ਕੋਟਕਪੂਰਾ, 10 ਸਤੰਬਰ (ਚਰਨਦਾਸ ਗਰਗ, ਸਤਨਾਮ ਸਿੰਘ)- ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਸੀਰ ਸੰਸਥਾ ਦੇ ਸਹਿਯੋਗ ਨਾਲ ਸਥਾਨਕ ਮਿਉਸਪਲ ਪਾਰਕ ਵਿਖੇ ‘ਘਰੇਲੂ ਬਗੀਚੀ’ ਵਿਸ਼ੇ ਦੇ ਸਬੰਧ ’ਚ ਕਰਵਾਏ ਗਏ ਸੈਮੀਨਾਰ ਦੌਰਾਨ ਭਾਰੀ ਗਿਣਤੀ ’ਚ ਜੁੜੇ ਮਰਦ-ਔਰਤਾਂ ਤੇ ਸੈਰ ਕਰਨ ਲਈ ਆਉਣ ਵਾਲੇ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਉੱਘੇ ਵਾਤਾਵਰਣ ਪ੍ਰੇਮੀ ਜਗਤਾਰ ਸਿੰਘ ਨੇ ਦੱਸਿਆ ਕਿ ਅੱਜ ਖੁਰਾਕ ਸਪਲਾਈ ਵਿਭਾਗ, ਸਿਹਤ ਵਿਭਾਗ, ਜਿਲਾ ਪ੍ਰਸ਼ਾਸ਼ਨ ਅਤੇ ਸਰਕਾਰਾਂ ਦੀ ਅਣਦੇਖੀ ਕਾਰਨ ਵਪਾਰੀ ਵਰਗ ਵਲੋਂ ਆਮ ਲੋਕਾਂ ਨੂੰ ਜਹਿਰੀਲੀਆਂ ਸਬਜੀਆਂ ਅਤੇ ਫਲ ਫਰੂਟ ਧੜਾਧੜ ਵੇਚੇ ਜਾ ਰਹੇ ਹਨ। ਉਨਾ ਦੱਸਿਆ ਕਿ ਜੇਕਰ ਅਸੀਂ ਆਪਣੇ ਘਰ ਅੰਦਰ ਜਾਂ ਛੱਤਾਂ ’ਤੇ ਸਬਜੀਆਂ ਸਮੇਤ ਨਿੱਤ ਵਰਤੋਂ ਵਾਲਾ ਹੋਰ ਨਿਕਸੁੱਕ ਤਿਆਰ ਕਰਨਾ ਸ਼ੁਰੂ ਕਰ ਦੇਈਏ ਤਾਂ ਅਨੇਕਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨਾਂ ਮੋਸਮੀ ਸਬਜੀਆਂ ਨੂੰ ਘਰ ਦੀਆਂ ਛੱਤਾਂ ’ਤੇ ਉਗਾਉਣ, ਬੀਜਣ ਤੋਂ ਪਹਿਲਾਂ ਪਲਾਸਟਿਕ ਦੇ ਕਰੇਟਾਂ ਜਾਂ ਹੋਰ ਅਜਿਹੇ ਸਾਧਨਾ ਦੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ ’ਚ ਲੱਗੀਆਂ ਸਬਜੀਆਂ ਜਾਂ ਫਲਾਂ ਦੇ ਬੂਟਿਆਂ ਦੀ ਸਾਂਭ ਸੰਭਾਲ ਕਰਨੀ ਕੋਈ ਬਹੁਤਾ ਔਖਾ ਕੰਮ ਨਹੀਂ। ਉਨਾਂ ਦੱਸਿਆ ਕਿ ਸਬਜੀਆਂ ਅਤੇ ਫਲ ਫਰੂਟ ਵੇਚਣ ਵਾਲਾ ਵਪਾਰੀ ਵਰਗ ਮਾਰੂ ਜ਼ਹਿਰਾਂ ਛਿੜਕ ਕੇ ਰਾਤੋ ਰਾਤ ਤਿਆਰ ਹੋਣ ਵਾਲੀਆਂ ਸਬਜੀਆਂ ਅਤੇ ਫਲਾਂ ਨੂੰ ਜਦੋਂ ਸਬਜੀ ਮੰਡੀ ’ਚ ਲੈ ਕੇ ਆਉਂਦਾ ਹੈ ਤਾਂ ਅਸੀਂ ਅਣਜਾਣਤਾ ਕਾਰਨ ਜਾਂ ਮਜਬੂਰੀਵੱਸ ਉਹ ਖਾਦ ਪਦਾਰਥ ਖਰੀਦ ਤਾਂ ਲੈਂਦੇ ਹਾਂ ਪਰ ਇਹ ਨਹੀਂ ਸਮਝਦੇ ਕਿ ਮਾਰੂ ਜ਼ਹਿਰਾਂ ਨਾਲ ਤਿਆਰ ਕੀਤੇ ਉਕਤ ਪਦਾਰਥ ਸਾਨੂੰ ਭਿਆਨਕ ਰੋਗਾਂ ਦਾ ਸ਼ਿਕਾਰ ਬਣਾ ਰਹੇ ਹਨ। ਅੰਤ ’ਚ ਜਗਤਾਰ ਸਿੰਘ ਨੇ ਪੁੱਛੇ ਗਏ ਸਾਰੇ ਸਵਾਲਾਂ ਦਾ ਜਵਾਬ ਵੀ ਸਰਲਭਾਸ਼ਾ ’ਚ ਦਿੱਤਾ। ਡਾ. ਐਸ.ਐਨ. ਸਿੰਗਲਾ ਨੇ ਸੁਝਾਅ ਦਿੱਤਾ ਕਿ ਜੇਕਰ ਜ਼ਹਿਰਾਂ ਛਿੜਕ ਕੇ ਤਿਆਰ ਕੀਤੇ ਫਲਾਂ ਜਾਂ ਸਬਜੀਆਂ ਨੂੰ ਨਮਕ ਵਾਲੇ ਪਾਣੀ ’ਚ 45 ਮਿੰਟ ਤੱਕ ਡੁਬੋ ਕੇ ਰੱਖਿਆ ਜਾਵੇ ਤਾਂ ਨਮਕਯੁਕਤ ਪਾਣੀ ਸਾਰੀ ਜ਼ਹਿਰ ਕੱਢਣ ਦੀ ਸਮਰੱਥਾ ਰੱਖਦਾ ਹੈ। ਕਲੱਬ ਦੇ ਪ੍ਰਧਾਨ ਗੁਰਬਚਨ ਸਿੰਘ ਟੋਨੀ ਨੇ ਜਗਤਾਰ ਸਿੰਘ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ।