਤੀਰਥ ਸਿੰਘ ਸਿਹਾਲਾ, ਜਥੇ. ਮਨਜੀਤ ਸਿੰਘ ਦੈਹਿੜੂ, ਗੁਰਪ੍ਰੀਤ ਸਿੰਘ ਲਾਡੀ ਅਤੇ ਨੀਰਜ ਸਿਹਾਲਾ ਆਦਿ ਹਾਜ਼ਰ ਸਨ।